ਅੰਦੋਲਨ ਵਿੱਚੋਂ ਨਿਕਲੀ 'ਆਪ' ਅੱਜ ਅੰਦੋਲਨਕਾਰੀਆਂ ਦੀ ਦੁਸ਼ਮਣ ਬਣ ਗਈ: ਸਾਬਕਾ ਮੰਤਰੀ ਡਾ. ਹਰਬੰਸ ਲਾਲ
- ਪੰਜਾਬ
- (Asia/Kolkata)
ਮਨਰੇਗਾ ਵਰਕਰਾਂ 'ਤੇ ਲਾਠੀਚਾਰਜ ਦੀ ਨਿੰਦਾ, ਕਿਹਾ– 2027 ਵਿੱਚ ਨੌਜਵਾਨ ਦੇਣਗੇ ਕਰਾਰਾ ਜਵਾਬ ( ਮੁਖਤਿਆਰ ਸਿੰਘ ) ਸਾਬਕਾ ਮੰਤਰੀ ਪੰਜਾਬ ਅਤੇ ਭਾਜਪਾ ਦੇ ਸੀਨੀਅਰ ਆਗੂ ਡਾ. ਹਰਬੰਸ ਲਾਲ ਨੇ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਜਿਹੜੀ ਪਾਰਟੀ ਖੁਦ ਅੰਦੋਲਨਾਂ ਵਿੱਚੋਂ ਨਿਕਲ ਕੇ ਸੱਤਾ ਤੱਕ ਪਹੁੰਚੀ ਸੀ, ਉਹੀ ਅੱਜ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਨੌਜਵਾਨਾਂ ਅਤੇ ਮੁਲਾਜ਼ਮਾਂ ਦੀ ਦੁਸ਼ਮਣ ਬਣੀ ਹੋਈ ਹੈ। ਫਤਿਹਗੜ੍ਹ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ. ਹਰਬੰਸ ਲਾਲ ਨੇ ਕਿਹਾ ਕਿ ਮਨਰੇਗਾ ਵਰਕਰਾਂ ਨਾਲ ਕੀਤੀ ਗਈ ਕੁੱਟਮਾਰ ਬਹੁਤ ਹੀ ਨਿੰਦਣਯੋਗ ਅਤੇ ਸ਼ਰਮਨਾਕ ਘਟਨਾ ਹੈ। ਉਨ੍ਹਾਂ ਕਿਹਾ ਕਿ ਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕਰ ਰਹੇ ਕਰਮਚਾਰੀਆਂ ਨਾਲ ਸਰਕਾਰ ਵੱਲੋਂ ਅਜਿਹਾ ਵਿਵਹਾਰ ਲੋਕਤੰਤਰ ਦੀਆਂ ਕਦਰਾਂ-ਕੀਮਤਾਂ ਦੇ ਉਲਟ ਹੈ। ਉਨ੍ਹਾਂ ਕਿਹਾ ਕਿ ਮਨਰੇਗਾ ਵਰਕਰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਆਪਣੀਆਂ ਡਿਊਟੀਆਂ ਨਿਭਾ ਰਹੇ ਹਨ, ਪਰ ਜਦੋਂ ਉਹ ਆਪਣੀ ਬਣਦੀ ਤਨਖਾਹ ਅਤੇ ਹੋਰ ਹੱਕਾਂ ਦੀ ਮੰਗ ਕਰਨ ਲਈ ਸਰਕਾਰ ਜਾਂ ਸੰਬੰਧਤ ਮੰਤਰੀਆਂ ਕੋਲ ਜਾਂਦੇ ਹਨ ਤਾਂ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਦੀ ਬਜਾਏ ਉਨ੍ਹਾਂ ਨਾਲ ਧੱਕੇਸ਼ਾਹੀ ਅਤੇ ਕੁੱਟਮਾਰ ਕੀਤੀ ਜਾਂਦੀ ਹੈ। ਡਾ. ਹਰਬੰਸ ਲਾਲ ਨੇ ਕਿਹਾ ਕਿ ਆਪਣੀ ਮਿਹਨਤ ਦੀ ਕਮਾਈ ਅਤੇ ਹੱਕ ਮੰਗਣਾ ਕੋਈ ਜੁਰਮ ਨਹੀਂ ਹੈ, ਪਰ ਮੌਜੂਦਾ ਸਰਕਾਰ ਦੇ ਰਵੱਈਏ ਤੋਂ ਇਹੀ ਪ੍ਰਤੀਤ ਹੁੰਦਾ ਹੈ ਕਿ ਆਵਾਜ਼ ਉਠਾਉਣ ਵਾਲਿਆਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਭਾਜਪਾ ਆਗੂ ਨੇ ਕਿਹਾ ਕਿ ਪੰਜਾਬ ਦੇ ਨੌਜਵਾਨ ਅਤੇ ਮੁਲਾਜ਼ਮ ਸਰਕਾਰ ਦੀਆਂ ਇਨ੍ਹਾਂ ਨੀਤੀਆਂ ਤੋਂ ਬਹੁਤ ਨਿਰਾਸ਼ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਜੋ ਸਰਕਾਰ ਲੋਕਾਂ ਦੀ ਆਵਾਜ਼ ਸੁਣਨ ਦੀ ਬਜਾਏ ਲਾਠੀਆਂ ਨਾਲ ਜਵਾਬ ਦਿੰਦੀ ਹੈ, ਉਸ ਨੂੰ ਲੋਕਤੰਤਰ ਵਿੱਚ ਜਨਤਾ ਹੀ ਸਬਕ ਸਿਖਾਉਂਦੀ ਹੈ। ਡਾ. ਹਰਬੰਸ ਲਾਲ ਨੇ ਦਾਅਵਾ ਕੀਤਾ ਕਿ ਮਨਰੇਗਾ ਵਰਕਰਾਂ ਸਮੇਤ ਪੰਜਾਬ ਦੇ ਨੌਜਵਾਨ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਕਰਾਰਾ ਜਵਾਬ ਦੇਣਗੇ। ਉਨ੍ਹਾਂ ਕਿਹਾ ਕਿ ਭਾਜਪਾ ਹਮੇਸ਼ਾ ਮੁਲਾਜ਼ਮਾਂ, ਨੌਜਵਾਨਾਂ ਅਤੇ ਮਜ਼ਦੂਰ ਵਰਗ ਦੀਆਂ ਜਾਇਜ਼ ਮੰਗਾਂ ਦੇ ਹੱਕ ਵਿੱਚ ਖੜ੍ਹੀ ਰਹੀ ਹੈ ਅਤੇ ਅੱਗੇ ਵੀ ਉਨ੍ਹਾਂ ਦੇ ਹੱਕਾਂ ਦੀ ਆਵਾਜ਼ ਬਣਦੀ ਰਹੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਦੇਵ ਸਿੰਘ ਚੋਰਵਾਲਾ,ਬਹਾਦਰ ਸਿੰਘ,ਬਲਦੇਵ ਸਿੰਘ,ਡਾ ਜਸਵਿੰਦਰ ਸਿੰਘ ਦਾਦੂਮਾਜਰਾ ਜਗਵੀਰ ਸਿੰਘ ਤਰਖੇੜੀ,ਅਸ਼ੋਕ ਕੁਮਾਰ ਤਲਾਣੀਆ,ਗੁਰਤੇਜ ਸਿੰਘ ਭਾਗਨਪੁਰ,ਗੁਰਦੀਪ ਸਿੰਘ,ਸੁਖਵੀਰ ਸਿੰਘ,ਬਲਵੀਰ ਸਿੰਘ,ਪਰਵਿੰਦਰ ਸਿੰਘ,ਗੁਰਿੰਦਰ ਸਿੰਘ ਗੁਰੂ ਵੀ ਹਾਜ਼ਰ ਸਨ।
Leave a Reply