ਆਸਟਰੇਲੀਆ: ਬੌਂਡਾਈ ਅਤਿਵਾਦੀ ਹਮਲੇ ਦਾ ਫ਼ਰਜ਼ੀ ਪੀੜਤ ਬਣ ਕੇ ਮੁਆਵਜ਼ਾ ਠੱਗਣ ਦੀ ਕੋਸ਼ਿਸ਼, ਭਾਰਤੀ ਮੂਲ ਦਾ ਵਿਅਕਤੀ ਨਾਮਜ਼ਦ

ਆਸਟਰੇਲੀਆ: ਬੌਂਡਾਈ ਅਤਿਵਾਦੀ ਹਮਲੇ ਦਾ ਫ਼ਰਜ਼ੀ ਪੀੜਤ ਬਣ ਕੇ ਮੁਆਵਜ਼ਾ ਠੱਗਣ ਦੀ ਕੋਸ਼ਿਸ਼, ਭਾਰਤੀ ਮੂਲ ਦਾ ਵਿਅਕਤੀ ਨਾਮਜ਼ਦ

ਆਸਟਰੇਲੀਆ ਦੇ ਪ੍ਰਸਿੱਧ ਬੌਂਡਾਈ ਬੀਚ (Bondi Beach) ਉੱਤੇ ਵਾਪਰੇ ਭਿਆਨਕ ਅਤਿਵਾਦੀ ਹਮਲੇ ਨਾਲ ਜੁੜਿਆ ਇੱਕ ਬੇਹੱਦ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਆਸਟਰੇਲੀਆਈ ਪੁਲੀਸ ਨੇ ਹਮਲੇ ਦਾ ਫ਼ਰਜ਼ੀ ਪੀੜਤ ਬਣ ਕੇ ਸਰਕਾਰ ਕੋਲੋਂ ਲਗਭਗ 24 ਲੱਖ ਰੁਪਏ (35,000 ਆਸਟਰੇਲੀਆਈ ਡਾਲਰ) ਦਾ ਮੁਆਵਜ਼ਾ ਹੜੱਪਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਹੇਠ ਭਾਰਤੀ ਮੂਲ ਦੇ ਇੱਕ 46 ਸਾਲਾ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲੀਸ ਜਾਂਚ ਦੌਰਾਨ ਖੁੱਲ੍ਹੀ ਦਾਅਵੇ ਦੀ ਪੋਲ ਪੁਲੀਸ ਅਨੁਸਾਰ ਦੋਸ਼ੀ ਵਿਅਕਤੀ ਨੇ ਦਾਅਵਾ ਕੀਤਾ ਸੀ ਕਿ ਹਮਲੇ ਦੌਰਾਨ ਹੋਈ ਗੋਲੀਬਾਰੀ ਜਾਂ ਧਮਾਕੇ ਤੋਂ ਨਿਕਲੇ ਧਾਤ ਦੇ ਤਿੱਖੇ ਟੁਕੜਿਆਂ (ਸ਼ਰੈਪਨਲ) ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਸੀ। ਹਾਲਾਂਕਿ, ਜਦੋਂ ਸਬੰਧਤ ਵਿਭਾਗ ਅਤੇ ਪੁਲੀਸ ਵੱਲੋਂ ਇਸ ਦਾਅਵੇ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ, ਤਾਂ ਉਸ ਦੇ ਬਿਆਨਾਂ ਅਤੇ ਸਬੂਤਾਂ 'ਤੇ ਗੰਭੀਰ ਸਵਾਲ ਖੜ੍ਹੇ ਹੋ ਗਏ। ਜਾਂਚ ਵਿੱਚ ਸੱਚਾਈ ਸਾਹਮਣੇ ਆਉਣ ਤੋਂ ਬਾਅਦ ਉਸ ਨੂੰ ਪੈਰਾਮਾਟਾ ਪੁਲੀਸ ਸਟੇਸ਼ਨ ਵਿਖੇ ਮੁਲਜ਼ਮ ਵਜੋਂ ਨਾਮਜ਼ਦ ਕਰ ਲਿਆ ਗਿਆ। 15 ਲੋਕਾਂ ਦੀ ਜਾਨ ਲੈਣ ਵਾਲਾ ਬੌਂਡਾਈ ਹਮਲਾ ਜ਼ਿਕਰਯੋਗ ਹੈ ਕਿ 14 ਦਸੰਬਰ 2025 ਨੂੰ ਬੌਂਡਾਈ ਬੀਚ 'ਤੇ ਯਹੂਦੀ ਭਾਈਚਾਰੇ ਵੱਲੋਂ ਮਨਾਏ ਜਾ ਰਹੇ 'ਹਨੂਕਾ' ਸਮਾਗਮ ਦੌਰਾਨ ਗੋਲੀਬਾਰੀ ਦੀ ਇਹ ਖ਼ੂਨੀ ਵਾਰਦਾਤ ਵਾਪਰੀ ਸੀ, ਜਿਸ ਵਿੱਚ 15 ਬੇਗੁਨਾਹ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਦਰਜਨਾਂ ਹੋਰ ਜ਼ਖ਼ਮੀ ਹੋਏ ਸਨ। ਇਸ ਤੋਂ ਬਾਅਦ ਆਸਟਰੇਲੀਆਈ ਸਰਕਾਰ ਨੇ ਇੱਕ ਵਿਸ਼ੇਸ਼ ਸਹਾਇਤਾ ਯੋਜਨਾ ਤਹਿਤ ਹਮਲੇ ਵਿੱਚ ਗੋਲੀ ਜਾਂ ਧਾਤ ਦੇ ਟੁਕੜਿਆਂ ਨਾਲ ਜ਼ਖ਼ਮੀ ਹੋਏ ਪੀੜਤਾਂ ਲਈ 35,000 ਡਾਲਰ ਤੱਕ ਦੀ ਵਿੱਤੀ ਮਦਦ ਦੇਣ ਦਾ ਐਲਾਨ ਕੀਤਾ ਸੀ। 18 ਨਵੰਬਰ ਨੂੰ ਅਦਾਲਤ 'ਚ ਹੋਵੇਗੀ ਪੇਸ਼ੀ ਇਸ ਮਾਮਲੇ ਵਿੱਚ ਕਾਰਵਾਈ ਕਰਦਿਆਂ ਪੁਲੀਸ ਨੇ ਮੁਲਜ਼ਮ ਨੂੰ ਕੁਝ ਸ਼ਰਤਾਂ ਅਧੀਨ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਹੈ। ਉਸ ਨੂੰ ਆਉਂਦੀ 18 ਨਵੰਬਰ ਨੂੰ ਪੈਰਾਮਾਟਾ ਦੀ ਸਥਾਨਕ ਅਦਾਲਤ (Paramatta Local Court) ਵਿੱਚ ਪੇਸ਼ ਹੋਣਾ ਪਵੇਗਾ। ਹਾਲਾਂਕਿ, ਅਜੇ ਤੱਕ ਅਦਾਲਤ ਵਿੱਚ ਉਸ ਖ਼ਿਲਾਫ਼ ਦੋਸ਼ ਸਾਬਤ ਨਹੀਂ ਹੋਏ ਹਨ। ਕਾਨੂੰਨੀ ਪ੍ਰਕਿਰਿਆਵਾਂ ਅਤੇ ਗੋਪਨੀਯਤਾ ਦੇ ਨਿਯਮਾਂ ਦੇ ਮੱਦੇਨਜ਼ਰ ਪੁਲੀਸ ਵੱਲੋਂ ਫ਼ਿਲਹਾਲ ਮੁਲਜ਼ਮ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਹੈ।