ਹਰਚਰਨ ਭੁੱਲਰ ਕੇਸ: ਰੋਪੜ ਡੀ.ਸੀ. ਦਫ਼ਤਰ ਦੇ ਕਲਰਕ ਨੇ ਦਿੱਤੇ ਸਨ ਕ੍ਰਿਸ਼ਾਨੂ ਦੇ ਘਰੋਂ ਬਰਾਮਦ 21 ਲੱਖ ਰੁਪਏ, ਈ.ਡੀ. ਦਾ ਵੱਡਾ ਦਾਅਵਾ
- ਪੰਜਾਬ
- (Asia/Kolkata)
ਐਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਦਾਅਵਾ ਕੀਤਾ ਹੈ ਕਿ ਪੰਜਾਬ ਦੇ ਮੁਅੱਤਲ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਦੇ ਕਥਿਤ ਸਹਿਯੋਗੀ ਕ੍ਰਿਸ਼ਾਨੂ ਸ਼ਾਰਦਾ ਨੇ ਏਜੰਸੀ ਸਾਹਮਣੇ ਕਬੂਲ ਕੀਤਾ ਹੈ ਕਿ 16 ਅਕਤੂਬਰ, 2025 ਨੂੰ ਸੀ.ਬੀ.ਆਈ. ਵੱਲੋਂ ਉਸ ਦੀ ਰਿਹਾਇਸ਼ ਤੋਂ ਬਰਾਮਦ ਕੀਤੀ ਗਈ 21 ਲੱਖ ਰੁਪਏ ਦੀ ਨਕਦੀ ਉਸ ਨੂੰ ਡੀ.ਸੀ. ਦਫ਼ਤਰ, ਰੋਪੜ ਦੇ ਇੱਕ ਕਲਰਕ ਵੱਲੋਂ ਦਿੱਤੀ ਗਈ ਸੀ। ਈ.ਡੀ. ਅਨੁਸਾਰ, ਇਹ ਰਕਮ ਅੰਮ੍ਰਿਤਸਰ ਵਾਸੀ ਹਰਜੀਤ ਸਿੰਘ ਨਾਲ ਸਬੰਧਤ ਜ਼ਮੀਨ ਦੇ ਮੁਆਵਜ਼ੇ ਦਾ ਮਾਮਲਾ ਇੱਕ ਆਈ.ਏ.ਐੱਸ. ਅਧਿਕਾਰੀ ਰਾਹੀਂ ਹੱਲ ਕਰਵਾਉਣ ਬਦਲੇ ਦਿੱਤੀ ਗਈ ਸੀ। ਜ਼ਿਕਰਯੋਗ ਹੈ ਕਿ ਈ.ਡੀ. ਨੇ ਮਨੀ ਲਾਂਡਰਿੰਗ ਮਾਮਲੇ ਵਿੱਚ ਪੰਜਾਬ ਦੇ ਉੱਚ ਅਫ਼ਸਰਾਂ ਉੱਤੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਵਿਸ਼ੇਸ਼ ਪੀ.ਐੱਮ.ਐੱਲ.ਏ. ਅਦਾਲਤ ਵਿੱਚ ਦਾਇਰ ਚਾਰਜਸ਼ੀਟ ਦਾ ਹਿੱਸਾ ਹੈ ਬਿਆਨ ਈ.ਡੀ. ਨੇ ਰਿਮਾਂਡ ਦੌਰਾਨ 18 ਸਤੰਬਰ, 2026 ਤੋਂ 25 ਸਤੰਬਰ, 2026 ਤੱਕ ਮਨੀ ਲਾਂਡਰਿੰਗ ਰੋਕੂ ਕਾਨੂੰਨ (PMLA), 2002 ਦੀ ਧਾਰਾ 50 ਤਹਿਤ ਕ੍ਰਿਸ਼ਾਨੂ ਸ਼ਾਰਦਾ ਦੇ ਬਿਆਨ ਦਰਜ ਕੀਤੇ ਸਨ। ਇਹ ਬਿਆਨ ਈ.ਡੀ. ਵੱਲੋਂ ਪੀ.ਐੱਮ.ਐੱਲ.ਏ., 2002 ਦੀ ਧਾਰਾ 44 (1)(ਬੀ) ਅਤੇ ਧਾਰਾ 45 ਤਹਿਤ ਚੰਡੀਗੜ੍ਹ ਦੀ ਵਿਸ਼ੇਸ਼ ਪੀ.ਐੱਮ.ਐੱਲ.ਏ. ਅਦਾਲਤ ਵਿੱਚ ਕ੍ਰਿਸ਼ਾਨੂ ਸ਼ਾਰਦਾ ਖ਼ਿਲਾਫ਼ ਦਾਇਰ ਕੀਤੀ ਗਈ ਇਸਤਗਾਸਾ ਸ਼ਿਕਾਇਤ (ਚਾਰਜਸ਼ੀਟ) ਦਾ ਹਿੱਸਾ ਹੈ। ਫਾਇਰਮੈਨ ਅਤੇ ਹਾਕੀ ਕੋਚ ਤੋਂ ਵਿਚੋਲੇ ਤੱਕ ਦਾ ਸਫ਼ਰ ਇਸਤਗਾਸਾ ਸ਼ਿਕਾਇਤ ਮੁਤਾਬਕ, ਸ਼ਾਰਦਾ ਨੇ ਈ.ਡੀ. ਨੂੰ ਦੱਸਿਆ ਕਿ ਉਸ ਨੇ 2018 ਤੋਂ 2022 ਤੱਕ ਨਗਰ ਕੌਂਸਲ, ਮੰਡੀ ਗੋਬਿੰਦਗੜ੍ਹ ਵਿੱਚ ਠੇਕੇ ’ਤੇ ਫਾਇਰਮੈਨ ਵਜੋਂ ਕੰਮ ਕੀਤਾ ਸੀ ਅਤੇ ਇਸ ਤੋਂ ਬਾਅਦ 2021 ਤੋਂ 2025 ਤੱਕ ਬੱਚਿਆਂ ਨੂੰ ਹਾਕੀ ਦੀ ਕੋਚਿੰਗ ਦਿੱਤੀ। ਉਸ ਨੇ ਦਾਅਵਾ ਕੀਤਾ ਕਿ ਉਹ ਕੋਚਿੰਗ ਤੋਂ ਪ੍ਰਤੀ ਮਹੀਨਾ ਲਗਪਗ 50,000 ਰੁਪਏ ਕਮਾਉਂਦਾ ਸੀ ਅਤੇ ਹਾਕੀ ਟੂਰਨਾਮੈਂਟਾਂ ਤੋਂ ਨਕਦ ਇਨਾਮ ਵੀ ਹਾਸਲ ਕਰਦਾ ਸੀ। ਬਦਲੀਆਂ ਅਤੇ ਸਰਕਾਰੀ ਕੰਮਾਂ ਬਦਲੇ ਰਿਸ਼ਵਤ ਲੈਣ ਦਾ ਇਕਬਾਲ 23 ਸਤੰਬਰ, 2026 ਨੂੰ ਦਰਜ ਕਰਵਾਏ ਆਪਣੇ ਬਿਆਨ ਦੌਰਾਨ ਸ਼ਾਰਦਾ ਨੇ ਪੰਜਾਬ ਸਰਕਾਰ ਦੇ ਅਧਿਕਾਰੀਆਂ ਦੀਆਂ ਬਦਲੀਆਂ ਤੇ ਤਾਇਨਾਤੀਆਂ ਕਰਵਾਉਣ ਅਤੇ ਸਰਕਾਰੀ ਅਧਿਕਾਰੀਆਂ ਤੋਂ ਵੱਖ-ਵੱਖ ਸਰਕਾਰੀ ਕੰਮ ਤੇ ਲਾਭ ਲੈਣ ਬਦਲੇ ਲਗਪਗ 15 ਲੱਖ ਰੁਪਏ ਪ੍ਰਾਪਤ ਕਰਨ ਦੀ ਗੱਲ ਕਬੂਲ ਕੀਤੀ। ਉਸ ਨੇ ਅਜਿਹੀਆਂ ਕਈ ਮਿਸਾਲਾਂ ਦਾ ਖ਼ੁਲਾਸਾ ਕੀਤਾ, ਜਿੱਥੇ ਉਸ ਨੇ ਰਿਸ਼ਵਤ ਬਦਲੇ ਅਧਿਕਾਰੀਆਂ ਦੀਆਂ ਬਦਲੀਆਂ ਅਤੇ ਤਾਇਨਾਤੀਆਂ ਕਰਵਾਈਆਂ ਅਤੇ ਸਰਕਾਰੀ ਅਫ਼ਸਰਾਂ ਰਾਹੀਂ ਕੰਮ ਕਰਵਾਏ। ਇਨ੍ਹਾਂ ਵਿੱਚੋਂ ਇੱਕ ਪ੍ਰਮੁੱਖ ਮਾਮਲੇ ਵਿੱਚ ਉਸ ਨੇ ਮੰਨਿਆ ਕਿ ਇੱਕ ਸਰਕਾਰੀ ਅਧਿਕਾਰੀ ਦੀ ਬਦਲੀ ਕਰਵਾਉਣ ਲਈ ਉਸ ਨੇ 5 ਲੱਖ ਰੁਪਏ ਲਏ ਸਨ, ਜਿਸ ਵਿੱਚੋਂ 3 ਲੱਖ ਰੁਪਏ ਅੱਗੇ ਇੱਕ ਵਿਚੋਲੇ ਨੂੰ ਦਿੱਤੇ ਗਏ ਅਤੇ 2 ਲੱਖ ਰੁਪਏ ਉਸ ਨੇ ਖ਼ੁਦ ਕਮਿਸ਼ਨ ਵਜੋਂ ਰੱਖ ਲਏ। ਇਸ ਤੋਂ ਇਲਾਵਾ ਉਸ ਨੇ ਇਹ ਵੀ ਕਬੂਲਿਆ ਕਿ ਸਰਕਾਰੀ ਅਧਿਕਾਰੀਆਂ ਦੀਆਂ ਹੋਣ ਵਾਲੀਆਂ ਬਦਲੀਆਂ ਦੀਆਂ ਸੂਚੀਆਂ ਬਾਰੇ ਪਹਿਲਾਂ ਹੀ ਜਾਣਕਾਰੀ ਦੇਣ ਬਦਲੇ ਉਸ ਨੇ ਵੱਖ-ਵੱਖ ਮੌਕਿਆਂ ’ਤੇ ਲਗਪਗ 50,000 ਰੁਪਏ ਲਏ ਸਨ। ਸੀ.ਬੀ.ਆਈ. ਦੀ ਮੁੱਢਲੀ ਕਾਰਵਾਈ ਤੋਂ ਸ਼ੁਰੂ ਹੋਈ ਸੀ ਜਾਂਚ 16 ਅਕਤੂਬਰ, 2025 ਨੂੰ ਸੀ.ਬੀ.ਆਈ. ਵੱਲੋਂ ਉਸ ਦੀ ਰਿਹਾਇਸ਼ ਤੋਂ ਬਰਾਮਦ ਹੋਈ 21 ਲੱਖ ਰੁਪਏ ਦੀ ਨਕਦੀ ਸਬੰਧੀ ਉਸ ਨੇ ਦੱਸਿਆ ਕਿ ਇਹ ਰਕਮ ਉਸ ਨੂੰ ਡੀ.ਸੀ. ਦਫ਼ਤਰ, ਰੋਪੜ ਦੇ ਇੱਕ ਕਲਰਕ ਵੱਲੋਂ ਅੰਮ੍ਰਿਤਸਰ ਵਾਸੀ ਹਰਜੀਤ ਸਿੰਘ ਨਾਲ ਸਬੰਧਤ ਜ਼ਮੀਨ ਦੇ ਮੁਆਵਜ਼ੇ ਦੇ ਮਾਮਲੇ ਨੂੰ ਇੱਕ ਆਈ.ਏ.