ਮੋਟਰਾਈਜ਼ਡ ਟਰਾਈ ਸਾਈਕਲ ਵੰਡ ਸਮਾਗਮ ਮਨੁੱਖਤਾ ਦੀ ਸੇਵਾ ਵੱਲ ਇੱਕ ਕਦਮ - ਇੰਜ: ਵਿਨਰਜੀਤ ਸਿੰਘ ਖਡਿਆਲ
- ਸੰਗਰੂਰ
- (Asia/Kolkata)
(ਜਗਸੀਰ ਸਿੰਘ)- ਸਮਾਜ ਸੇਵਾ ਅਤੇ ਮਨੁੱਖਤਾ ਪ੍ਰਤੀ ਸਮਰਪਿਤ ਸੋਚ ਨੂੰ ਅੱਗੇ ਵਧਾਉਂਦੇ ਹੋਏ ਆਜ਼ਾਦ ਹੈਂਡੀਕੈਪਡ ਐਸੋਸੀਏਸ਼ਨ ਪੰਜਾਬ ਵੱਲੋਂ ਚੇਅਰਮੈਨ ਚਮਕੌਰ ਸਿੰਘ ਸ਼ਾਹਪੁਰ ਦੀ ਅਗਵਾਈ ਹੇਠ ਮੋਟਰਾਈਜ਼ਡ ਟਰਾਈ ਸਾਈਕਲ ਅਤੇ ਸਹਾਇਕ ਉਪਕਰਣ ਵੰਡ ਸਮਾਗਮ ਗੁਰਦੁਆਰਾ ਨਾਨਕਸਰ ਸਾਹਿਬ, ਚੀਮਾ ਮੰਡੀ ਵਿਖੇ ਆਯੋਜਿਤ ਕੀਤਾ ਗਿਆ। ਇਹ ਸਮਾਗਮ ਸਿਰਫ ਸਮਾਨ ਵੰਡ ਤੱਕ ਸੀਮਿਤ ਨਹੀਂ ਸੀ, ਸਗੋਂ ਇਹ ਮਨੁੱਖਤਾ, ਸਹਿਯੋਗ ਅਤੇ ਹਮਦਰਦੀ ਦਾ ਪ੍ਰਤੀਕ ਬਣ ਕੇ ਉਭਰਿਆ, ਜਿਸ ਵਿੱਚ ਵੱਖ-ਵੱਖ ਖੇਤਰਾਂ ਤੋਂ ਸ਼ਖਸੀਅਤਾਂ ਨੇ ਭਾਗ ਲੈ ਕੇ ਆਪਣੀ ਸਾਂਝ ਪਾਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨਿਰਮਲ ਸਿੰਘ ਸ਼ੇਖੂਵਾਸ ਅਤੇ ਜਸਬੀਰ ਸਿੰਘ ਜਵੰਧਾ ਨੇ ਦੱਸਿਆ ਕਿ ਇਸ ਸਮਾਗਮ ਦਾ ਮੁੱਖ ਉਦੇਸ਼ ਜ਼ਰੂਰਤਮੰਦ ਅਤੇ ਦਿਵਿਆਂਗ ਭਰਾਵਾਂ-ਭੈਣਾਂ ਨੂੰ ਸਹੂਲਤਾਂ ਪ੍ਰਦਾਨ ਕਰਨਾ ਹੈ, ਤਾਂ ਜੋ ਉਹ ਆਪਣੀ ਜ਼ਿੰਦਗੀ ਆਤਮ-ਨਿਰਭਰ ਅਤੇ ਇੱਜ਼ਤ ਨਾਲ ਬਿਤਾ ਸਕਣ। ਉਨ੍ਹਾਂ ਕਿਹਾ ਕਿ ਐਸੀਆਂ ਪਹਿਲ ਕਦਮਾਂ ਨਾਲ ਲਾਭਪਾਤਰੀਆਂ ਦੀ ਜ਼ਿੰਦਗੀ ਆਸਾਨ ਹੁੰਦੀ ਹੈ, ਸਗੋਂ ਸਮਾਜ ਵਿੱਚ ਏਕਤਾ ਅਤੇ ਸਹਿਯੋਗ ਦੀ ਭਾਵਨਾ ਵੀ ਮਜ਼ਬੂਤ ਹੁੰਦੀ ਹੈ। ਇਸ ਮੌਕੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਹਲਕਾ ਸੁਨਾਮ ਇੰਚਾਰਜ ਇੰਜੀਨੀਅਰ ਵਿਨਰਜੀਤ ਸਿੰਘ ਖਡਿਆਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਜਥੇਦਾਰ ਦਰਵਰਾ ਸਿੰਘ ਰਿਸੀਵਰ ਗੁਰਦੁਆਰਾ ਨਾਨਕਸਰ ਸਾਹਿਬ ਚੀਮਾ ਮੰਡੀ ਨੇ ਹਾਜ਼ਰੀ ਲਗਵਾਈ। ਆਪਣੇ ਸੰਬੋਧਨ ਦੌਰਾਨ ਇੰਜੀਨੀਅਰ ਵਿਨਰਜੀਤ ਸਿੰਘ ਖਡਿਆਲ ਨੇ ਐਸੋਸੀਏਸ਼ਨ ਵੱਲੋਂ ਕੀਤੇ ਜਾ ਰਹੇ ਇਸ ਨਿਸ਼ਕਾਮ ਸੇਵਾ ਕਾਰਜ ਦੀ ਭਰਪੂਰ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਇਸ ਤਰ੍ਹਾਂ ਦੀ ਸੇਵਾ ਬਹੁਤ ਵੱਡੀ ਲੋੜ ਹੈ, ਜੋ ਸਮਾਜ ਦੇ ਕਮਜ਼ੋਰ ਵਰਗਾਂ ਨੂੰ ਨਵੀਂ ਉਮੀਦ ਦਿੰਦੀ ਹੈ। ਸਮਾਗਮ ਵਿੱਚ ਵਿਸ਼ੇਸ਼ ਤੌਰ 'ਤੇ ਹਾਜ਼ਰ ਬੀਬਾ ਕਰਮਜੀਤ ਕੌਰ ਮਾਡਲ ਟਾਊਨ ਸੇਰੋ ਅਤੇ ਗੁਰਸੇਵਕ ਸਿੰਘ ਬਿਗੜਵਾਲ ਪ੍ਰਧਾਨ ਸ਼ਹੀਦ ਊਧਮ ਸਿੰਘ ਨੌਜਵਾਨ ਸਪੋਰਟਸ ਕਲੱਬ ਨੇ ਦੱਸਿਆ ਕਿ ਇਸ ਮੌਕੇ ਤੇ ਲੋੜਵੰਦਾਂ ਨੂੰ ਮੋਟਰਾਈਜ਼ਡ ਟਰਾਈ ਸਾਈਕਲਾਂ, ਵ੍ਹੀਲਚੇਅਰਾਂ, ਸੁਣਨ ਯੰਤਰ (ਕੰਨਾਂ ਵਾਲੀਆਂ ਮਸ਼ੀਨਾਂ), ਗੋਡਿਆਂ ਲਈ ਸਪੋਰਟ, ਵਾਕਿੰਗ ਸਟਿਕਾਂ, ਬਲੈਂਡ ਵਿਅਕਤੀਆਂ ਲਈ ਸਮਾਰਟ ਸਟਿਕਾਂ, ਟੂ-ਵੀਲਚੇਅਰ ਸਹਾਇਕ ਉਪਕਰਣ, ਖੁੰਡੀਆਂ, ਪੌੜੀਆਂ ਅਤੇ ਕਮੋਡ ਚੇਅਰ ਆਦਿ ਵੰਡੀਆਂ ਗਈਆਂ। ਇਹ ਸਾਰਾ ਸਮਾਨ ਲਾਭਪਾਤਰੀਆਂ ਲਈ ਇੱਕ ਵੱਡੀ ਰਾਹਤ ਸਾਬਤ ਹੋਇਆ ਅਤੇ ਉਨ੍ਹਾਂ ਦੇ ਚਿਹਰਿਆਂ ‘ਤੇ ਖੁਸ਼ੀ ਦੇ ਚਮਕਦੇ ਨਜ਼ਾਰੇ ਵੇਖਣ ਨੂੰ ਮਿਲੇ। ਇਸ ਮੌਕੇ ਵੱਖ ਵੱਖ ਸ਼ਖਸੀਅਤਾਂ ਜਿਨ੍ਹਾਂ ਵਿੱਚ ਹੰਸਰਾਜ ਸਿੰਘ (ਰਿਟਾਇਰਡ ਕਨੂੰਗੋ), ਪ੍ਰੋਫੈਸਰ ਮਲਕੀਤ ਸਿੰਘ ਗਾਂਧੀ ਸ਼ਾਹਪੁਰ, ਜਨਾਬ ਮੁਖਤਿਆਰ ਅਲੀ, ਦਰਸ਼ਨ ਸਿੰਘ (ਸਰਕਲ ਪ੍ਰਧਾਨ), ਸਰਪੰਚ ਲਖਵੀਰ ਸਿੰਘ ਲੱਖੀ ਸ਼ਾਹਪੁਰ, ਗੋਬਿੰਦ ਸਿੰਘ ਗੋਪੀ ਐਡਵੋਕੇਟ, ਯਾਦਵਿੰਦਰ ਸਿੰਘ ਗੜੱਦੀ, ਡਾਕਟਰ ਪਰਮਜੀਤ ਸਿੰਘ, ਤਰਨ ਚਾਵਲਾ ਸੁਨਾਮ, ਜਸਵਿੰਦਰ ਸ਼ਰਮਾ (ਪ੍ਰਧਾਨ ਲੋਕ ਸੇਵਾ ਸਹਾਰਾ ਕਲੱਬ), ਪ੍ਰਦੀਪ ਕੁਮਾਰ ਬਿੱਟੂ ਪਰਮਜੀਤ ਸਿੰਘ ਨਿੱਕਾ ਪ੍ਰਧਾਨ ਚੀਮਾ, ਮੱਖਣ ਸਿੰਘ ਢੀਡਸਾ ਸ਼ਾਹਪੁਰ, ਡਾਕਟਰ ਸੁਰੇਸ਼ ਕੁਮਾਰ, ਕੁਲਦੀਪ ਸ਼ਰਮਾ ਗਾਮਾ ਲੈਬ ਆਦਿ ਸ਼ਾਮਲ ਸਨ, ਜਿਨ੍ਹਾਂ ਨੇ ਆਪਣੇ-ਆਪਣੇ ਵਿਚਾਰ ਸਾਂਝੇ ਕਰਦੇ ਹੋਏ ਇਸ ਉਪਰਾਲੇ ਦੀ ਭਰਪੂਰ ਸਿਫ਼ਤ ਕੀਤੀ। ਸਮਾਗਮ ਦੀ ਅਹਿਮ ਜ਼ਿੰਮੇਵਾਰੀ ਸੰਗਰਾਮੀ ਕਲਾ ਕੇਂਦਰ ਸੁਨਾਮ ਊਧਮ ਸਿੰਘ ਵਾਲਾ ਤੋਂ ਭੋਲਾ ਸਿੰਘ ਸੰਗਰਾਮੀ ਤੇ ਹਨੀ ਸੰਗਰਾਮੀ ਮਿੱਠੂ ਸਿੰਘ,ਹਰਜਸ ਸਿੰਘ,ਸੋਹਣ ਸਿੰਘ ਸੋਨੀ ਵੱਲੋਂ ਬੜੀ ਸੁਚੱਜੀ ਤਰੀਕੇ ਨਾਲ ਨਿਭਾਈ ਗਈ। ਉਨ੍ਹਾਂ ਨੇ ਸਮਾਗਮ ਨੂੰ ਰੁਚਿਕਰ ਅਤੇ ਪ੍ਰੇਰਣਾਦਾਇਕ ਬਣਾਉਂਦੇ ਹੋਏ ਹਾਜ਼ਰੀਨਾਂ ਨੂੰ ਸਮਾਜ ਸੇਵਾ ਲਈ ਉਤਸ਼ਾਹਿਤ ਕੀਤਾ। ਅੰਤ ਵਿੱਚ ਸੰਸਥਾ ਦੇ ਆਗੂਆਂ ਨੇ ਸਾਰੇ ਸਹਿਯੋਗੀਆ ਅਤੇ ਹਾਜ਼ਰ ਸੰਗਤ ਦਾ ਧੰਨਵਾਦ ਕੀਤਾ ਅਤੇ ਇਹ ਭਰੋਸਾ ਦਿਵਾਇਆ ਕਿ ਆਉਣ ਵਾਲੇ ਸਮੇਂ ਵਿੱਚ ਵੀ ਇਸ ਤਰ੍ਹਾਂ ਦੇ ਸੇਵਾ ਕਾਰਜ ਲਗਾਤਾਰ ਜਾਰੀ ਰਹਿਣਗੇ। ਇਸ ਸਮਾਗਮ ਨੇ ਇਹ ਸਾਬਤ ਕਰ ਦਿੱਤਾ ਕਿ ਜੇਕਰ ਸਮਾਜ ਇਕੱਠਾ ਹੋ ਕੇ ਕੰਮ ਕਰੇ, ਤਾਂ ਹਰ ਲੋੜਵੰਦ ਦੀ ਜ਼ਿੰਦਗੀ ਵਿੱਚ ਖੁਸ਼ਹਾਲੀ ਅਤੇ ਆਸ ਦੀ ਰੌਸ਼ਨੀ ਲਿਆਂਦੀ ਜਾ ਸਕਦੀ ਹੈ।
Leave a Reply