ਪੰਥ ਅਤੇ ਪੰਜਾਬ ਦੇ ਮੁੱਦਿਆਂ ਦੇ ਹੱਲ ਲਈ ਹਰ ਕੋਸ਼ਿਸ਼ ਜਾਰੀ ਰਹੇਗੀ - ਗਿਆਨੀ ਹਰਪ੍ਰੀਤ ਸਿੰਘ
- ਪੰਜਾਬ
- (Asia/Kolkata)
ਲੌਂਗੋਵਾਲ,20 ਅਗਸਤ (ਜਗਸੀਰ ਸਿੰਘ) - ਸੰਤ ਹਰਚੰਦ ਸਿੰਘ ਲੌਂਗੋਵਾਲ ਦੀ 40ਵੀ ਬਰਸੀ ਮੌਕੇ ਪੁਨਰ ਸੁਰਜੀਤ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਜਿਥੇ ਸੰਤ ਲੌਂਗੋਵਾਲ ਦੀ ਕੁਰਬਾਨੀ ਦਾ ਜਿਕਰ ਕਰਦਿਆਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਉਥੇ ਕੇਂਦਰ ਸਰਕਾਰਾਂ ਤੇ ਸਿੱਖ ਕੌਮ ਨਾਲ ਧੱਕਾ ਕਰਨ ਦੇ ਦੋਸ਼ ਲਗਾਏ।ਇਸ ਮੌਕੇ ਗਿਆਨੀ ਹਰਪ੍ਰੀਤ ਸਿੰਘ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਕੇਂਦਰ ਦੀ ਕਿਸੇ ਵੀ ਸਰਕਾਰ ਨੇ ਪੰਜਾਬ ਦੇ ਹਿੱਤਾਂ ਦੀ ਪੂਰਤੀ ਨਹੀਂ ਕੀਤੀ,ਅਤੇ ਕਾਂਗਰਸ ਸਰਕਾਰ ਵਲੋਂ 1984 ਚ ਸਿੱਖਾਂ ਨੂੰ ਦਿੱਤੇ ਜਖਮਾਂ ਤੇ ਵੀ ਕਿਸੇ ਨੇ ਮਲ੍ਹਮ ਨਹੀ ਲਾਈ।ਜਥੇਦਾਰ ਨੇ ਕਿਹਾ ਇਹ ਗੱਲ ਮੈਂ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਆਏ ਦੇਸ਼ ਦੇ ਫਾਇਨਾਂਸ ਮਨਿਸਟਰ ਨੂੰ ਕਹੀ ਸੀ। ਪਰ ਉਸ ਨੇ ਜਵਾਬ ਦਿੱਤਾ ਕਿ ਸਾਡੇ ਕੋਲੋ ਮਲ੍ਹਮਾ ਨਹੀ ਮਨਿਸਟਰੀਆਂ ਮੰਗੀਆ ਗਈਆਂ ਸਨ ਜੋ ਅਸੀਂ ਦੇ ਦਿੱਤੀਆਂ ਸਨ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਆਪਣੇ ਆਪ ਨੂੰ ਅਕਾਲੀ ਕਹਾਉਣ ਵਾਲੇ ਮਨਿਸਟਰੀਆਂ ਤਾਂ ਮੰਗਦੇ ਰਹੇ ਪਰ ਦੁੱਖ ਦੀ ਗੱਲ ਹੈ ਇਨ੍ਹਾਂ ਨੇ ਮਲ੍ਹਮ ਨਹੀ ਮੰਗੀ।ਜਦੋਂ ਇਹ ਸਰਕਾਰ ਵਿਚ ਸਨ ਤਾਂ ਉਸ ਵੇਲੇ ਬੰਦੀ ਸਿੰਘਾ ਦੀ ਰਿਹਾਈ ਦੀ ਇਨ੍ਹਾਂ ਨੂੰ ਯਾਦ ਨਹੀ ਆਈ ਅਤੇ ਹੁਣ ਸਟੇਜਾਂ ਤੇ ਗਾਣੇ ਗਾ ਰਹੇ ਹਨ।
ਰਾਜੀਵ ਲੌਂਗੋਵਾਲ ਸਮਝੌਤੇ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਇਹ ਸਮਝੌਤਾ ਕਰਕੇ ਦਿੱਲੀ ਦੇ ਲੂੰਬੜਾ ਨੇ ਸੰਤ ਲੌਂਗੋਵਾਲ ਨੂੰ ਗੁੰਮਰਾਹ ਕਰਕੇ ਕੀਤਾ।ਉਨ੍ਹਾਂ ਅੱਗੇ ਕਿਹਾ ਕਿ ਇਸ ਸਮਝੌਤੇ ਦੀਆਂ ਤਿੰਨ ਤਰਾਂ ਦੀਆਂ ਮੰਗਾਂ ਨੂੰ ਹਾਲੇ ਤੱਕ ਪ੍ਰਵਾਨ ਨਹੀਂ ਕੀਤਾ ਗਿਆ। ਨਾ ਪੰਜਾਬੀ ਬੋਲਦੇ ਇਲਾਕੇ ਮਿਲੇ, ਨਾ ਰਾਜਧਾਨੀ ਚੰਡੀਗੜ੍ਹ ਮਿਲੀ, ਨਾ ਪਾਣੀਆਂ ਦੇ ਹੱਕ ਮਿਲੇ ਅਤੇ ਨਹੀਂ ਪੰਜਾਬ ਦੇ ਅਧਿਕਾਰਾਂ ਦੀ ਰਾਖੀ ਹੋਈ। ਉਨ੍ਹਾਂ ਕਿਹਾ ਕਿ ਅੱਜ ਵੀ ਬੰਦੀ ਸਿੰਘਾਂ ਦੀ ਰਿਹਾਈ ਤੇ ਕੇਂਦਰ ਚੁੱਪ ਹੈ।ਪੰਜਾਬ ਦੀ ਕਿਸਾਨੀ, ਉਦਯੋਗ ਦਾ ਬੁਰੇ ਤਰੀਕੇ ਨਾਲ ਨੁਕਸਾਨ ਕੀਤਾ ਜਾ ਰਿਹਾ ਹੈ।ਉਨ੍ਹਾਂ ਪੰਥ ਅਤੇ ਪੰਜਾਬ ਪ੍ਰਸਤ ਲੋਕਾਂ ਨੂੰ ਅਪੀਲ ਕੀਤੀ ਕਿ, ਆਓ ਆਪਣੀ ਖੇਤਰੀ ਪਾਰਟੀ ਨੂੰ ਮਜ਼ਬੂਤ ਮਰਨ ਦਾ ਸੱਦਾ ਦਿੱਤਾ।
ਇਸ ਮੌਕੇ ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਦੇਸ਼ ਦੀ ਵੰਡ ਤੋਂ ਲੈਕੇ ਹੁਣ ਤੱਕ ਪੰਜਾਬੀਆਂ ਖਾਸ ਕਰਕੇ ਸਿੱਖਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾਂਦਾ ਰਿਹਾ ਹੈ। ਸਾਨੂੰ ਜ਼ਰਾਇਮ ਪੇਸ਼ਾ ਲੋਕ ਕਹਿ ਬਦਨਾਮ ਕੀਤਾ ਗਿਆ ਜਦੋਂ ਕਿ ਦੇਸ਼ ਦੀ ਆਜ਼ਾਦੀ ਤੋਂ ਲੈਕੇ ਦੇਸ਼ ਦੀ ਤਰੱਕੀ ਵਿੱਚ ਸਭ ਤੋਂ ਵੱਡਾ ਯੋਗਦਾਨ ਪੰਜਾਬੀ ਭਾਈਚਾਰੇ ਦਾ ਹੈ।