ਐੱਸ. ਅਧਿਕਾਰੀ ਰਾਹੀਂ ਸਿਰੇ ਚੜ੍ਹਾਉਣ ਬਦਲੇ ਦਿੱਤੀ ਗਈ ਸੀ। ਇਸ ਤਰ੍ਹਾਂ ਉਸ ਨੇ ਖ਼ੁਲਾਸਾ ਕੀਤਾ ਕਿ ਉਸ ਦੀ ਰਿਹਾਇਸ਼ ਤੋਂ ਬਰਾਮਦ ਹੋਏ 21 ਲੱਖ ਰੁਪਏ ਉਸ ਨੂੰ ਸਰਕਾਰੀ ਕੰਮ ਕਰਵਾਉਣ ਦੇ ਸਬੰਧ ਵਿੱਚ ਹੀ ਮਿਲੇ ਸਨ। ਜ਼ਿਕਰਯੋਗ ਹੈ ਕਿ ਕ੍ਰਿਸ਼ਾਨੂ ਸ਼ਾਰਦਾ ਨੂੰ 16 ਅਕਤੂਬਰ, 2025 ਨੂੰ ਐੱਚ.ਐੱਸ. ਭੁੱਲਰ ਦੇ ਨਾਲ ਸੀ.ਬੀ.ਆਈ. ਵੱਲੋਂ ਸ਼ਿਕਾਇਤਕਰਤਾ ਤੋਂ ਮੰਗੀ ਗਈ ਰਿਸ਼ਵਤ ਦੇ ਹਿੱਸੇ ਵਜੋਂ ਕਥਿਤ ਤੌਰ ’ਤੇ 5,00,000 ਰੁਪਏ ਲੈਂਦਿਆਂ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਸ਼ੁਰੂਆਤੀ ਐੱਫ.ਆਈ.ਆਰ. ਸੀ.ਬੀ.ਆਈ. ਵੱਲੋਂ ਆਕਾਸ਼ ਦੀ ਸ਼ਿਕਾਇਤ ’ਤੇ ਦਰਜ ਕੀਤੀ ਗਈ ਸੀ। ਸ਼ਿਕਾਇਤ ਵਿੱਚ ਦੋਸ਼ ਲਾਇਆ ਗਿਆ ਸੀ ਕਿ ਉਸ ਸਮੇਂ ਪੰਜਾਬ ਪੁਲੀਸ ਦੇ ਰੋਪੜ ਰੇਂਜ ਦੇ ਡੀ.ਆਈ.ਜੀ. ਵਜੋਂ ਤਾਇਨਾਤ ਭੁੱਲਰ ਨੇ ਥਾਣਾ ਸਰਹਿੰਦ ਵਿਖੇ ਦਰਜ ਇੱਕ ਐੱਫ.ਆਈ.ਆਰ. ਵਿੱਚ ਪੱਖਪਾਤੀ ਕਾਰਵਾਈ ਕਰਨ ਅਤੇ ਸ਼ਿਕਾਇਤਕਰਤਾ ਦੇ ਕਾਰੋਬਾਰ ਖ਼ਿਲਾਫ਼ ਕੋਈ ਸਖ਼ਤ ਕਦਮ ਨਾ ਚੁੱਕਣ ਨੂੰ ਯਕੀਨੀ ਬਣਾਉਣ ਲਈ ਇੱਕ ਨਿੱਜੀ ਵਿਚੋਲੇ ਕ੍ਰਿਸ਼ਾਨੂ ਸ਼ਾਰਦਾ ਰਾਹੀਂ ਨਾਜਾਇਜ਼ ਰਿਸ਼ਵਤ ਦੀ ਮੰਗ ਕੀਤੀ ਸੀ। ਸੀ.ਬੀ.ਆਈ. ਵੱਲੋਂ ਦਰਜ ਕੀਤੇ ਗਏ ਇਸ ਕੇਸ ਤੋਂ ਬਾਅਦ ਹੀ ਈ.ਡੀ. ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਸੀ।
Leave a Reply