ਨਿਵੇਸ਼ ਦੇ ਨਾਮ ’ਤੇ ਕਰੋੜਾਂ ਦੀ ਠੱਗੀ: ਪਠਾਨਕੋਟ ਅਤੇ ਜੰਮੂ-ਕਸ਼ਮੀਰ ਸਮੇਤ 8 ਟਿਕਾਣਿਆਂ ’ਤੇ ਈਡੀ ਦੀ ਵੱਡੀ ਛਾਪੇਮਾਰੀ
- ਪੰਜਾਬ
- (Asia/Kolkata)
ਐਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਸ਼ੁੱਕਰਵਾਰ ਨੂੰ ਸ਼ਸਤਰ ਸੀਮਾ ਬਲ (SSB) ਦੇ ਇੱਕ ਸਾਬਕਾ ਅਧਿਕਾਰੀ ਵਿਰੁੱਧ ਮਨੀ ਲਾਂਡਰਿੰਗ ਦੀ ਜਾਂਚ ਦੇ ਹਿੱਸੇ ਵਜੋਂ ਜੰਮੂ-ਕਸ਼ਮੀਰ ਅਤੇ ਪੰਜਾਬ ਵਿੱਚ ਕਈ ਥਾਵਾਂ ’ਤੇ ਛਾਪੇਮਾਰੀ ਕੀਤੀ ਹੈ। ਇਸ ਸਾਬਕਾ ਅਧਿਕਾਰੀ ’ਤੇ ਅਰਧ ਸੈਨਿਕ ਬਲ ਦੇ ਜਵਾਨਾਂ ਸਮੇਤ ਕਈ ਨਿਵੇਸ਼ਕਾਂ ਨਾਲ ਕਥਿਤ ਤੌਰ ’ਤੇ ਕਰੋੜਾਂ ਰੁਪਏ ਦੀ ਠੱਗੀ ਮਾਰਨ ਦਾ ਦੋਸ਼ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮਨੀ ਲਾਂਡਰਿੰਗ ਰੋਕੂ ਐਕਟ (PMLA) ਤਹਿਤ ਕੀਤੀ ਗਈ ਇਸ ਕਾਰਵਾਈ ਦੌਰਾਨ ਜੰਮੂ, ਕਠੂਆ, ਊਧਮਪੁਰ ਅਤੇ ਪੰਜਾਬ ਦੇ ਪਠਾਨਕੋਟ ਵਿੱਚ ਕੁੱਲ ਅੱਠ ਟਿਕਾਣਿਆਂ ’ਤੇ ਤਲਾਸ਼ੀ ਲਈ ਗਈ। ਉਨ੍ਹਾਂ ਜਾਣਕਾਰੀ ਦਿੱਤੀ ਕਿ ਇਹ ਜਾਂਚ ਸ਼ਸਤਰ ਸੀਮਾ ਬਲ (SSB) ਦੇ ਸਾਬਕਾ ਮੁਲਾਜ਼ਮ ਗੁਰਮੀਤ ਸਿੰਘ ਅਤੇ ਉਸ ਦੇ ਸਾਥੀਆਂ ਵੱਲੋਂ ਚਲਾਈ ਗਈ ਇੱਕ ਫ਼ਰਜ਼ੀ ‘ਮਨੀ ਮਲਟੀਪਲਾਇਰ’ ਅਤੇ ਨਿਵੇਸ਼ ਸਕੀਮ ਨਾਲ ਸਬੰਧਤ ਹੈ। ਈਡੀ ਦੀ ਇਹ ਕਾਰਵਾਈ ਜੰਮੂ-ਕਸ਼ਮੀਰ, ਉੱਤਰਾਖੰਡ, ਉੱਤਰ ਪ੍ਰਦੇਸ਼, ਰਾਜਸਥਾਨ, ਹਰਿਆਣਾ ਅਤੇ ਬਿਹਾਰ ਦੇ ਵੱਖ-ਵੱਖ ਪੁਲਿਸ ਅਧਿਕਾਰੀਆਂ ਵੱਲੋਂ ਦਰਜ ਕੀਤੀਆਂ ਗਈਆਂ ਕਈ ਐੱਫ.ਆਈ.ਆਰਜ਼ (FIR) ’ਤੇ ਅਧਾਰਿਤ ਹੈ। ਇਹ ਮਾਮਲੇ ਆਮ ਲੋਕਾਂ ਸਮੇਤ ਸੇਵਾ ਨਿਭਾਅ ਰਹੇ ਅਤੇ ਸੇਵਾਮੁਕਤ ਐੱਸ.ਐੱਸ.ਬੀ. ਮੁਲਾਜ਼ਮਾਂ ਨਾਲ ਧੋਖਾਧੜੀ ਕਰਨ ਸਬੰਧੀ ਦਰਜ ਕੀਤੇ ਗਏ ਸਨ, ਜਿਨ੍ਹਾਂ ਨੂੰ ਮੋਟਾ ਅਤੇ ਯਕੀਨੀ ਮਹੀਨਾਵਾਰ ਮੁਨਾਫ਼ਾ ਦੇਣ ਦੇ ਝੂਠੇ ਵਾਅਦੇ ਕਰਕੇ ਨਿਵੇਸ਼ ਕਰਨ ਲਈ ਪ੍ਰੇਰਿਤ ਕੀਤਾ ਗਿਆ ਸੀ। ਅਧਿਕਾਰੀਆਂ ਮੁਤਾਬਕ, ਮੁਲਜ਼ਮਾਂ ਨੇ ਵੱਖ-ਵੱਖ ਸੰਸਥਾਵਾਂ ਅਤੇ ਕੰਪਨੀਆਂ ਰਾਹੀਂ ਨਿਵੇਸ਼ਕਾਂ ਤੋਂ ਕਰੋੜਾਂ ਰੁਪਏ ਦੀ ਵੱਡੀ ਰਕਮ ਇਕੱਠੀ ਕੀਤੀ ਸੀ।
Leave a Reply