ਚੀਮਾ ਨਗਰ ਦੀਆਂ ਟੁੱਟੀਆਂ ਸੜਕਾਂ ਨੇ ‘ਵਿਕਾਸ ਦੀ ਹਨੇਰੀ’ ਦੇ ਦਾਅਵਿਆਂ ਦੀ ਖੋਲ੍ਹੀ ਪੋਲ -ਵਿਨਰਜੀਤ ਸਿੰਘ ਖਡਿਆਲ
- ਸੰਗਰੂਰ
- (Asia/Kolkata)
(ਜਗਸੀਰ ਸਿੰਘ )- ਵੀਹਵੀਂ ਸਦੀ ਦੇ ਮਹਾਨ ਸੰਤ ਅਤਰ ਸਿੰਘ ਜੀ ਮਹਾਰਾਜ ਦੀ ਜਨਮ ਭੂਮੀ ਅਤੇ ਇਤਿਹਾਸਕ ਨਗਰ ਚੀਮਾ ਸਾਹਿਬ ਦੀਆਂ ਖਸਤਾ ਹਾਲ ਸੜਕਾਂ ਅਤੇ ਮੁੱਢਲੀਆਂ ਸਹੂਲਤਾਂ ਦੀ ਮਾੜੀ ਹਾਲਤ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਹਲਕਾ ਸੁਨਾਮ ਦੇ ਇੰਚਾਰਜ ਸ. ਵਿਨਰਜੀਤ ਸਿੰਘ ਖਡਿਆਲ ਨੇ ਪੰਜਾਬ ਸਰਕਾਰ ’ਤੇ ਤਿੱਖਾ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸੁਨਾਮ ਹਲਕੇ ਵਿੱਚ ਵਿਕਾਸ ਦੀ ਹਨੇਰੀ ਚੱਲਣ ਦੇ ਕੀਤੇ ਜਾ ਰਹੇ ਦਾਅਵਿਆਂ ਦੀ ਅਸਲੀਅਤ ਚੀਮਾ ਨਗਰ ਦੀਆਂ ਸੜਕਾਂ ਖੁਦ ਬਿਆਨ ਕਰ ਰਹੀਆਂ ਹਨ। ਵਿਨਰਜੀਤ ਸਿੰਘ ਖਡਿਆਲ ਨੇ ਕਿਹਾ ਕਿ ਹਾਲ ਹੀ ਵਿੱਚ ਮੀਂਹ ਪੈਣ ਤੋਂ ਬਾਅਦ ਚੀਮਾ ਨਗਰ ਦੀ ਫਿਰਨੀ ਅਤੇ ਹੋਰ ਮੁੱਖ ਸੜਕਾਂ ਦੀ ਹਾਲਤ ਬੇਹੱਦ ਖਰਾਬ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਹ ਉਹੀ ਇਲਾਕਾ ਹੈ, ਜਿਸ ਦੇ ਨੇੜੇ ਮੁੱਖ ਮੰਤਰੀ ਭਗਵੰਤ ਮਾਨ ਦਾ ਪਿੰਡ ਸਤੌਜ ਪੈਂਦਾ ਹੈ ਅਤੇ ਇਹ ਹਲਕਾ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਸਿਆਸੀ ਪ੍ਰਭਾਵ ਵਾਲੇ ਇਲਾਕੇ ਨਾਲ ਸਬੰਧਤ ਹੈ। ਉਨ੍ਹਾਂ ਕਿਹਾ ਕਿ ਜੇਕਰ ਇਨ੍ਹਾਂ ਆਗੂਆਂ ਦੇ ਆਪਣੇ ਇਲਾਕੇ ਦੇ ਇਤਿਹਾਸਕ ਨਗਰ ਦੀਆਂ ਸੜਕਾਂ ਦਾ ਇਹ ਹਾਲ ਹੈ ਤਾਂ ਪੰਜਾਬ ਦੇ ਦੂਰ-ਦੁਰਾਡੇ ਪਿੰਡਾਂ ਅਤੇ ਕਸਬਿਆਂ ਦੀ ਸਥਿਤੀ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ। ਖਡਿਆਲ ਨੇ ਦੋਸ਼ ਲਾਇਆ ਕਿ ਚੀਮਾ ਵਿੱਚ ਸੀਵਰੇਜ, ਪੀਣ ਵਾਲੇ ਪਾਣੀ ਅਤੇ ਹੋਰ ਬੁਨਿਆਦੀ ਸਹੂਲਤਾਂ ਦੀ ਹਾਲਤ ਵੀ ਚਿੰਤਾਜਨਕ ਹੈ।ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ‘ਵਿਕਾਸ ਦੀ ਹਨੇਰੀ’ ਦੇ ਕੀਤੇ ਜਾ ਰਹੇ ਦਾਅਵਿਆਂ ਨੂੰ ਹੁਣ ਲੋਕਾਂ ਦੇ ਸਾਹਮਣੇ ਤੱਥਾਂ ਸਮੇਤ ਬੇਨਕਾਬ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਸੁਨਾਮ ਹਲਕੇ ਦੇ ਪਿੰਡਾਂ ਅਤੇ ਸ਼ਹਿਰਾਂ ਦੀਆਂ ਸੜਕਾਂ ਸਮੇਤ ਹਰ ਬੁਨਿਆਦੀ ਸਮੱਸਿਆ ਨੂੰ ਲੋਕਾਂ ਦੇ ਸਾਹਮਣੇ ਲੈ ਕੇ ਆਉਣਗੇ।ਖਡਿਆਲ ਨੇ ਕਿਹਾ ਕਿ ਸਰਕਾਰ ਨੂੰ ਇਸ਼ਤਿਹਾਰਾਂ ਅਤੇ ਦਾਅਵਿਆਂ ਦੀ ਬਜਾਏ ਧਰਾਤਲ ’ਤੇ ਵਿਕਾਸ ਕਰਕੇ ਲੋਕਾਂ ਨੂੰ ਸਹੂਲਤਾਂ ਦੇਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਚੀਮਾ ਵਰਗੇ ਇਤਿਹਾਸਕ ਨਗਰ ਦੀ ਅਣਦੇਖੀ ਸਰਕਾਰ ਦੇ ਵਿਕਾਸ ਮਾਡਲ ’ਤੇ ਵੱਡਾ ਸਵਾਲੀਆ ਨਿਸ਼ਾਨ ਹੈ ਇਸ ਮੌਕੇ ਦਰਸ਼ਨ ਸਿੰਘ ਪ੍ਰਧਾਨ, ਪਰਮਜੀਤ ਸਿੰਘ ਨਿਕਾ, ਬਿਕਰ ਸਿੰਘ, ਮਨਪ੍ਰੀਤ ਸਿੰਘ, ਬਲਦੇਵ ਸਿੰਘ ਹਾਜ਼ਰ ਆਗੂ ਸਨ।
Leave a Reply