ਇਸ ਮੌਕੇ ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਸਿਆਸੀ ਵਾਰਿਸ ਐਸ.ਜੀ.ਪੀ.ਸੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਮੰਚ ਤੋਂ ਬੋਲਦੇ ਹੋਏ ਸੁਖਬੀਰ ਬਾਦਲ ਨੂੰ ਅਕਾਲੀ ਦਲ ਕਮਜੋਰ ਹੋਈ ਸਥਿਤੀ ਲਈ ਜ਼ਿੰਮੇਵਾਰ ਕਰਾਰ ਦਿੱਤਾ।ਭਾਈ ਲੌਂਗੋਵਾਲ ਨੇ ਕਿਹਾ ਕਿ 2 ਦਸੰਬਰ ਅਜਿਹਾ ਦਿਨ ਸੀ,ਜਦੋਂ ਸੁਖਬੀਰ ਬਾਦਲ ਆਪਣੇ ਗੁਨਾਹਾਂ ਦਾ ਬੇਦਾਵਾ ਪੜਵਾ ਸਕਦਾ ਸੀ, ਪਰ ਉਸ ਨੇ ਕਬੂਲ ਕੀਤੇ ਗੁਨਾਹਾਂ ਤੋ ਮੁੱਕਰ ਕੇ ਹੁਕਮਨਾਮਾ ਸਾਹਿਬ ਤੋਂ ਆਕੀ ਹੋਣ ਦਾ ਸਬੂਤ ਪੇਸ਼ ਕੀਤਾ। ਲੌਗੋਵਾਲ ਨੇ ਕਿਹਾ ਕਿ ਸਿੱਖ ਕੌਮ ਅਜਿਹੇ ਲੋਕਾਂ ਨੂੰ ਕਦੇ ਗਲ ਨਾਲ ਨਹੀਂ ਲਗਾਉਂਦੀ , ਜਿਹੜੇ ਲੋਕ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਤੋਂ ਆਕੀ ਹੋ ਗਏ ਹੋਣ।
ਇਸ ਮੌਕੇ ਸਾਬਕਾ ਸਾਂਸਦ ਪ੍ਰੋ.ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ, ਅੱਜ ਪੁਨਰ ਸੁਰਜੀਤ ਹੋਏ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਤੋਂ ਪੰਜਾਬ ਦੇ ਲੋਕ ਆਸ ਲਗਾਈ ਬੈਠੇ ਹਨ।ਉਨ੍ਹਾਂ ਕਿਹਾ ਕਿ ਅੱਜ ਅਜਿਹੀ ਸੁਹਿਰਦ ਲੀਡਰਸ਼ਿਪ ਦੀ ਲੋੜ ਹੈ, ਜਿਹੜੀ ਮੀਰੀ ਪੀਰੀ ਦੇ ਸਿਧਾਂਤ ਤੇ ਪਹਿਰਾ ਦੇ ਸਕੇ। ਉਨ੍ਹਾਂ ਮਰਹੂਮ ਸਿਆਸਤਦਾਨ ਸਰਦਾਰ ਸੁਖਦੇਵ ਸਿੰਘ ਢੀਂਡਸਾ ਨੂੰ ਯਾਦ ਕਰਦੇ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਆਪਣੇ ਜੀਵਨ ਦੇ ਆਖਰੀ ਪਲਾਂ ਮੌਕੇ ਵੀ ਸ਼੍ਰੋਮਣੀ ਅਕਾਲੀ ਦਲ ਦੀ ਨਿਘਾਰ ਭਰੀ ਹਾਲਤ ਤੋ ਚਿੰਤਿਤ ਸਨ।