ਇਮਰਾਨ ਖ਼ਾਨ ਦੀ ਸਿਹਤ: ਪੀਟੀਆਈ ਵੱਲੋਂ ਵੱਡੇ ਵਿਰੋਧ ਪ੍ਰਦਰਸ਼ਨ ਦੀ ਤਿਆਰੀ; ਰਾਵਲਪਿੰਡੀ ’ਚ 144 ਲਾਗੂ

ਇਮਰਾਨ ਖ਼ਾਨ ਦੀ ਸਿਹਤ: ਪੀਟੀਆਈ ਵੱਲੋਂ ਵੱਡੇ ਵਿਰੋਧ ਪ੍ਰਦਰਸ਼ਨ ਦੀ ਤਿਆਰੀ; ਰਾਵਲਪਿੰਡੀ ’ਚ 144 ਲਾਗੂ

ਪਾਕਿਸਤਾਨ ਦੇ ਸਾਬਕਾ ਵਜ਼ੀਰੇ ਆਜ਼ਮ ਇਮਰਾਨ ਖਾਨ ਦੀ ਨਾਸਾਜ਼ ਸਿਹਤ ਅਤੇ ਮੌਤ ਬਾਰੇ ਲਗਾਤਾਰ ਫੈਲ ਰਹੀਆਂ ਅਫਵਾਹਾਂ ਦਰਮਿਆਨ ਅਧਿਕਾਰੀਆਂ ਨੇ ਰਾਵਲਪਿੰਡੀ ਵਿੱਚ ਧਾਰਾ 144 ਲਾਗੂ ਕਰ ਦਿੱਤੀ ਹੈ, ਜਿਸ ਨਾਲ ਸਾਰੇ ਜਨਤਕ ਇਕੱਠਾਂ ’ਤੇ ਪ੍ਰਭਾਵਸ਼ਾਲੀ ਢੰਗ ਨਾਲ ਪਾਬੰਦੀ ਲਗਾ ਦਿੱਤੀ ਗਈ ਹੈ। ਇਹ ਕਦਮ ਉਦੋਂ ਚੁੱਕਿਆ ਗਿਆ ਹੈ ਜਦੋਂ ਖਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਪਾਰਟੀ ਨੇ ਜੇਲ੍ਹ ਵਿੱਚ ਬੰਦ ਆਗੂ ਤੱਕ ਪਹੁੰਚ ਦੀ ਮੰਗ ਕਰਦੇ ਹੋਏ ਵਿਰੋਧ ਪ੍ਰਦਰਸ਼ਨਾਂ ਦਾ ਐਲਾਨ ਕੀਤਾ ਹੈ।

ਰਾਵਲਪਿੰਡੀ ਦੇ ਡਿਪਟੀ ਕਮਿਸ਼ਨਰ ਡਾ. ਹਸਨ ਵਕਾਰ ਚੀਮਾ ਵੱਲੋਂ ਜਾਰੀ ਕੀਤੇ ਗਏ ਇੱਕ ਹੁਕਮ ਵਿੱਚ ਕਿਹਾ ਗਿਆ ਹੈ ਕਿ ਜ਼ਾਬਤਾ ਫੌਜਦਾਰੀ ਪ੍ਰਕਿਰਿਆ (ਪੰਜਾਬ ਸੋਧ) ਐਕਟ, 2024 ਦੀ ਧਾਰਾ 144 ਪਹਿਲੀ ਦਸੰਬਰ ਤੋਂ ਤਿੰਨ ਦਸੰਬਰ ਤੱਕ ਲਾਗੂ ਰਹੇਗੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜਨਤਕ ਸੁਰੱਖਿਆ ਅਤੇ ਵਿਵਸਥਾ ਲਈ ‘ਸੰਭਾਵੀ ਖ਼ਤਰੇ’ ਕਾਰਨ ਪਾਬੰਦੀਆਂ ਜ਼ਰੂਰੀ ਹਨ।