ਕੈਨੇਡਾ: ਅਲਬਰਟਾ ਦੇ ਫ਼ੌਜੀ ਅੱਡੇ ’ਤੇ ਧਮਾਕੇ ਤੋਂ ਬਾਅਦ ਭਿਆਨਕ ਅੱਗ, ਕਈ ਜਵਾਨਾਂ ਦੀ ਮੌਤ ਦੀ ਸ਼ੰਕਾ; ਜਾਂਚ ਜਾਰੀ

ਕੈਨੇਡਾ: ਅਲਬਰਟਾ ਦੇ ਫ਼ੌਜੀ ਅੱਡੇ ’ਤੇ ਧਮਾਕੇ ਤੋਂ ਬਾਅਦ ਭਿਆਨਕ ਅੱਗ, ਕਈ ਜਵਾਨਾਂ ਦੀ ਮੌਤ ਦੀ ਸ਼ੰਕਾ; ਜਾਂਚ ਜਾਰੀ

ਕੈਨੇਡਾ ਦੇ ਅਲਬਰਟਾ ਸੂਬੇ ਵਿੱਚ ਸਥਿਤ ਇੱਕ ਫ਼ੌਜੀ ਅੱਡੇ ’ਤੇ ਸ਼ਨੀਵਾਰ ਨੂੰ ਇੱਕ ਭਿਆਨਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, ਅੱਡੇ ’ਚ ਹੋਏ ਇੱਕ ਜ਼ੋਰਦਾਰ ਧਮਾਕੇ ਤੋਂ ਬਾਅਦ ਅਚਾਨਕ ਭਿਆਨਕ ਅੱਗ ਲੱਗ ਗਈ, ਜਿਸ ਵਿੱਚ ਕਈ ਫ਼ੌਜੀਆਂ ਅਤੇ ਮੁਲਾਜ਼ਮਾਂ ਦੀ ਮੌਤ ਹੋਣ ਦੀ ਸ਼ੰਕਾ ਜਤਾਈ ਜਾ ਰਹੀ ਹੈ। ਹਾਲਾਂਕਿ, ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਅਜੇ ਤੱਕ ਮ੍ਰਿਤਕਾਂ ਅਤੇ ਜ਼ਖ਼ਮੀਆਂ ਦੀ ਅਧਿਕਾਰਤ ਗਿਣਤੀ ਸਾਂਝੀ ਨਹੀਂ ਕੀਤੀ ਗਈ ਹੈ। ਇਸ ਦਰਦਨਾਕ ਘਟਨਾ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕੈਨੇਡਾ ਦੇ ਰੱਖਿਆ ਮੰਤਰੀ ਡੇਵਿਡ ਮੈਕਗਿੰਟੀ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਪੂਰੀ ਜ਼ਿੰਦਗੀ ਵਿੱਚ ਅਜਿਹਾ ਭਿਆਨਕ ਅਤੇ ਦੁਖਦਾਈ ਦ੍ਰਿਸ਼ ਕਦੇ ਨਹੀਂ ਦੇਖਿਆ। ਉੱਥੇ ਹੀ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇਸ ਨੂੰ ਇੱਕ ਬੇਹੱਦ ਗੰਭੀਰ ਘਟਨਾ ਕਰਾਰ ਦਿੱਤਾ ਹੈ। ਪ੍ਰਧਾਨ ਮੰਤਰੀ ਅਨੁਸਾਰ ਕੇਂਦਰੀ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਆਪਸੀ ਤਾਲਮੇਲ ਨਾਲ ਪ੍ਰਭਾਵਿਤ ਖੇਤਰ ਵਿੱਚ ਵੱਡੇ ਪੱਧਰ 'ਤੇ ਰਾਹਤ ਅਤੇ ਬਚਾਅ ਕਾਰਜ ਚਲਾ ਰਹੇ ਹਨ। ਸਥਾਨਕ ਪ੍ਰਸ਼ਾਸਨ ਨੇ ਦੱਸਿਆ ਕਿ ਘਟਨਾ ਦੇ ਸਮੇਂ ਚੱਲ ਰਹੀਆਂ ਤੇਜ਼ ਹਵਾਵਾਂ ਕਾਰਨ ਅੱਗ ਨੇ ਤੇਜ਼ੀ ਨਾਲ ਵਿਕਰਾਲ ਰੂਪ ਧਾਰਨ ਕਰ ਲਿਆ ਅਤੇ ਇਹ ਫ਼ੌਜੀ ਅੱਡੇ ਦੇ ਆਸ-ਪਾਸ ਦੇ ਇਲਾਕਿਆਂ ਤੱਕ ਫੈਲ ਗਈ। ਅੱਗ ’ਤੇ ਕਾਬੂ ਪਾਉਣ ਲਈ ਵੱਖ-ਵੱਖ ਖੇਤਰਾਂ ਤੋਂ ਅੱਗ ਬੁਝਾਊ ਦਸਤਿਆਂ (Fire Tenders) ਨੂੰ ਤੁਰੰਤ ਮੌਕੇ ’ਤੇ ਬੁਲਾਇਆ ਗਿਆ। ਰਾਇਲ ਅਲੈਗਜ਼ੈਂਡਰਾ ਹਸਪਤਾਲ ਦੇ ਐਮਰਜੈਂਸੀ ਡਾਕਟਰ ਵਾਰਨ ਥਿਰਸਕ ਨੇ ਘਟਨਾ ਦੀ ਗੰਭੀਰਤਾ ਬਾਰੇ ਬੋਲਦਿਆਂ ਕਿਹਾ ਕਿ ਇਹ ਪਿਛਲੇ 15 ਤੋਂ 25 ਸਾਲਾਂ ਵਿੱਚ ਵਾਪਰੀਆਂ ਸਭ ਤੋਂ ਵੱਡੀਆਂ ਤਬਾਹੀਆਂ ਵਰਗਾ ਦ੍ਰਿਸ਼ ਹੈ। ਉਨ੍ਹਾਂ ਦੱਸਿਆ ਕਿ ਹਾਦਸੇ ਵਿੱਚ ਜ਼ਖ਼ਮੀ ਹੋਏ ਲੋਕਾਂ ਦੀ ਗਿਣਤੀ ਇੰਨੀ ਜ਼ਿਆਦਾ ਸੀ ਕਿ ਸ਼ਹਿਰ ਦੇ ਸਾਰੇ ਪ੍ਰਮੁੱਖ ਸਿਹਤ ਕੇਂਦਰ ਅਤੇ ਹਸਪਤਾਲ ਮਰੀਜ਼ਾਂ ਨਾਲ ਭਰ ਗਏ। ਰੱਖਿਆ ਮੰਤਰਾਲੇ ਅਨੁਸਾਰ, ਕੈਨੇਡੀਅਨ ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਧਮਾਕੇ ਦੇ ਅਸਲ ਕਾਰਨਾਂ ਅਤੇ ਅੱਗ ਲੱਗਣ ਦੀ ਵਜ੍ਹਾ ਬਾਰੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋ ਸਕੀ ਹੈ। ਜ਼ਿਕਰਯੋਗ ਹੈ ਕਿ ਇਸ ਫ਼ੌਜੀ ਅੱਡੇ ’ਤੇ 1,300 ਤੋਂ ਵੱਧ ਫ਼ੌਜੀ ਜਵਾਨ ਅਤੇ ਸਟਾਫ਼ ਮੁਲਾਜ਼ਮ ਤਾਇਨਾਤ ਹਨ, ਜਿੱਥੇ ਜਵਾਨਾਂ ਨੂੰ ਜੰਗ ਵਰਗੀਆਂ ਚੁਣੌਤੀਪੂਰਨ ਸਥਿਤੀਆਂ ਨਾਲ ਨਜਿੱਠਣ ਲਈ ਵਿਸ਼ੇਸ਼ ਸਿਖਲਾਈ ਦਿੱਤੀ ਜਾਂਦੀ ਹੈ।