ਪ੍ਰੋ.ਚੰਦੂਮਾਜਰਾ ਨੇ ਕਿਹਾ ਪੰਜਾਬ ਨੂੰ ਇਸ ਮਾੜੇ ਹਾਲਤਾਂ ਵਿੱਚੋ ਕੱਢਣ ਲਈ ਸਮੂਹ ਪੰਜਾਬੀਆਂ ਨੂੰ ਇੱਕ ਪਲੇਟਫਾਰਮ ਦੇ ਆਉਣਾ ਹੋਵੇਗਾ, ਤਾਂ ਜੋ ਪੰਜਾਬ ਦੇ ਹਿੱਤਾਂ ਦੀ ਰਾਖੀ ਕੀਤੀ ਜਾ ਸਕੇ।ਉਨ੍ਹਾਂ ਕਿਹਾ ਹੁਣ ਪੰਜਾਬੀਆਂ ਅਤੇ ਕੌਮ ਨੂੰ ਇੱਕ ਅਜਿਹਾ ਪਲੇਟਫਾਰਮ ਮਿਲ ਗਿਆ ਹੈ ਜੋ ਪੰਜਾਬ ਅਤੇ ਪੰਥ ਦੇ ਹਿਤਾਂ ਦੀ ਠੋਕ ਨੇ ਗੱਲ ਕਰੇਗਾ।ਪ੍ਰੋ. ਚੰਦੂਮਾਜਰਾ ਨੇ "ਜਾਗੇਗਾ ਪੰਜਾਬ ਬਚੇਗਾ ਪੰਜਾਬ" ਦੇ ਨਾਅਰੇ ਲਗਾ ਕੇ ਸੰਗਤਾਂ ਵਿਚ ਜੋਸ਼ ਭਰ ਦਿੱਤਾ।
ਇਸ ਮੌਕੇ ਭਰਤੀ ਕਮੇਟੀ ਦੇ ਮੈਬਰ ਐਡਵੋਕੇਟ ਇਕਬਾਲ ਸਿੰਘ ਝੂੰਦਾਂ ਨੇ ਕਿਹਾ ਕਿ ਨਿੱਜ ਪ੍ਰਸਤ ਦੀ ਵਜ੍ਹਾ ਨਾਲ ਸ਼੍ਰੋਮਣੀ ਅਕਾਲੀ ਦਲ ਅਰਸ਼ ਤੋ ਫ਼ਰਸ਼ ਤੇ ਆਇਆ। ਕੁਝ ਲੋਕਾਂ ਦੇ ਨਿੱਜੀ ਮੁਫ਼ਾਦ ਦੀ ਵਜ੍ਹਾ ਦਾ ਨੁਕਸਾਨ ਸ਼੍ਰੋਮਣੀ ਅਕਾਲੀ ਦਲ ਨੂੰ ਭੁਗਤਨਾ ਪਿਆ। ਅੱਜ ਪੁਨਰ ਸੁਰਜੀਤ ਹੋਏ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਤੋਂ ਆਸ ਕੀਤੀ ਜਾ ਸਕਦੀ ਹੈ ਕਿ, ਇਹ ਲੀਡਰਸ਼ਿਪ ਪੰਥ ਅਤੇ ਪੰਜਾਬ ਦੇ ਮੁੱਦਿਆਂ ਤੇ ਠੋਸ ਪਹਿਰਾ ਦੇਵੇਗੀ।
ਇਸ ਮੌਕੇ ਸਾਬਕਾ ਮੰਤਰੀ ਪ੍ਰਮਿੰਦਰ ਸਿੰਘ ਢੀਂਡਸਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅੱਜ ਇਥੇ ਪਹੁੰਚੇ ਵਰਕਰਾਂ ਦੀ ਵੱਡੀ ਆਮਦ ਨੇ ਮੋਹਰ ਲਗਾਈ ਹੈ ਕਿ ਪੰਥ ਇੱਕ ਪਾਸੜ ਫੈਸਲਾ ਕਰ ਚੁੱਕਾ ਹੈ।
