ਸਟੱਡੀ ਸਰਕਲ ਵੱਲੋਂ ਕੌਮਾਂਤਰੀ ਮਾਂ ਬੋਲੀ ਨੂੰ ਸਮਰਪਿਤ ਸਮਾਗਮ ਆਯੋਜਿਤ

ਸਟੱਡੀ ਸਰਕਲ ਵੱਲੋਂ ਕੌਮਾਂਤਰੀ ਮਾਂ ਬੋਲੀ ਨੂੰ ਸਮਰਪਿਤ ਸਮਾਗਮ ਆਯੋਜਿਤ

ਨੈਤਿਕ ਸਿੱਖਿਆ ਇਮਤਿਹਾਨ ਦੇ ਜੇਤੂਆਂ ਦਾ ਵੀ ਕੀਤਾ ਸਨਮਾਨ (ਜਗਸੀਰ ਸਿੰਘ)- ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਸੰਗਰੂਰ ਬਰਨਾਲਾ ਬਠਿੰਡਾ ਮਾਨਸਾ ਤੇ ਆਧਾਰਿਤ ਜ਼ੋਨਲ ਪੱਧਰ ਤੇ ਅਕਤੂਬਰ ਮਹੀਨੇ ਵਿੱਚ ਕਾਲਜ ਵਿਦਿਆਰਥੀਆਂ ਦੇ ਕਰਵਾਏ ਨੈਤਿਕ ਸਿੱਖਿਆ ਇਮਤਿਹਾਨ ਦਾ ਇਨਾਮ ਵੰਡ ਸਮਾਰੋਹ ਅਤੇ ਕੋਮਾਂਤਰੀ ਮਾਂ ਬੋਲੀ ਦਿਵਸ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਦੇਸ਼ ਭਗਤ ਕਾਲਜ ਆਫ਼ ਐਜੂਕੇਸ਼ਨ ਬਰੜਵਾਲ ਧੂਰੀ ਵਿਖੇ ਪ੍ਰਿੰਸੀਪਲ ਡਾ ਕਵਿਤਾ ਮਿੱਤਲ, ਡਾ ਪਰਮਵੀਰ ਸਿੰਘ ਦੀ ਦੇਖ ਰੇਖ ਹੇਠ ਕਰਵਾਇਆ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਵਜੋਂ ਡਾ ਬਲਬੀਰ ਸਿੰਘ ਪ੍ਰਿੰਸੀਪਲ ਦੇਸ਼ ਭਗਤ ਕਾਲਜ ਬਰੜਵਾਲ ਦੇ ਪਹੁੰਚਣ ਤੇ ਕਾਲਜ ਤੇ ਸਟੱਡੀ ਸਰਕਲ ਵੱਲੋਂ ਬੂਟਾ ਭੇਂਟ ਕਰਕੇ ਨਿੱਘਾ ਸਵਾਗਤ ਕੀਤਾ ਗਿਆ। ਸਟੱਡੀ ਸਰਕਲ ਦੇ ਜ਼ੋਨਲ ਪ੍ਰਧਾਨ ਕੁਲਵੰਤ ਸਿੰਘ ਨਾਗਰੀ, ਅਜਮੇਰ ਸਿੰਘ ਜ਼ੋਨਲ ਸਕੱਤਰ, ਗੁਲਜ਼ਾਰ ਸਿੰਘ ਜਥੇਬੰਦਕ ਸਕੱਤਰ, ਬਲਵੰਤ ਸਿੰਘ ਭਿੱਖੀ ਪ੍ਰਧਾਨ ਸੰਗਰੂਰ ਯੁਨਿਟ ਦੇ ਪ੍ਬੰਧ ਅਧੀਨ ਸੁਰਿੰਦਰ ਪਾਲ ਸਿੰਘ ਸਿਦਕੀ ਡਿਪਟੀ ਚੀਫ਼ ਆਰਗੇਨਾਈਜ਼ਰ ਨੇ ਸਮਾਗਮ ਦੇ ਮੰਤਵ ਬਾਰੇ ਦੱਸਿਆ ਅਤੇ ਮੰਚ ਸੰਚਾਲਨ ਦੀ ਕਾਰਵਾਈ ਬਾਖੂਬੀ ਨਿਭਾਈ। ਕਾਲਜ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ ਨਾਲ ਸਮਾਗਮ ਦੀ ਆਰੰਭਤਾ ਕੀਤੀ ਗਈ।‌ ਕਾਲਜ ਪ੍ਰਿੰਸੀਪਲ ਨੇ ਸਵਾਗਤੀ ਸ਼ਬਦ ਕਹੇ। ਇਸ ਮੌਕੇ ਤੇ ਮੁੱਖ ਬੁਲਾਰੇ ਵਜੋਂ ਪਹੁੰਚੇ ਡਾ ਰਾਜਵਿੰਦਰ ਕੌਰ ਪੰਜਾਬੀ ਲੈਕਚਰਾਰ ਸਰਕਾਰੀ ਰਣਬੀਰ ਕਾਲਜ ਸੰਗਰੂਰ ਨੇ ਮਾਂ ਬੋਲੀ ਦਿਵਸ ਦੇ ਸੰਦਰਭ ਵਿੱਚ ਇਤਿਹਾਸ, ਪਿਛੋਕੜ ਅਤੇ ਵਰਤਮਾਨ ਦੀਆਂ ਚੁਣੌਤੀਆਂ ਬਾਰੇ ਵਿਚਾਰ ਸਾਂਝੇ ਕਰਦੇ ਕੀਤੇ। ਆਪ ਨੇ ਵਰਤਮਾਨ ਸਮੇਂ ਪੰਜਾਬੀ ਭਾਸ਼ਾ ਪ੍ਰਤੀ ਕੀਤੀ ਜਾ ਰਹੀ ਬੇਰੁੱਖੀ ਵਿਸ਼ੇਸ਼ ਕਰਕੇ ਅੰਗਰੇਜ਼ੀ ਸਕੂਲਾਂ ਵਿੱਚ ਪੰਜਾਬੀ ਬੋਲਣ ਤੇ ਲਗਾਈ ਪਾਬੰਦੀ ਤੇ ਗੰਭੀਰ ਚਿੰਤਾ ਪ੍ਰਗਟ ਕੀਤੀ। ਆਪ ਨੇ ਕਿਹਾ ਕਿ ਪੰਜਾਬ ਸਰਕਾਰ ਇਹੋ ਜਿਹੇ ਕਾਨੂੰਨ ਲਾਗੂ ਕਰੇ ਜਿਸ ਨਾਲ ਪਹਿਲੀ ਤੋਂ ਉਚੇਰੀ ਸਿੱਖਿਆ ਤੱਕ ਪੰਜਾਬੀ ਨੂੰ ਬਣਦਾ ਸਤਿਕਾਰ ਮਿਲੇ। ਵਿਚਾਰ ਚਰਚਾ ਵਿੱਚ ਭਾਗ ਲੈਂਦਿਆਂ ਪ੍ਰਿੰਸੀਪਲ ਕਵਿਤਾ ਮਿੱਤਲ, ਕੁਲਵੰਤ ਸਿੰਘ ਨਾਗਰੀ ਜ਼ੋਨਲ ਪ੍ਰਧਾਨ ਨੇ ਵੀ ਅਜੋਕੇ ਸਮੇਂ ਵਿੱਚ ਪੰਜਾਬੀ ਦੀ ਦਸ਼ਾ ਅਤੇ ਦਿਸ਼ਾ ਤੇ ਚਿੰਤਨ ਕੀਤਾ। ਅਜਮੇਰ ਸਿੰਘ ਜ਼ੋਨਲ ਸਕੱਤਰ ਵੱਲੋਂ ਨੈਤਿਕ ਸਿੱਖਿਆ ਇਮਤਿਹਾਨ ਸਬੰਧੀ ਰਿਪੋਰਟ ਪੇਸ਼ ਕਰਦਿਆਂ ਕਿਹਾ ਕਿ ਸਟੱਡੀ ਸਰਕਲ ਵੱਲੋਂ ਇਹ ਇਮਤਿਹਾਨ ਸੀ੍ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਕੀਤਾ ਗਿਆ ਸੀ। ਗੁਰੂ ਸਾਹਿਬ ਜੀ ਦੇ ਜੀਵਨ ਦਰਸ਼ਨ ਤੇ ਆਧਾਰਿਤ ਪੁਸਤਕ ਵਿੱਚੋਂ ਲਏ ਇਮਤਿਹਾਨ ਸਬੰਧੀ ਜ਼ੋਨ ਦੇ ਵੱਖ ਵੱਖ ਕਾਲਜਾਂ ਵਿੱਚ ਪ੍ਰੀਖਿਆ ਕੇਂਦਰ ਸਥਾਪਿਤ ਕੀਤੇ ਗਏ ਸਨ। ਇਸ ਜ਼ੋਨ ਦੇ ਆਧਾਰ ਤੇ ਅੱਜ ਸੰਗਰੂਰ - ਮਾਲੇਰਕੋਟਲਾ ਖੇਤਰ ਦੇ ਜੇਤੂ ਵਿਦਿਆਰਥੀਆਂ ਦਾ ਸਨਮਾਨ ਕੀਤਾ ਜਾ ਰਿਹਾ ਹੈ। ਡਾ ਬਲਬੀਰ ਸਿੰਘ ਮੁੱਖ ਮਹਿਮਾਨ ਨੇ ਸਟੱਡੀ ਸਰਕਲ ਵੱਲੋਂ ਇਸ ਇਮਤਿਹਾਨ ਰਾਹੀਂ ਗੁਰੂ ਸਾਹਿਬ ਜੀ ਦੇ ਜੀਵਨ ਇਤਿਹਾਸ ਨਾਲ ਜੋੜਣ ਅਤੇ ਵਿਦਿਆਰਥੀਆਂ ਵਿੱਚ ਨੈਤਿਕ ਕਦਰਾਂ ਕੀਮਤਾਂ ਨੂੰ ਪ੍ਰਫੁੱਲਤ ਕਰਨ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਆਪ ਨੇ ਵਿਦਿਆਰਥੀਆਂ ਨੂੰ ਗੁਰ ਇਤਿਹਾਸ, ਸ਼ੋਸ਼ਲ ਮੀਡੀਆ ਦੀ ਰੋਸ਼ਨੀ ਵਿੱਚ ਸੱਚ ਤੇ ਪਹਿਰਾ ਦੇਣ, ਨਿਮਰਤਾ, ਮਾਪਿਆਂ ਦਾ ਸਤਿਕਾਰ, ਉੱਚ ਆਚਰਣ ਆਦਿ ਨੈਤਿਕ ਸਿੱਖਿਆਵਾਂ ਨੂੰ ਅਪਣਾ ਕੇ ਸਰਬਪੱਖੀ ਸ਼ਖ਼ਸੀਅਤ ਨੂੰ ਨਿਖ਼ਾਰਨ ਦਾ ਸੰਦੇਸ਼ ਦਿੱਤਾ। ਇਸ ਇਮਤਿਹਾਨ ਵਿੱਚੋਂ ਦੂਸਰਾ ਸਥਾਨ ਪ੍ਰਾਪਤ ਕਰਤਾ ਸਥਾਨਿਕ ਕਾਲਜ ਦੀ ਵਿਦਿਆਰਥਣ ਮਨਰੂਪ ਕੌਰ ਦੇ ਨਾਲ ਦੁਪਿੰਦਰ ਕੌਰ ਸਰਕਾਰੀ ਰਣਬੀਰ ਕਾਲਜ ਸੰਗਰੂਰ, ਸਾਨੀਆ ਦੇਸ਼ ਭਗਤ ਕਾਲਜ ਬਰੜਵਾਲ ਨੂੰ ਸਟੱਡੀ ਸਰਕਲ ਵੱਲੋਂ ਨਗਦ ਪੁਰਸਕਾਰ ਅਤੇ ਬਾਕੀਆਂ ਨੂੰ ਉਤਸ਼ਾਹ ਵਧਾਊ ਇਨਾਮ ਦਿੱਤੇ ਗਏ। ਇਨਾਮ ਵੰਡਣ ਦੀ ਰਸਮ ਡਾ ਬਲਬੀਰ ਸਿੰਘ, ਡਾ ਕਵਿਤਾ ਮਿੱਤਲ, ਡਾ ਰਾਜਵਿੰਦਰ ਕੌਰ ਅਤੇ ਸਟੱਡੀ ਸਰਕਲ ਦੇ ਨੁਮਾਇੰਦਿਆਂ ਨੇ ਨਿਭਾਈ। ਸਟੱਡੀ ਸਰਕਲ ਵੱਲੋਂ ਮੁੱਖ ਮਹਿਮਾਨ ,ਕਾਲਜ ਪ੍ਰਿੰਸੀਪਲ ਅਤੇ ਮੁੱਖ ਬੁਲਾਰੇ ਨੂੰ ਦੁਸ਼ਾਲਾ ਤੇ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।ਸਮੂਹ ਕਾਲਜਾਂ ਦੇ ਪ੍ਰੋਫੈਸਰ ਇੰਚਾਰਜਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਪਰਮਜੀਤ ਕੌਰ ਸਰਕਾਰੀ ਰਣਬੀਰ ਕਾਲਜ ਸੰਗਰੂਰ ਅਤੇ ਸਥਾਨਿਕ ਕਾਲਜ ਦੇ ਵਿਦਿਆਰਥੀਆਂ ਜਸ਼ਨਪ੍ਰੀਤ ਸਿੰਘ, ਹੁਸਨਪ੍ਰੀਤ ਸਿੰਘ ਅਤੇ ਸੁਰਿੰਦਰ ਪਾਲ ਸਿੰਘ ਸਿਦਕੀ ਵੱਲੋਂ ਪੰਜਾਬੀ ਵਿਰਸੇ ਨੂੰ ਸੰਭਾਲਣ ਪ੍ਰਤੀ ਗੀਤ, ਕਵਿਤਾਵਾਂ ਦੀ ਕੀਤੀ ਪੇਸ਼ਕਾਰੀ ਨੂੰ ਸਰੋਤਿਆਂ ਨੇ ਸਲਾਹਿਆ। ਸਮਾਗਮ ਲਈ ਸਟਾਫ ਮੈਂਬਰ ਅਮਨਦੀਪ ਸਿੰਘ, ਗੁਰਪ੍ਰੀਤ ਸਿੰਘ, ਮੈਡਮ ਸੁਮਨਦੀਪ, ਅਮਨਦੀਪ ਕੌਰ, ਦੀਪਕਾ ਮੁਖੀਜਾ, ਸ਼ਿਲਪਾ ਰਾਣੀ, ਭਾਵਨਾ ਜੋਸ਼ੀ, ਹਰਪ੍ਰੀਤ ਕੌਰ, ਡਾ ਪਰਮਜੀਤ ਕੌਰ ਤੋਂ ਇਲਾਵਾ ਡਾ ਭਰਤਇੰਦਰ ਸਿੰਘ ਬਰੜਵਾਲ, ਮੈਡਮ ਰਮਨਦੀਪ ਕੌਰ, ਅਮਨਿੰਦਰ ਕੌਰ, ਪ੍ਰੋ ਜਸਪ੍ਰੀਤ ਸਿੰਘ, ਰਮਨਦੀਪ ਵਿਰਕ ਮਸਤੂਆਣਾ ਸਾਹਿਬ, ਅਮਨਪ੍ਰੀਤ ਸਿੰਘ ਸੰਦੌੜ, ਜਤਿੰਦਰ ਸਿੰਘ ਲਾਈਫ ਗਾਰਡ ਇੰਸਟੀਚਿਊਟ, ਅਵਿਨਾਸ਼ ਕੌਰ ਵੂਮੈਨ ਕਾਲਜ ਸੰਗਰੂਰ, ਅਮਨਪ੍ਰੀਤ ਸਿੰਘ ਬੇਨੜਾ, ਡਾ ਅਮਨਦੀਪ ਵਾਤਿਸ਼ ਅਮਰਗੜ੍ਹ ਆਦਿ ਦਾ ਵਿਸ਼ੇਸ਼ ਸਹਿਯੋਗ ਰਿਹਾ।ਡਾ ਪਰਮਵੀਰ ਸਿੰਘ ਨੇ ਧੰਨਵਾਦੀ ਸ਼ਬਦ ਕਹੇ।