ਈਦ-ਉੱਲ-ਅਜ਼ਹਾ ਮੌਕੇ ਮੁੱਖ ਮੰਤਰੀ ਮਾਨ ਦਾ ਸੰਦੇਸ਼, ਭਾਈਚਾਰਕ ਸਾਂਝ ਨੂੰ ਦੱਸਿਆ ਸਭ ਤੋਂ ਵੱਡੀ ਤਾਕਤ
- ਪੰਜਾਬ
- (Asia/Kolkata)
ਅੱਜ ਦੇਸ਼ ਭਰ ਸਮੇਤ ਪੰਜਾਬ ਵਿੱਚ ਵੀ ਮੁਸਲਿਮ ਭਾਈਚਾਰੇ ਵੱਲੋਂ ਈਦ-ਉੱਲ-ਅਜ਼ਹਾ (ਬਕਰੀਦ) ਦਾ ਪਵਿੱਤਰ ਤਿਉਹਾਰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਮੂਹ ਮੁਸਲਿਮ ਭਾਈਚਾਰੇ ਨੂੰ ਤਹਿ ਦਿਲੋਂ ਮੁਬਾਰਕਾਂ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘X’ ਰਾਹੀਂ ਇੱਕ ਸੰਦੇਸ਼ ਸਾਂਝਾ ਕਰਦਿਆਂ ਕਿਹਾ ਕਿ ਈਦ-ਉੱਲ-ਅਜ਼ਹਾ ਦਾ ਪਵਿੱਤਰ ਤਿਉਹਾਰ ਕੁਰਬਾਨੀ, ਰਹਿਮਦਿਲੀ ਅਤੇ ਆਪਸੀ ਭਾਈਚਾਰਕ ਸਾਂਝ ਦਾ ਮਹੱਤਵਪੂਰਨ ਸੰਦੇਸ਼ ਦਿੰਦਾ ਹੈ। ਉਨ੍ਹਾਂ ਕਿਹਾ ਕਿ ਇਹ ਤਿਉਹਾਰ ਸਮਾਜ ਵਿੱਚ ਪਿਆਰ, ਏਕਤਾ ਅਤੇ ਭਾਈਚਾਰੇ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਦਾ ਹੈ। ਆਪਣੇ ਸੰਦੇਸ਼ ਵਿੱਚ ਮੁੱਖ ਮੰਤਰੀ ਨੇ ਲਿਖਿਆ, “ਸਮੂਹ ਮੁਸਲਿਮ ਭਾਈਚਾਰੇ ਨੂੰ ਈਦ-ਉੱਲ-ਅਜ਼ਹਾ ਦੀਆਂ ਤਹਿ ਦਿਲੋਂ ਮੁਬਾਰਕਾਂ। ਇਹ ਪਵਿੱਤਰ ਤਿਉਹਾਰ ਸਾਨੂੰ ਕੁਰਬਾਨੀ, ਰਹਿਮਦਿਲੀ ਅਤੇ ਆਪਸੀ ਭਾਈਚਾਰਕ ਸਾਂਝ ਦਾ ਵੱਡਾ ਪੈਗ਼ਾਮ ਦਿੰਦਾ ਹੈ। ਇਸ ਮੁਬਾਰਕ ਮੌਕੇ ‘ਤੇ ਮੇਰੇ ਵੱਲੋਂ ਸਾਰੇ ਮੁਸਲਿਮ ਭਾਈਚਾਰੇ ਨੂੰ ਬਹੁਤ-ਬਹੁਤ ਵਧਾਈਆਂ। ਪ੍ਰਮਾਤਮਾ ਕਰੇ ਪੰਜਾਬ ਦੀ ਆਪਸੀ ਸਾਂਝ ਅਤੇ ਪਿਆਰ ਹਮੇਸ਼ਾ ਇਸੇ ਤਰ੍ਹਾਂ ਮਜ਼ਬੂਤ ਰਹੇ। ਸਭ ਨੂੰ ਈਦ ਮੁਬਾਰਕ।” ਮੁੱਖ ਮੰਤਰੀ ਦੇ ਇਸ ਸੰਦੇਸ਼ ਨੂੰ ਧਾਰਮਿਕ ਏਕਤਾ ਅਤੇ ਸਮਾਜਿਕ ਸਾਂਝ ਨੂੰ ਪ੍ਰੋਤਸਾਹਿਤ ਕਰਨ ਵਾਲਾ ਕਦਮ ਮੰਨਿਆ ਜਾ ਰਿਹਾ ਹੈ। ਪੰਜਾਬ ਵਿੱਚ ਮੁਸਲਿਮ ਭਾਈਚਾਰੇ ਵੱਲੋਂ ਅੱਜ ਨਮਾਜ ਅਦਾ ਕਰਕੇ ਅਤੇ ਰਵਾਇਤੀ ਤਰੀਕਿਆਂ ਨਾਲ ਈਦ-ਉੱਲ-ਅਜ਼ਹਾ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ।
Leave a Reply