ਅਕਾਲੀ ਆਗੂ ਸੁਰਜੀਤ ਸਿੰਘ ਰੱਖੜਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪਿਛਲੇ ਸਮੇਂ ਹੋਈਆਂ ਗਲਤੀਆਂ ਤੋਂ ਸਿੱਖਣ ਦੀ ਬਜਾਏ ਕੀਤੇ ਵੱਡੇ ਗੁਨਾਹਾਂ ਕਰਕੇ ਸ਼੍ਰੋਮਣੀ ਅਕਾਲੀ ਦਲ ਦਾ ਨੁਕਸਾਨ ਹੋਇਆ ਹੈ।
ਜਥੇਦਾਰ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਹਮੇਸ਼ਾ ਹੀ ਸੰਗਰੂਰ ਦੀ ਧਰਤੀ ਨੇ ਪੰਥ ਦਾ ਝੰਡਾ ਬੁਲੰਦ ਕੀਤਾ ਹੈ। ਇਸ ਧਰਤੀ ਤੇ ਲੱਗੇ ਇਨਕਲਾਬ ਦੇ ਨਾਅਰਿਆਂ ਨੇ ਹਮੇਸ਼ਾ ਨਵੀਂ ਪਿਰਤ ਪਾਈ।
ਭਰਤੀ ਕਮੇਟੀ ਮੈਬਰ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਯਾਦ ਕਰਦਿਆਂ ਕਿਹਾ ਕਿ ਸੰਤ ਲੌਂਗੋਵਾਲ ਸਿਆਸਤ ਅਤੇ ਧਰਮ ਦੇ ਸੁਮੇਲ ਸਨ। ਉਨ੍ਹਾਂ ਕਿਹਾ ਕਿ ਇਹ ਵੀ ਤਿਆਗ ਦੀ ਭਾਵਨਾ ਦੀ ਹੋਣ ਕਰਕੇ ਓਹਨਾ ਨੇ ਹਮੇਸ਼ਾ ਪੰਥਕ ਸਿਆਸਤ ਵਿੱਚ ਆਉਣਾ ਵੱਡਾ ਰੋਲ ਅਦਾ ਕੀਤਾ।
ਬਰਜਿੰਦਰ ਸਿੰਘ ਮੱਖਣ ਬਰਾੜ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿਹਾ ਕਿ ਅਕਸਰ ਉਨ੍ਹਾਂ ਦੇ ਪਿਤਾ ਜੱਥੇਦਾਰ ਤੋਤਾ ਸਿੰਘ ਸੰਤ ਲੌਂਗੋਵਾਲ ਦੇ ਜ਼ਿਕਰ ਕਰਦਿਆਂ ਨਸੀਹਤ ਦਿੰਦੇ ਸਨ ਕਿ ਕਿਸੇ ਹਾਲਤ ਵਿਚ ਆਪਣੇ ਕਰਤੱਵ ਤੋ ਪਿੱਛੇ ਨਹੀਂ ਹਟਣਾ ਅਤੇ ਹਮੇਸ਼ਾ ਧਰਮ ਨੂੰ ਮਜ਼ਬੂਤ ਰੱਖ ਕੇ ਸਿਆਸੀ ਫੈਸਲਾ ਕਰਨਾ।
ਇਸ ਮੌਕੇ ਜੀਤ ਸਿੰਘ ਸਿੱਧੂ ਸਾਬਕਾ ਚੇਅਰਮੈਨ, ਸੀਨੀਅਰ ਅਕਾਲੀ ਆਗੂ ਅਮਨਬੀਰ ਸਿੰਘ ਚੈਰੀ,ਭਾਈ ਮਹਿੰਦਰ ਸਿੰਘ ਦੁੱਲਟ,ਨਵਇੰਦਰਪ੍ਰੀਤ ਸਿੰਘ ਲੌਂਗੋਵਾਲ,ਬੀਬੀ ਸੁਨੀਤਾ ਸ਼ਰਮਾ, ਡਾਕਟਰ ਨਰੇਸ਼ ਜਿੰਦਲ ਸੁਨਾਮ,ਮਲਕੀਤ ਸਿੰਘ ਚੰਗਾਲ ਮੈਂਬਰ ਸ਼੍ਰੋਮਣੀ ਕਮੇਟੀ ਆਦਿ ਹਾਜ਼ਰ ਸਨ ।
Leave a Reply