ਚੰਡੀਗੜ੍ਹ ਯੂਨੀਵਰਸਿਟੀ ਹੋਸਟਲ 'ਚ ਤਣਾਅ: ਵਿਦਿਆਰਥੀ 'ਤੇ ਚਾਕੂ ਨਾਲ ਹਮਲਾ, ਦੇਰ ਰਾਤ ਕੈਂਪਸ 'ਚ ਜ਼ੋਰਦਾਰ ਹੰਗਾਮਾ

ਚੰਡੀਗੜ੍ਹ ਯੂਨੀਵਰਸਿਟੀ ਹੋਸਟਲ 'ਚ ਤਣਾਅ: ਵਿਦਿਆਰਥੀ 'ਤੇ ਚਾਕੂ ਨਾਲ ਹਮਲਾ, ਦੇਰ ਰਾਤ ਕੈਂਪਸ 'ਚ ਜ਼ੋਰਦਾਰ ਹੰਗਾਮਾ

ਮੁਹਾਲੀ ਜ਼ਿਲ੍ਹੇ ਦੇ ਘੜੂੰਆਂ ਸਥਿਤ ਚੰਡੀਗੜ੍ਹ ਯੂਨੀਵਰਸਿਟੀ ਕੈਂਪਸ ਵਿੱਚ ਮੰਗਲਵਾਰ ਦੇਰ ਰਾਤ ਸਥਿਤੀ ਉਸ ਸਮੇਂ ਬੇਹੱਦ ਤਣਾਅਪੂਰਨ ਹੋ ਗਈ, ਜਦੋਂ ਹੋਸਟਲ ਦੇ ਅੰਦਰ ਇੱਕ ਵਿਦਿਆਰਥੀ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ ਗਿਆ। ਇਸ ਘਟਨਾ ਅਤੇ ਕੈਂਪਸ ਦੀ ਢਿੱਲੀ ਸੁਰੱਖਿਆ ਵਿਵਸਥਾ ਨੂੰ ਲੈ ਕੇ ਗੁੱਸੇ ਵਿੱਚ ਆਏ ਵਿਦਿਆਰਥੀਆਂ ਨੇ ਦੇਰ ਰਾਤ ਹੀ ਜ਼ੋਰਦਾਰ ਪ੍ਰਦਰਸ਼ਨ ਕਰਦਿਆਂ ਭਾਰੀ ਹੰਗਾਮਾ ਕੀਤਾ। ਮਿਲੀ ਜਾਣਕਾਰੀ ਅਨੁਸਾਰ, ਇਹ ਵਾਰਦਾਤ ਮੰਗਲਵਾਰ ਰਾਤ ਲਗਪਗ 12 ਵਜੇ ਹੋਸਟਲ ਦੇ ਅੰਦਰ ਵਾਪਰੀ। ਆਪਸੀ ਝਗੜੇ ਦੌਰਾਨ ਇੱਕ ਵਿਦਿਆਰਥੀ 'ਤੇ ਚਾਕੂ ਨਾਲ ਹਮਲਾ ਕੀਤਾ ਗਿਆ, ਜਿਸ ਵਿੱਚ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਵਾਰਦਾਤ ਦੀ ਖ਼ਬਰ ਫੈਲਦਿਆਂ ਹੀ ਵੱਡੀ ਗਿਣਤੀ ਵਿੱਚ ਵਿਦਿਆਰਥੀ ਇਕੱਠੇ ਹੋ ਗਏ ਅਤੇ ਉਨ੍ਹਾਂ ਨੇ ਯੂਨੀਵਰਸਿਟੀ ਪ੍ਰਸ਼ਾਸਨ ਦੇ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਮਾਹੌਲ ਵਿਗੜਦਾ ਦੇਖ ਕੇ ਅਤੇ ਭੀੜ 'ਤੇ ਕਾਬੂ ਪਾਉਣ ਲਈ ਪੁਲੀਸ ਟੀਮਾਂ ਤੁਰੰਤ ਮੌਕੇ 'ਤੇ ਪਹੁੰਚੀਆਂ। ਪੁਲੀਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਜ਼ਖ਼ਮੀ ਵਿਦਿਆਰਥੀ ਦੀ ਹਾਲਤ ਫਿਲਹਾਲ ਸਥਿਰ ਹੈ ਅਤੇ ਉਸ ਨੂੰ ਇਲਾਜ ਲਈ ਸਬ ਡਿਵੀਜ਼ਨਲ ਹਸਪਤਾਲ ਖਰੜ ਵਿਖੇ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਸ ਦਾ ਡਾਕਟਰੀ ਉਪਚਾਰ ਚੱਲ ਰਿਹਾ ਹੈ। ਕੈਂਪਸ ਵਿੱਚ ਅਮਨ-ਕਾਨੂੰਨ ਦੀ ਸਥਿਤੀ ਬਣਾਏ ਰੱਖਣ ਲਈ ਪੁਲੀਸ ਪੂਰੀ ਤਰ੍ਹਾਂ ਮੁਸਤੈਦ ਹੈ। ਪੁਲੀਸ ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਹੈ ਕਿ ਕਿਸੇ ਵੀ ਤਰ੍ਹਾਂ ਦੀਆਂ ਅਫ਼ਵਾਹਾਂ ਅਤੇ ਅਪ੍ਰਮਾਣਿਤ ਜਾਣਕਾਰੀ ਨੂੰ ਫੈਲਣ ਤੋਂ ਰੋਕਣ ਲਈ ਸਮਾਜ ਵਿਰੋਧੀ ਤੱਤਾਂ ਅਤੇ ਸ਼ੱਕੀ ਸੋਸ਼ਲ ਮੀਡੀਆ ਹੈਂਡਲਾਂ 'ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ।