ਕੈਨੇਡਾ ਦੇ ਓਸ਼ਵਾ 'ਚ ਵੱਡਾ ਹਾਦਸਾ: ਤੇਜ਼ ਰਫ਼ਤਾਰ ਕਾਰ ਨੇ ਡੇਅਕੇਅਰ ਵਰਕਰ ਸਮੇਤ 5 ਮਾਸੂਮ ਬੱਚਿਆਂ ਨੂੰ ਮਾਰੀ ਟੱਕਰ
- ਵਿਦੇਸ਼
- (Asia/Kolkata)
ਕੈਨੇਡਾ ਦੇ ਓਸ਼ਵਾ ਸ਼ਹਿਰ ਵਿੱਚ ਬੁੱਧਵਾਰ ਸਵੇਰੇ ਇੱਕ ਬੇਹੱਦ ਦੁਖਦਾਈ ਅਤੇ ਭਿਆਨਕ ਸੜਕ ਹਾਦਸਾ ਵਾਪਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸਵੇਰ ਦੀ ਸੈਰ ਲਈ ਨਿਕਲੇ ਇੱਕ ਡੇਅਕੇਅਰ ਵਰਕਰ ਅਤੇ ਪੰਜ ਛੋਟੇ ਬੱਚਿਆਂ ਦੇ ਗਰੁੱਪ ਨੂੰ ਇੱਕ ਤੇਜ਼ ਰਫ਼ਤਾਰ ਕਾਰ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ। ਇਹ ਹਾਦਸਾ ਸਵੇਰੇ ਕਰੀਬ 9:20 ਵਜੇ ਨਾਇਗਰਾ ਡਰਾਈਵ ਅਤੇ ਸ਼ੈਰੀਡਨ ਸਟਰੀਟ ਦੇ ਚੌਰਾਹੇ (ਇੰਟਰਸੈਕਸ਼ਨ) 'ਤੇ ਵਾਪਰਿਆ। ਦੁਰਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਸਥਾਨਕ ਪੁਲਿਸ ਨੇ ਦੱਸਿਆ ਕਿ ਇੱਕ 62 ਸਾਲਾ ਮਹਿਲਾ ਚਾਲਕ ਆਪਣੀ ਚਿੱਟੇ ਰੰਗ ਦੀ ਕਾਰ ਨੂੰ ਖੱਬੇ ਪਾਸੇ ਮੋੜ ਰਹੀ ਸੀ। ਇਸੇ ਦੌਰਾਨ ਸੜਕ ਪਾਰ ਕਰ ਰਹੇ ਇਸ ਡੇਅਕੇਅਰ ਗਰੁੱਪ ਨਾਲ ਕਾਰ ਦੀ ਸਿੱਧੀ ਟੱਕਰ ਹੋ ਗਈ। ਹਾਦਸੇ ਦਾ ਸ਼ਿਕਾਰ ਹੋਏ ਜ਼ਖ਼ਮੀ ਬੱਚਿਆਂ ਦੀ ਉਮਰ ਮਹਿਜ਼ 7 ਮਹੀਨੇ ਤੋਂ ਲੈ ਕੇ 3 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਹੈ। ਇਸ ਭਿਆਨਕ ਹਾਦਸੇ ਵਿੱਚ ਇੱਕ 2 ਸਾਲ ਦੀ ਬੱਚੀ ਨੂੰ ਗੰਭੀਰ ਅਤੇ ਜਾਨਲੇਵਾ ਸੱਟਾਂ ਲੱਗੀਆਂ, ਹਾਲਾਂਕਿ ਹਸਪਤਾਲ ਵਿੱਚ ਡਾਕਟਰੀ ਦੇਖਭਾਲ ਤੋਂ ਬਾਅਦ ਹੁਣ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਇਸ ਤੋਂ ਇਲਾਵਾ ਡੇਅਕੇਅਰ ਵਰਕਰ ਅਤੇ ਇੱਕ ਹੋਰ ਬੱਚੇ ਨੂੰ ਵੀ ਗੰਭੀਰ ਸੱਟਾਂ ਆਈਆਂ ਹਨ, ਜਦਕਿ ਤਿੰਨ ਹੋਰ ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਓਸ਼ਵਾ ਪੁਲਿਸ ਵੱਲੋਂ ਹਾਦਸੇ ਦੇ ਅਸਲ ਕਾਰਨਾਂ ਦੀ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਮੁਤਾਬਕ ਫਿਲਹਾਲ 62 ਸਾਲਾ ਕਾਰ ਚਾਲਕ ਔਰਤ ਖ਼ਿਲਾਫ਼ ਕੋਈ ਅਧਿਕਾਰਤ ਦੋਸ਼ (ਚਾਰਜ) ਨਹੀਂ ਆਇਦ ਕੀਤੇ ਗਏ ਹਨ।
Leave a Reply