ਈਰਾਨ ਨੇ ਹਿੱਸੇਵਾਰ ਖੋਲ੍ਹਿਆ ਦੁਨੀਆ ਦਾ ਸਭ ਤੋਂ ਅਹਿਮ ਤੇਲ ਮਾਰਗ
- ਵਿਦੇਸ਼
- (Asia/Kolkata)
ਅਮਰੀਕਾ-ਇਜ਼ਰਾਈਲ-ਈਰਾਨ ਯੁੱਧ ਦੇ 27ਵੇਂ ਦਿਨ ਈਰਾਨ ਨੇ ਇੱਕ ਮਹੱਤਵਪੂਰਨ ਫੈਸਲਾ ਕਰਦਿਆਂ ਭਾਰਤ ਸਮੇਤ ਪੰਜ ਦੇਸ਼ਾਂ ਨੂੰ ਹੋਰਮੁਜ਼ ਜਲਡਮਰੂ ਰਾਹੀਂ ਜਹਾਜ਼ਾਂ ਦੀ ਆਵਾਜਾਈ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਬਾਰੇ ਜਾਣਕਾਰੀ ਨਿਊਜ਼ ਏਜੰਸੀ ਏਐਨਆਈ ਵੱਲੋਂ ਮੁੰਬਈ ਸਥਿਤ ਈਰਾਨੀ ਕੌਂਸਲੇਟ ਦੇ ਹਵਾਲੇ ਨਾਲ ਦਿੱਤੀ ਗਈ ਹੈ। ਕੌਂਸਲੇਟ ਦੇ ਅਨੁਸਾਰ, ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਕਿਹਾ ਹੈ ਕਿ “ਦੋਸਤਾਨਾ ਦੇਸ਼ਾਂ” ਨੂੰ ਹੋਰਮੁਜ਼ ਜਲਡਮਰੂ ਵਿੱਚੋਂ ਲੰਘਣ ਦੀ ਮਨਜ਼ੂਰੀ ਦਿੱਤੀ ਗਈ ਹੈ। ਇਸ ਵਿੱਚ ਭਾਰਤ ਦੇ ਨਾਲ ਚੀਨ, ਰੂਸ, ਇਰਾਕ ਅਤੇ ਪਾਕਿਸਤਾਨ ਵੀ ਸ਼ਾਮਲ ਹਨ। ਇਹ ਬਿਆਨ ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਟੋਨੀਓ ਗੁਟੇਰੇਸ ਵੱਲੋਂ ਇਸ ਜਲਡਮਰੂ ਨੂੰ ਖੋਲ੍ਹਣ ਦੀ ਅਪੀਲ ਤੋਂ ਬਾਅਦ ਆਇਆ ਹੈ। ਈਰਾਨ ਪਹਿਲਾਂ ਵੀ ਸਪਸ਼ਟ ਕਰ ਚੁੱਕਾ ਹੈ ਕਿ ਹੋਰਮੁਜ਼ ਜਲਡਮਰੂ ਪੂਰੀ ਤਰ੍ਹਾਂ ਬੰਦ ਨਹੀਂ ਕੀਤਾ ਗਿਆ। ਇਹ ਰਸਤਾ ਕੇਵਲ ਉਨ੍ਹਾਂ ਦੇਸ਼ਾਂ ਲਈ ਰੋਕਿਆ ਗਿਆ ਹੈ ਜੋ ਈਰਾਨ ਦੇ ਵਿਰੋਧੀ ਹਨ, ਜਦਕਿ ਹੋਰ ਦੇਸ਼ਾਂ ਨੂੰ ਕੁਝ ਸ਼ਰਤਾਂ ਹੇਠ ਆਵਾਜਾਈ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ। ਗੌਰਤਲਬ ਹੈ ਕਿ ਹੋਰਮੁਜ਼ ਜਲਡਮਰੂ ਵਿਸ਼ਵ ਦਾ ਸਭ ਤੋਂ ਮਹੱਤਵਪੂਰਨ ਤੇਲ ਮਾਰਗ ਮੰਨਿਆ ਜਾਂਦਾ ਹੈ, ਜਿਸ ਰਾਹੀਂ ਲਗਭਗ 20 ਫੀਸਦੀ ਵਿਸ਼ਵ ਤੇਲ ਸਪਲਾਈ ਹੁੰਦੀ ਹੈ। ਇਹ 33 ਤੋਂ 39 ਕਿਲੋਮੀਟਰ ਚੌੜਾ ਰਸਤਾ ਫਾਰਸ ਦੀ ਖਾੜੀ ਨੂੰ ਓਮਾਨ ਦੀ ਖਾੜੀ ਨਾਲ ਜੋੜਦਾ ਹੈ ਅਤੇ ਖਾੜੀ ਦੇਸ਼ਾਂ ਤੋਂ ਤੇਲ ਨਿਰਯਾਤ ਲਈ ਇਹ ਇਕੋ ਮੁੱਖ ਰਸਤਾ ਹੈ। ਯੁੱਧ ਦੀ ਸ਼ੁਰੂਆਤ ਤੋਂ ਬਾਅਦ ਇਸ ਰਸਤੇ ‘ਤੇ ਆਵਾਜਾਈ ਕਾਫੀ ਹੱਦ ਤੱਕ ਪ੍ਰਭਾਵਿਤ ਹੋਈ ਹੈ ਅਤੇ ਈਰਾਨ ਨੇ ਇਸਨੂੰ ਲਗਭਗ ਬੰਦ ਕਰ ਦਿੱਤਾ ਸੀ, ਜਿਸ ਕਾਰਨ ਸਿਰਫ਼ ਸੀਮਤ ਗਿਣਤੀ ਵਿੱਚ ਜਹਾਜ਼ਾਂ ਨੂੰ ਹੀ ਲੰਘਣ ਦੀ ਮਨਜ਼ੂਰੀ ਮਿਲ ਰਹੀ ਸੀ।
Leave a Reply