ਕੋਟਕਪੂਰਾ ਨੇੜੇ ਨਵ-ਵਿਆਹੀ ਮਹਿਲਾ ਦੀ ਹੱਤਿਆ, ਪੁਲਿਸ ਨੂੰ ਪਰਿਵਾਰਕ ਮੈਂਬਰਾਂ ‘ਤੇ ਸ਼ੱਕ
- ਪੰਜਾਬ
- (Asia/Kolkata)
ਕੋਟਕਪੂਰਾ ਅਧੀਨ ਢਿਲਵਾਂ ਰੋਡ ਬਠਿੰਡਾ ਬਾਈਪਾਸ ਨੇੜੇ ਖੇਤਾਂ ਵਿੱਚੋਂ ਇੱਕ ਨਵ-ਵਿਆਹੀ ਮਹਿਲਾ ਦੀ ਲਾਸ਼ ਮਿਲਣ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਜਾਂਚ ਦੌਰਾਨ ਮ੍ਰਿਤਕਾ ਦੀ ਪਛਾਣ ਮਹਿਲਦੀਪ ਕੌਰ, ਵਾਸੀ ਪਿੰਡ ਬੁਰਜ ਹਰੀ ਕੇ ਵਜੋਂ ਹੋਈ ਹੈ। ਇਹ ਘਟਨਾ ਬੀਤੀ ਸ਼ਾਮ ਦੀ ਦੱਸੀ ਜਾ ਰਹੀ ਹੈ। ਡੀਐਸਪੀ ਅਵਤਾਰ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮਹਿਲਦੀਪ ਕੌਰ ਨੇ ਆਪਣੇ ਹੀ ਪਿੰਡ ਦੇ ਇੱਕ ਨੌਜਵਾਨ ਨਾਲ ਲਵ ਮੈਰਿਜ ਕਰਵਾਈ ਸੀ, ਜਿਸ ਕਾਰਨ ਉਸ ਦੇ ਪਰਿਵਾਰਕ ਮੈਂਬਰ ਇਸ ਵਿਆਹ ਤੋਂ ਨਾਰਾਜ਼ ਸਨ। ਪੁਲਿਸ ਅਨੁਸਾਰ, ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਨੌਜਵਾਨ ਲੜਕਾ ਅਤੇ ਲੜਕੀ ਇਕੱਠੇ ਆਏ ਸਨ। ਇਸ ਦੌਰਾਨ ਲੜਕੀ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਬਾਰੇ ਜਾਣਕਾਰੀ ਮਿਲ ਗਈ ਅਤੇ ਉਨ੍ਹਾਂ ਨੇ ਦੋਵਾਂ ਨੂੰ ਘੇਰ ਲਿਆ। ਪੁਲਿਸ ਮੁਤਾਬਕ, ਨੌਜਵਾਨ ਖੇਤਾਂ ਦੇ ਰਸਤੇ ਮੌਕੇ ਤੋਂ ਭੱਜਣ ਵਿੱਚ ਕਾਮਯਾਬ ਹੋ ਗਿਆ, ਜਦਕਿ ਲੜਕੀ ਦੀ ਪਰਿਵਾਰਕ ਮੈਂਬਰਾਂ ਵੱਲੋਂ ਹੱਤਿਆ ਕਰ ਦਿੱਤੀ ਗਈ। ਪੁਲਿਸ ਨੇ ਦੱਸਿਆ ਕਿ ਮੁੱਢਲੀ ਜਾਂਚ ਦੇ ਆਧਾਰ ‘ਤੇ ਮ੍ਰਿਤਕਾ ਦੇ ਮਾਪਿਆਂ ‘ਤੇ ਸ਼ੱਕ ਜਤਾਇਆ ਜਾ ਰਿਹਾ ਹੈ। ਹਾਲਾਂਕਿ, ਮਾਮਲੇ ਦੀ ਹਰ ਪੱਖ ਤੋਂ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਡੀਐਸਪੀ ਅਵਤਾਰ ਸਿੰਘ ਨੇ ਕਿਹਾ ਕਿ ਜਾਂਚ ਜਾਰੀ ਹੈ ਅਤੇ ਤਫਤੀਸ਼ ਦੌਰਾਨ ਜੋ ਵੀ ਤੱਥ ਸਾਹਮਣੇ ਆਉਣਗੇ, ਉਨ੍ਹਾਂ ਨੂੰ ਜਨਤਕ ਕੀਤਾ ਜਾਵੇਗਾ। ਪੁਲਿਸ ਨੇ ਇਹ ਵੀ ਕਿਹਾ ਹੈ ਕਿ ਮਾਮਲੇ ਵਿੱਚ ਸ਼ਾਮਲ ਦੋਸ਼ੀਆਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ।
Leave a Reply