ਕੌਮਾਂਤਰੀ ਹਵਾਈ ਅੱਡਿਆਂ 'ਤੇ ਸੁਰੱਖਿਆ ਨੂੰ ਲੈ ਕੇ ਵੱਡਾ ਫ਼ੈਸਲਾ: 7 ਹਜ਼ਾਰ ਮੁਲਾਜ਼ਮਾਂ ਦੇ ਰਿਕਾਰਡ ਦੀ ਹੋਵੇਗੀ ਪੜਤਾਲ

ਕੌਮਾਂਤਰੀ ਹਵਾਈ ਅੱਡਿਆਂ 'ਤੇ ਸੁਰੱਖਿਆ ਨੂੰ ਲੈ ਕੇ ਵੱਡਾ ਫ਼ੈਸਲਾ: 7 ਹਜ਼ਾਰ ਮੁਲਾਜ਼ਮਾਂ ਦੇ ਰਿਕਾਰਡ ਦੀ ਹੋਵੇਗੀ ਪੜਤਾਲ

ਕੈਨੇਡਾ ਦੇ ਕੁਝ ਕੌਮਾਂਤਰੀ ਹਵਾਈ ਅੱਡਿਆਂ 'ਤੇ ਯਾਤਰੀਆਂ ਦੇ ਸੂਟਕੇਸਾਂ ਦੇ ਟੈਗ ਬਦਲ ਕੇ ਨਸ਼ੀਲੇ ਪਦਾਰਥ ਅਤੇ ਹੋਰ ਗ਼ੈਰ-ਕਾਨੂੰਨੀ ਵਸਤਾਂ ਲੰਘਾਉਣ ਦੀਆਂ ਘਟਨਾਵਾਂ ਸਾਹਮਣੇ ਆਉਣ ਤੋਂ ਬਾਅਦ ਕੈਨੇਡਾ ਦਾ ਟਰਾਂਸਪੋਰਟ ਵਿਭਾਗ ਸਖ਼ਤੀ ਦੇ ਰੌਂਅ ਵਿੱਚ ਹੈ। ਮੰਤਰੀ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਕਿ ਦੇਸ਼ ਦੇ ਕੌਮਾਂਤਰੀ ਹਵਾਈ ਅੱਡਿਆਂ 'ਤੇ ਕੰਮ ਕਰਦੇ ਮੁਲਾਜ਼ਮਾਂ ਦਾ ਅਪਰਾਧਿਕ ਰਿਕਾਰਡ ਚੈੱਕ ਕਰਵਾਏ ਜਾਣ 'ਤੇ ਇਹ ਸਾਹਮਣੇ ਆਇਆ ਹੈ ਕਿ ਵੱਡੀ ਗਿਣਤੀ ਵਿੱਚ, ਭਾਵ ਸੱਤ ਹਜ਼ਾਰ ਕਾਮਿਆਂ ਦਾ ਰਿਕਾਰਡ ਠੀਕ ਨਹੀਂ ਹੈ। ਮੰਤਰੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਇਸ ਅਪਰਾਧਿਕ ਰਿਕਾਰਡ ਵਿੱਚ ਛੋਟੇ-ਮੋਟੇ ਅਪਰਾਧ, ਜਿਵੇਂ ਕਿ ਵੱਡੀਆਂ ਟਰੈਫਿਕ ਉਲੰਘਣਾਵਾਂ ਵੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਹੁਣ ਇਨ੍ਹਾਂ ਮੁਲਾਜ਼ਮਾਂ ਦੇ ਪਿਛੋਕੜ ਅਤੇ ਮਾਨਸਿਕਤਾ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾਵੇਗੀ ਕਿ ਉਨ੍ਹਾਂ ਵਿੱਚੋਂ ਕਿਸ-ਕਿਸ ਤੋਂ ਸਹਿਜ-ਸੁਭਾਅ ਗ਼ਲਤੀਆਂ ਹੋਈਆਂ ਹਨ ਅਤੇ ਕਿੰਨਾਂ ਦੀ ਨੀਅਤ ਹੀ ਗ਼ਲਤ ਹੈ। ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਯਾਤਰੀਆਂ ਦੀ ਸੁਰੱਖਿਆ ਉਨ੍ਹਾਂ ਦੀ ਸਭ ਤੋਂ ਵੱਡੀ ਪਹਿਲ ਹੈ। ਜ਼ਿਕਰਯੋਗ ਹੈ ਕਿ ਬੀਤੇ ਸਾਲਾਂ ਦੌਰਾਨ ਕੈਨੇਡਾ ਦੇ ਹਵਾਈ ਅੱਡਿਆਂ 'ਤੇ ਅਜਿਹੀਆਂ ਕਈ ਘਟਨਾਵਾਂ ਵਾਪਰੀਆਂ ਹਨ, ਜਿਨ੍ਹਾਂ ਨੇ ਇੱਥੋਂ ਦੇ ਸੁਰੱਖਿਆ ਪ੍ਰਬੰਧਾਂ 'ਤੇ ਵੱਡੇ ਸਵਾਲ ਖੜ੍ਹੇ ਕੀਤੇ ਹਨ। ਤਿੰਨ ਸਾਲ ਪਹਿਲਾਂ ਟੋਰਾਂਟੋ ਪੀਅਰਸਨ ਕੌਮਾਂਤਰੀ ਹਵਾਈ ਅੱਡੇ 'ਤੇ ਵਿਦੇਸ਼ ਤੋਂ ਕਾਰਗੋ ਰਾਹੀਂ ਆਏ ਸੈਂਕੜੇ ਕਰੋੜ ਰੁਪਏ ਦੀ ਕੀਮਤ ਵਾਲੇ ਸੋਨੇ ਦੀ ਡਿਲਿਵਰੀ ਕਿਸੇ ਨੇ ਫ਼ਰਜ਼ੀ ਬਿਲਟੀ ਰਾਹੀਂ ਲੈ ਲਈ ਸੀ। ਭਾਵੇਂ ਇਸ ਮਾਮਲੇ ਦਾ ਦੋਸ਼ ਏਅਰ ਕੈਨੇਡਾ ਵਿੱਚ ਮੈਨੇਜਰ ਵਜੋਂ ਕੰਮ ਕਰਦੇ ਭਾਰਤੀ ਮੂਲ ਦੇ ਵਿਅਕਤੀ ਉੱਤੇ ਲੱਗਾ ਸੀ, ਪਰ ਪੁਲੀਸ ਸੋਨੇ ਦੀ ਉਸ ਚੋਰੀ ਹੋਈ ਖੇਪ ਜਾਂ ਨਕਦੀ ਵਿੱਚੋਂ 2 ਫ਼ੀਸਦ ਹਿੱਸਾ ਵੀ ਬਰਾਮਦ ਨਹੀਂ ਕਰ ਸਕੀ। ਇਸ ਤੋਂ ਇਲਾਵਾ, ਲੰਘੇ ਮਹੀਨੇ ਮੁਲਾਜ਼ਮਾਂ ਵੱਲੋਂ ਸਧਾਰਨ ਯਾਤਰੀਆਂ ਦੇ ਸੂਟਕੇਸਾਂ ਦੇ ਟੈਗ ਤਸਕਰਾਂ ਦੇ ਸੂਟਕੇਸਾਂ ਨਾਲ ਬਦਲ ਕੇ ਬਾਹਰ ਕਢਵਾਏ ਜਾਣ ਦਾ ਮਾਮਲਾ ਵੀ ਸਾਹਮਣੇ ਆਇਆ ਸੀ। ਇਸ ਦਾ ਖ਼ਮਿਆਜ਼ਾ ਹੁਣ ਤੱਕ ਉਹ ਸਧਾਰਨ ਯਾਤਰੀ ਭੁਗਤ ਰਹੇ ਹਨ, ਜਿਨ੍ਹਾਂ ਦੇ ਸੂਟਕੇਸਾਂ 'ਤੇ ਨਸ਼ਿਆਂ ਵਾਲੇ ਸੂਟਕੇਸਾਂ ਦੇ ਟੈਗ ਲਾਏ ਗਏ ਸਨ। ਇਸ ਮਾਮਲੇ ਦੀ ਗੂੰਜ ਔਟਵਾ ਸਥਿਤ ਪਾਰਲੀਮੈਂਟ ਵਿੱਚ ਵੀ ਸੁਣਾਈ ਦਿੱਤੀ ਸੀ।