ਅੰਮ੍ਰਿਤਸਰ ਦੀ ਜੁਝਾਰ ਸਿੰਘ ਕਲੋਨੀ ਵਿੱਚ ਦਰਦਨਾਕ ਘਟਨਾ: ਮਾਂ ਅਤੇ ਦੋ ਕੁੱਤਿਆਂ ਦਾ ਕਤਲ ਕਰਨ ਮਗਰੋਂ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ

ਅੰਮ੍ਰਿਤਸਰ ਦੀ ਜੁਝਾਰ ਸਿੰਘ ਕਲੋਨੀ ਵਿੱਚ ਦਰਦਨਾਕ ਘਟਨਾ: ਮਾਂ ਅਤੇ ਦੋ ਕੁੱਤਿਆਂ ਦਾ ਕਤਲ ਕਰਨ ਮਗਰੋਂ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ

ਸਥਾਨਕ ਜੁਝਾਰ ਸਿੰਘ ਕਲੋਨੀ ਵਿੱਚ ਇੱਕ ਵਿਅਕਤੀ ਵੱਲੋਂ ਆਪਣੀ ਮਾਂ ਅਤੇ ਦੋ ਕੁੱਤਿਆਂ ਨੂੰ ਗੋਲੀ ਮਾਰ ਕੇ ਕਤਲ ਕਰਨ ਮਗਰੋਂ ਆਪਣੇ ਆਪ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਵਿੱਚ ਮ੍ਰਿਤਕ ਔਰਤ ਦੀ ਪਛਾਣ ਭੁਪਿੰਦਰ ਕੌਰ ਅਤੇ ਗੋਲੀ ਮਾਰਨ ਮਗਰੋਂ ਖ਼ੁਦਕੁਸ਼ੀ ਕਰਨ ਵਾਲੇ ਵਿਅਕਤੀ ਦੀ ਪਛਾਣ ਹਰਪ੍ਰੀਤ ਸਿੰਘ ਵਜੋਂ ਹੋਈ ਹੈ। ਘਟਨਾ ਵਾਲੀ ਥਾਂ ’ਤੇ ਪੁੱਜੇ ਪੁਲੀਸ ਅਧਿਕਾਰੀ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਰਿਵਾਰ ਤੋਂ ਮਿਲੀ ਮੁੱਢਲੀ ਜਾਣਕਾਰੀ ਮੁਤਾਬਕ ਹਰਪ੍ਰੀਤ ਸਿੰਘ ਮਾਨਸਿਕ ਤੌਰ ’ਤੇ ਪਰੇਸ਼ਾਨ ਸੀ ਅਤੇ ਨਸ਼ਾ ਵੀ ਕਰਦਾ ਸੀ। ਉਹ ਕੁਝ ਸਾਲ ਵਿਦੇਸ਼ ਵਿੱਚ ਰਹਿ ਕੇ ਵਾਪਸ ਆਇਆ ਸੀ। ਪੁਲੀਸ ਅਨੁਸਾਰ, ਅੱਜ ਉਸ ਨੇ ਆਪਣੇ ਦੋ ਕੁੱਤਿਆਂ ਨੂੰ ਗੋਲੀ ਮਾਰਨ ਤੋਂ ਬਾਅਦ ਆਪਣੀ ਮਾਂ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਮਗਰੋਂ ਕੁਝ ਦੂਰੀ ’ਤੇ ਸਥਿਤ ਇੱਕ ਖਾਲੀ ਪਲਾਟ ਵਿੱਚ ਜਾ ਕੇ ਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਇਸ ਘਟਨਾ ਪਿੱਛੇ ਅਸਲ ਕਾਰਨ ਕੀ ਸਨ, ਇਸ ਸਬੰਧੀ ਫ਼ਿਲਹਾਲ ਕੋਈ ਸਪੱਸ਼ਟ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਇਸੇ ਘਰ ਦੀ ਹੇਠਲੀ ਮੰਜ਼ਿਲ ’ਤੇ ਰਹਿ ਰਹੀ ਹਰਪ੍ਰੀਤ ਸਿੰਘ ਦੀ ਭਰਜਾਈ ਨੇ ਦੱਸਿਆ ਕਿ ਘਟਨਾ ਵੇਲੇ ਉਹ ਆਪਣੇ ਦੋ ਬੱਚਿਆਂ ਸਮੇਤ ਕਮਰੇ ਵਿੱਚ ਮੌਜੂਦ ਸੀ। ਉਨ੍ਹਾਂ ਦੱਸਿਆ ਕਿ ਇਹ ਘਟਨਾ ਕਿਵੇਂ ਵਾਪਰੀ, ਇਸ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਮੁਤਾਬਕ, ਹਰਪ੍ਰੀਤ ਨੇ ਘਰ ਵਿੱਚ ਰੱਖੇ ਦੋ ਕੁੱਤਿਆਂ ਨੂੰ ਪਹਿਲਾਂ ਗੋਲੀ ਮਾਰੀ ਅਤੇ ਉਸ ਤੋਂ ਬਾਅਦ ਆਪਣੀ ਮਾਂ ਨੂੰ ਗੋਲੀ ਮਾਰ ਦਿੱਤੀ। ਇਲਾਕੇ ਦੇ ਕੌਂਸਲਰ ਅਮਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਫ਼ੋਨ ਰਾਹੀਂ ਘਟਨਾ ਦੀ ਸੂਚਨਾ ਮਿਲੀ ਸੀ, ਜਿਸ ਮਗਰੋਂ ਉਹ ਮੌਕੇ ’ਤੇ ਪਹੁੰਚੇ। ਮੁਹੱਲੇ ਦੇ ਲੋਕਾਂ ਨੇ ਦੱਸਿਆ ਕਿ ਪਰਿਵਾਰ ਨੇ ਕੁਝ ਸਮਾਂ ਪਹਿਲਾਂ ਹੀ ਇਹ ਕੋਠੀ ਖ਼ਰੀਦੀ ਸੀ। ਉੱਪਰਲੀ ਮੰਜ਼ਿਲ ’ਤੇ ਹਰਪ੍ਰੀਤ ਅਤੇ ਉਸ ਦੀ ਮਾਂ ਰਹਿੰਦੇ ਸਨ, ਜਦਕਿ ਹੇਠਲੀ ਮੰਜ਼ਿਲ ’ਤੇ ਉਸ ਦੀ ਭਰਜਾਈ ਰਹਿੰਦੀ ਸੀ। ਹਰਪ੍ਰੀਤ ਦੇ ਛੋਟੇ ਭਰਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ।