ਪੰਜਾਬ ਦੀ ਸਿਆਸਤ ’ਚ ਨਵਾਂ ਸਮੀਕਰਨ: ‘ਵਾਰਿਸ ਪੰਜਾਬ ਦੇ’, ‘ਪੁਨਰ ਸੁਰਜੀਤ’ ਤੇ ਬਸਪਾ ਵਿਚਾਲੇ ਗੱਠਜੋੜ ਲਗਪਗ ਤੈਅ, 26 ਨਵੰਬਰ ਨੂੰ ਹੋ ਸਕਦੈ ਐਲਾਨ

ਪੰਜਾਬ ਦੀ ਸਿਆਸਤ ’ਚ ਨਵਾਂ ਸਮੀਕਰਨ: ‘ਵਾਰਿਸ ਪੰਜਾਬ ਦੇ’, ‘ਪੁਨਰ ਸੁਰਜੀਤ’ ਤੇ ਬਸਪਾ ਵਿਚਾਲੇ ਗੱਠਜੋੜ ਲਗਪਗ ਤੈਅ, 26 ਨਵੰਬਰ ਨੂੰ ਹੋ ਸਕਦੈ ਐਲਾਨ

ਪੰਜਾਬ ਵਿੱਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬੇ ਦੀ ਸਿਆਸਤ ਵਿੱਚ ਇੱਕ ਨਵਾਂ ਗੱਠਜੋੜ ਹੋਂਦ ਵਿੱਚ ਆਉਂਦਾ ਦਿਖਾਈ ਦੇ ਰਿਹਾ ਹੈ। ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਪਾਰਟੀ ‘ਵਾਰਿਸ ਪੰਜਾਬ ਦੇ’, ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਅਤੇ ਬਹੁਜਨ ਸਮਾਜ ਪਾਰਟੀ (ਬਸਪਾ) ਵਿਚਾਲੇ ਚੋਣ ਗੱਠਜੋੜ ਲਗਪਗ ਤੈਅ ਹੋ ਗਿਆ ਹੈ। ਇਸ ਨਵੇਂ ਗੱਠਜੋੜ ਦਾ ਰਸਮੀ ਐਲਾਨ 26 ਨਵੰਬਰ ਨੂੰ ਫਿਲੌਰ ਵਿਖੇ ਹੋਣ ਵਾਲੀ ਬਸਪਾ ਦੀ ਰੈਲੀ ਦੌਰਾਨ ਕੀਤੇ ਜਾਣ ਦੀ ਸੰਭਾਵਨਾ ਹੈ। ਇਨ੍ਹਾਂ ਪਾਰਟੀਆਂ ਵੱਲੋਂ ਆਗਾਮੀ ਵਿਧਾਨ ਸਭਾ ਚੋਣਾਂ ਇਕੱਠਿਆਂ ਲੜਨ ਬਾਰੇ ਸਹਿਮਤੀ ਬਣ ਗਈ ਹੈ ਅਤੇ ਗੱਠਜੋੜ ਸਬੰਧੀ ਗੱਲਬਾਤ ਵੀ ਮੁਕੰਮਲ ਹੋ ਚੁੱਕੀ ਹੈ। ਫਰੀਦਕੋਟ ਮੀਟਿੰਗ ਵਿੱਚ ਬਣੀ ਚੋਣ ਰਣਨੀਤੀ ’ਤੇ ਸਹਿਮਤੀ ਇਸ ਸੰਭਾਵੀ ਗੱਠਜੋੜ ਨੂੰ ਲੈ ਕੇ ਫਰੀਦਕੋਟ ਵਿੱਚ ‘ਵਾਰਿਸ ਪੰਜਾਬ ਦੇ’ ਦੇ ਆਗੂਆਂ ਦੀ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਅਤੇ ਬਸਪਾ ਦੇ ਸੀਨੀਅਰ ਆਗੂ ਅਵਤਾਰ ਸਿੰਘ ਕਰੀਮਪੁਰੀ ਨਾਲ ਅਹਿਮ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਇਕੱਠਿਆਂ ਮੈਦਾਨ ਵਿੱਚ ਉਤਰਨ ਬਾਰੇ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ, ਜਿਸ ਮਗਰੋਂ ਜਲਦ ਹੀ ਇਸ ਦੇ ਰਸਮੀ ਐਲਾਨ ਦੀ ਉਮੀਦ ਜਤਾਈ ਜਾ ਰਹੀ ਹੈ। 2027 ਦੀਆਂ ਚੋਣਾਂ ਲਈ ਬਣਨਗੇ ਨਵੇਂ ਸਿਆਸੀ ਸਮੀਕਰਨ ਸਿਆਸੀ ਮਾਹਿਰਾਂ ਅਨੁਸਾਰ, ਇਸ ਸੰਭਾਵੀ ਗੱਠਜੋੜ ਨੂੰ ਪੰਜਾਬ ਦੀ ਸਿਆਸਤ ਵਿੱਚ ਇੱਕ ਮਹੱਤਵਪੂਰਨ ਘਟਨਾਕ੍ਰਮ ਵਜੋਂ ਦੇਖਿਆ ਜਾ ਰਿਹਾ ਹੈ। ਅੰਮ੍ਰਿਤਪਾਲ ਸਿੰਘ ਦੀ ਪਾਰਟੀ ‘ਵਾਰਿਸ ਪੰਜਾਬ ਦੇ’ ਨੇ ਸੂਬੇ ਵਿੱਚ ਆਪਣਾ ਸਿਆਸੀ ਆਧਾਰ ਬਣਾ ਲਿਆ ਹੈ ਅਤੇ ਇਸ ਪਾਰਟੀ ਨਾਲ ਗਰਮਖਿਆਲੀ ਸੋਚ ਰੱਖਣ ਵਾਲਾ ਵਰਗ ਤੇਜ਼ੀ ਨਾਲ ਜੁੜ ਰਿਹਾ ਹੈ। ਦੂਜੇ ਪਾਸੇ, ਬਸਪਾ ਦਾ ਪੰਜਾਬ ਦੇ ਦਲਿਤ ਭਾਈਚਾਰੇ ਵਿੱਚ ਮਜ਼ਬੂਤ ਆਧਾਰ ਹੈ, ਜਦੋਂਕਿ ਅਕਾਲੀ ਦਲ (ਪੁਨਰ ਸੁਰਜੀਤ) ਪੰਥਕ ਅਤੇ ਪੰਜਾਬ ਨਾਲ ਜੁੜੇ ਮੁੱਦਿਆਂ ਨੂੰ ਲੈ ਕੇ ਲਗਾਤਾਰ ਸਰਗਰਮ ਹੈ। ਇਨ੍ਹਾਂ ਧਿਰਾਂ ਦੇ ਇਕੱਠੇ ਆਉਣ ਨਾਲ 2027 ਦੀਆਂ ਚੋਣਾਂ ਵਿੱਚ ਨਵੇਂ ਸਿਆਸੀ ਸਮੀਕਰਨ ਉੱਭਰ ਸਕਦੇ ਹਨ। ਜ਼ਿਕਰਯੋਗ ਹੈ ਕਿ ਅਕਾਲੀ ਦਲ (ਪੁਨਰ ਸੁਰਜੀਤ) ਨੇ ਇਸ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ, ਪੰਥਕ ਸੰਸਥਾਵਾਂ ਅਤੇ ਹੋਰ ਸੰਗਠਨਾਂ ਨਾਲ ਮਿਲ ਕੇ 'ਸਾਂਝਾ ਪੰਜਾਬ ਮੋਰਚਾ' ਬਣਾਉਣ ਵਿੱਚ ਵੀ ਅਹਿਮ ਭੂਮਿਕਾ ਨਿਭਾਈ ਸੀ, ਜਿਸ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਇਕੱਠਿਆਂ ਲੜਨ ਦਾ ਐਲਾਨ ਕੀਤਾ ਸੀ। ਬਸਪਾ ਨਾਲ ਇਸ ਸੰਭਾਵੀ ਗੱਠਜੋੜ ਦਾ ਅਸਰ ਸੂਬੇ ਦੀਆਂ ਹੋਰਨਾਂ ਸਿਆਸੀ ਪਾਰਟੀਆਂ ਦੀਆਂ ਚੋਣ ਤਿਆਰੀਆਂ ਅਤੇ ਗੱਠਜੋੜਾਂ ਉੱਤੇ ਵੀ ਪੈ ਸਕਦਾ ਹੈ। ਹਾਲਾਂਕਿ, ਇਨ੍ਹਾਂ ਪਾਰਟੀਆਂ ਵਿਚਾਲੇ ਸੀਟਾਂ ਦੀ ਵੰਡ ਅਤੇ ਸਾਂਝੀ ਚੋਣ ਰਣਨੀਤੀ ਬਾਰੇ ਅਜੇ ਕੋਈ ਵੇਰਵਾ ਸਾਹਮਣੇ ਨਹੀਂ ਆਇਆ ਹੈ।