ਗੁੰਮਰਾਹਕੁੰਨ ਇਸ਼ਤਿਹਾਰਬਾਜ਼ੀ 'ਤੇ ਵੱਡੀ ਕਾਰਵਾਈ: CCPA ਵੱਲੋਂ ਬ੍ਰਿਟਾਨੀਆ ਨੂੰ 1 ਲੱਖ ਰੁਪਏ ਦਾ ਜੁਰਮਾਨਾ
- ਦੇਸ਼
- (Asia/Kolkata)
ਕੇਂਦਰੀ ਉਪਭੋਗਤਾ ਸੁਰੱਖਿਆ ਅਥਾਰਟੀ (CCPA) ਨੇ ਉਪਭੋਗਤਾਵਾਂ ਨੂੰ ਗੁੰਮਰਾਹ ਕਰਨ ਦੇ ਦੋਸ਼ ਤਹਿਤ ਪ੍ਰਮੁੱਖ ਫੂਡ ਕੰਪਨੀ ਬ੍ਰਿਟਾਨੀਆ ਇੰਡਸਟਰੀਜ਼ ਲਿਮਟਿਡ 'ਤੇ 1 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਕੰਪਨੀ 'ਤੇ ਆਪਣੀ ਬ੍ਰੈੱਡ ਨੂੰ ‘100 ਫੀਸਦ ਹੋਲ ਵੀਟ ਬ੍ਰੈੱਡ’ ਦੱਸ ਕੇ ਪ੍ਰਚਾਰ ਕਰਨ ਦਾ ਦੋਸ਼ ਹੈ, ਜਦੋਂ ਕਿ ਅਸਲ ਤਿਆਰ ਉਤਪਾਦ ਵਿੱਚ ਕਣਕ ਦਾ ਆਟਾ ਮਹਿਜ਼ 62 ਫ਼ੀਸਦ ਦੇ ਕਰੀਬ ਹੀ ਸ਼ਾਮਲ ਸੀ। ਬੀਤੇ 22 ਅਕਤੂਬਰ ਨੂੰ ਜਾਰੀ ਕੀਤੇ ਗਏ ਹੁਕਮ ਵਿੱਚ ਉਪਭੋਗਤਾ ਸੰਸਥਾ ਨੇ ਕੰਪਨੀ ਨੂੰ ਪ੍ਰਿੰਟ, ਇਲੈਕਟ੍ਰੌਨਿਕ ਅਤੇ ਸੋਸ਼ਲ ਮੀਡੀਆ ਸਮੇਤ ਸਾਰੇ ਪਲੇਟਫਾਰਮਾਂ 'ਤੇ ਇਸ ਇਸ਼ਤਿਹਾਰ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕਰਨ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਬ੍ਰਿਟਾਨੀਆ ਨੂੰ ਆਦੇਸ਼ ਦਿੱਤਾ ਗਿਆ ਹੈ ਕਿ ਉਹ 15 ਦਿਨਾਂ ਦੇ ਅੰਦਰ-ਅੰਦਰ ਇਸਦੀ ਪਾਲਣਾ ਰਿਪੋਰਟ ਅਥਾਰਟੀ ਨੂੰ ਸੌਂਪੇ। ਖੁਦ ਲਿਆ ਗਿਆ ਸੀ ਮਾਮਲੇ ਦਾ ਨੋਟਿਸ ਅਥਾਰਟੀ ਵੱਲੋਂ ਉਤਪਾਦ ਦੇ ਮੁੱਖ ਦਾਅਵੇ ‘100 ਫੀਸਦ ਹੋਲ ਵੀਟ ਬ੍ਰੈੱਡ’ ਅਤੇ ਇਸਦੀ ਅਸਲ ਸਮੱਗਰੀ ਵਿਚਕਾਰ ਵੱਡਾ ਅੰਤਰ ਸਾਹਮਣੇ ਆਉਣ ਤੋਂ ਬਾਅਦ ਇਸ ਮਾਮਲੇ ਦਾ ਖ਼ੁਦ ਨੋਟਿਸ ਲਿਆ ਗਿਆ ਸੀ। ਜਾਂਚ ਵਿੱਚ ਸਾਹਮਣੇ ਆਇਆ ਕਿ ਬ੍ਰੈੱਡ ਵਿੱਚ ਲਗਪਗ 62 ਫ਼ੀਸਦ ਹੀ ਕਣਕ ਦਾ ਆਟਾ ਮੌਜੂਦ ਸੀ, ਜਦੋਂ ਕਿ ਬਾਕੀ ਹਿੱਸੇ ਵਿੱਚ ਪਾਣੀ, ਈਸਟ (ਖਮੀਰ), ਕਣਕ ਦੀ ਭੂਸੀ ਅਤੇ ਹੋਰ ਪਦਾਰਥ ਸ਼ਾਮਲ ਸਨ। ਕੰਪਨੀ ਦੀ ਦਲੀਲ ਨੂੰ ਕੀਤਾ ਗਿਆ ਖ਼ਾਰਜ ਸੁਣਵਾਈ ਦੌਰਾਨ ਬ੍ਰਿਟਾਨੀਆ ਨੇ ਆਪਣੀ ਸਫ਼ਾਈ ਵਿੱਚ ਦਲੀਲ ਦਿੱਤੀ ਸੀ ਕਿ ਇਹ ਦਾਅਵਾ ਬ੍ਰੈੱਡ ਵਿੱਚ ਵਰਤੇ ਗਏ ਆਟੇ ਨਾਲ ਸਬੰਧਤ ਸੀ ਅਤੇ ਉਤਪਾਦ ਵਿੱਚ ਮੈਦਾ ਨਹੀਂ ਵਰਤਿਆ ਗਿਆ। ਕੰਪਨੀ ਨੇ ਪੈਕਿੰਗ ਉੱਤੇ ਛੋਟੇ ਅੱਖਰਾਂ ਵਿੱਚ ਲਿਖੀ ਸ਼ਰਤ ਦਾ ਹਵਾਲਾ ਵੀ ਦਿੱਤਾ। ਹਾਲਾਂਕਿ, ਅਥਾਰਟੀ ਨੇ ਕੰਪਨੀ ਦੀ ਇਸ ਦਲੀਲ ਨੂੰ ਰੱਦ ਕਰਦਿਆਂ ਸਪੱਸ਼ਟ ਕੀਤਾ ਕਿ ਪੈਕੇਜਿੰਗ 'ਤੇ ਛੋਟੇ ਅੱਖਰਾਂ ਵਿੱਚ ਲਿਖੀ ਗਈ ਸ਼ਰਤ ਉਤਪਾਦ ਦੇ ਮੁੱਖ ਅਤੇ ਵੱਡੇ ਦਾਅਵੇ ਨੂੰ ਸਹੀ ਨਹੀਂ ਸਾਬਤ ਕਰ ਸਕਦੀ। ਅਥਾਰਟੀ ਨੇ ਫੂਡ ਸੇਫਟੀ ਦੇ ਨਿਯਮਾਂ ਦਾ ਹਵਾਲਾ ਦਿੰਦਿਆਂ ਯਾਦ ਕਰਵਾਇਆ ਕਿ ਕਿਸੇ ਵੀ ਉਤਪਾਦ ਨੂੰ ‘ਹੋਲ ਵੀਟ ਬ੍ਰੈੱਡ’ ਵਜੋਂ ਲੇਬਲ ਕਰਨ ਲਈ ਘੱਟੋ-ਘੱਟ 75 ਫ਼ੀਸਦ ਕਣਕ ਦਾ ਆਟਾ ਹੋਣਾ ਲਾਜ਼ਮੀ ਹੈ। ਇਸ ਤੋਂ ਇਲਾਵਾ FSSAI ਵੱਲੋਂ ਮਈ 2025 ਵਿੱਚ ਵੀ ਅਜਿਹੇ ਗੁੰਮਰਾਹਕੁੰਨ ਦਾਅਵਿਆਂ ਨੂੰ ਰੋਕਣ ਲਈ ਐਡਵਾਇਜ਼ਰੀ ਜਾਰੀ ਕੀਤੀ ਜਾ ਚੁੱਕੀ ਹੈ। ਅਥਾਰਟੀ ਨੇ ਚੇਤਾਵਨੀ ਦਿੱਤੀ ਹੈ ਕਿ ਖਾਣ-ਪੀਣ ਦੀਆਂ ਕੰਪਨੀਆਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਉਤਪਾਦਾਂ ਦੇ ਦਾਅਵੇ ਅਸਲ ਸਮੱਗਰੀ ਨਾਲ ਮੇל ਖਾਂਦੇ ਹੋਣ ਅਤੇ ਗਾਹਕਾਂ ਨੂੰ ਕਿਸੇ ਵੀ ਤਰ੍ਹਾਂ ਗੁੰਮਰਾਹ ਨਾ ਕਰਨ।
Leave a Reply