ਬਿਜਲੀ ਮੁਲਾਜਮਾਂ ਨੇ ਦੋ ਦਿਨ ਹੋਰ ਸਮੂਹਿਕ ਛੁੱਟੀ ਭਰਕੇ ਹੜਤਾਲ ਵਧਾਈ
- ਪੰਜਾਬ
- (Asia/Kolkata)
ਮੰਗਾਂ ਮੰਨਣ ਤੱਕ ਹੜਤਾਲ ਰਹੇਗੀ ਜਾਰੀ, ਸੰਘਰਸ਼ ਹੋਵੇਗਾ ਹੋਰ ਤਿੱਖਾ : ਆਗੂ (ਵਰਿੰਦਰ ਪ੍ਰਕਾਸ਼ ਭਾਂਬਰੀ ) 33 ਨੁਕਾਤੀ ਮੰਗਾਂ ਨੂੰ ਲੈਕੇ ਸੰਘਰਸ਼ ਕਰ ਰਹੇ ਬਿਜਲੀ ਮੁਲਾਜਮਾਂ ਨੇ ਏਕਤਾ ਮੰਚ ਅਤੇ ਜੁਆਇੰਟ ਫੋਰਮ ਦੇ ਆਦੇਸ਼ਾਂ ਉੱਤੇ ਸਮੂਹਿਕ ਛੁੱਟੀ ਭਰਕੇ ਹੜਤਾਲ ਕੀਤੀ ਹੋਈ ਹੈ ਜਿਸ ਵਿੱਚ ਹੁਣ ਦੋ ਦਿਨ ਦਾ ਹੋਰ ਵਾਧਾ ਹੋ ਗਿਆ ਹੈ। ਜਿਸ ਕਾਰਨ ਸਰਕਾਰ ਤੇ ਬਿਜਲੀ ਨਿਗਮ ਦੀ ਬੇਰੁਖੀ ਦਾ ਖਮਿਆਜਾ ਖਪਤਕਾਰਾਂ ਨੂੰ ਭੁਗਤਣਾ ਪੈ ਸਕਦਾ ਹੈ ਜੋ ਪਹਿਲਾਂ ਹੀ ਬਿਜਲੀ ਦੇ ਵਾਰ ਵਾਰ ਲੱਗ ਰਹੇ ਅਣ ਐਲਾਨੇ ਕੱਟਾਂ ਅਤੇ ਮੁਲਾਜਮਾਂ ਤੇ ਸਾਧਨਾਂ ਦੀ ਕਮੀਂ ਕਰਕੇ ਸ਼ਿਕਾਇਤਾਂ ਦੇ ਨਿਪਟਾਰੇ ਦੀ ਦੇਰੀ ਕਾਰਨ ਪਰੇਸ਼ਾਨ ਹਨ। ਹੜਤਾਲ ਨੂੰ ਜਾਰੀ ਰੱਖਦਿਆਂ ਅੱਜ ਦੂਜੇ ਦਿਨ ਬਿਜਲੀ ਮੁਲਾਜਮ ਜੱਥੇਬੰਦੀਆਂ ਨੇ ਗੇਟ ਰੈਲੀਆਂ ਕਰਕੇ ਸਰਕਾਰ ਅਤੇ ਮੈਨੇਜਮੈਂਟ ਦਾ ਪਿੱਟ ਸਿਆਪਾ ਕੀਤਾ। ਸੁੰਦਰ ਨਗਰ ਡਵੀਜਨ ਵਿੱਚ ਪੀਐਸਈਬੀ ਇੰਪਲਾਈਜ ਫੈਡਰੇਸ਼ਨ ਏਟਕ ਦੇ ਸੂਬਾ ਸਕੱਤਰ ਗੁਰਪ੍ਰੀਤ ਸਿੰਘ ਮਹਿਦੂਦਾਂ ਅਤੇ ਟੀਐਸਯੂ ਦੇ ਸੂਬਾ ਮੀਤ ਪ੍ਰਧਾਨ ਰਘਵੀਰ ਸਿੰਘ ਰਾਮਗੜ੍ਹ ਦੀ ਅਗਵਾਈ ਹੇਠ ਗੇਟ ਰੈਲੀ ਕੀਤੀ। ਜਿਸ ਬਾਰੇ ਜਾਣਕਾਰੀ ਦਿੰਦਿਆਂ ਦੋਵਾਂ ਆਗੂਆਂ ਨੇ ਕਿਹਾ ਕਿ 23/24 ਜੁਲਾਈ ਦੀ ਹੋਰ ਸਮੂਹਿਕ ਛੁੱਟੀ ਭਰਕੇ ਹੜਤਾਲ ਜਾਰੀ ਰੱਖੀ ਗਈ ਹੈ ਜੋ ਮੰਗਾਂ ਮੰਨਣ ਤੱਕ ਵਧਾਈ ਜਾਵੇਗੀ। ਉਨ੍ਹਾਂ ਲੋਕਾਂ ਨੂੰ ਆ ਰਹੀਆਂ ਪਰੇਸ਼ਾਨੀਆ ਲਈ ਖਪਤਕਾਰਾਂ ਤੋਂ ਮੁਆਫ਼ੀ ਮੰਗਦਿਆਂ ਇਸਦਾ ਦੋਸ਼ੀ ਢੀਠ ਹੋ ਚੁੱਕੀ ਪੰਜਾਬ ਸਰਕਾਰ ਅਤੇ ਮੈਨੇਜਮੈਂਟ ਨੂੰ ਦੱਸਿਆ। ਪਾਵਰਕਾਮ ਐਂਡ ਟਰਾਂਸਕੋ ਪੈਨਸ਼ਨਰਜ਼ ਯੂਨੀਅਨ ਏਟਕ ਦੇ ਸੂਬਾ ਮੀਤ ਪ੍ਰਧਾਨ ਕੇਵਲ ਸਿੰਘ ਬਨਵੈਤ ਨੇ ਸਰਕਾਰ ਤੇ ਮੈਨੇਜਮੈਂਟ ਦੀ ਕਾਰਗੁਜ਼ਾਰੀ ਦੀ ਨਿੰਦਾ ਕਰਦਿਆਂ ਕਿਹਾ ਕਿ ਸੁਣਨ ਚ ਆਇਆ ਕਿ ਸਰਕਾਰ ਬਿਜਲੀ ਨਿਗਮ ਤੇ 10 ਹਜਾਰ ਕਰੋੜ ਦਾ ਹੋਰ ਕਰਜਾ ਲੈਣ ਜਾ ਰਹੀ ਹੈ ਜਿਸਦਾ ਮੁਲਾਜਮਾਂ ਦੇ ਨਾਲ ਨਾਲ ਲੋਕਾਂ ਨੂੰ ਵੀ ਵਿਰੋਧ ਕਰਨਾ ਚਾਹੀਦਾ ਹੈ। ਇਸ ਮੌਕੇ ਰਘਵੀਰ ਸਿੰਘ ਜਮਾਲਪੁਰ ਜੋਨ ਕੋ ਕਨਵੀਨਰ ਪੀਐਸਈਬੀ ਇੰਪਲਾਈਜ ਫੈਡਰੇਸ਼ਨ ਏਟਕ, ਧਰਮਪਾਲ ਡਵੀਜਨ ਪ੍ਰਧਾਨ ਟੀਐਸਯੂ, ਦਲਜੀਤ ਸਿੰਘ ਗਰੇਵਾਲ, ਰਣਜੀਤ ਸਿੰਘ, ਹਿਰਦੇ ਰਾਮ, ਬਿੰਦਰ ਸਿੰਘ ਅਤੇ ਹੋਰ ਹਾਜਰ ਸਨ।
Leave a Reply