ਦਿੱਲੀ ਕੂਚ ਤੋਂ ਪਹਿਲਾਂ ਡੱਬਵਾਲੀ 'ਚ ਕਾਂਗਰਸੀ ਆਗੂ ਨਜ਼ਰਬੰਦ, ਪੰਜ ਵਰਕਰ ਹਿਰਾਸਤ ਵਿੱਚ
- ਦੇਸ਼
- (Asia/Kolkata)
ਪ੍ਰਧਾਨ ਮੰਤਰੀ ਦੀ ਰਿਹਾਇਸ਼ ਦੇ ਬਾਹਰ ਪ੍ਰਦਰਸ਼ਨ ਦੌਰਾਨ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੂੰ ਹਿਰਾਸਤ ਵਿੱਚ ਲਏ ਜਾਣ ਦੇ ਵਿਰੋਧ ਵਜੋਂ ਦਿੱਲੀ ਕੂਚ ਦੀ ਤਿਆਰੀ ਕਰ ਰਹੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਖ਼ਿਲਾਫ਼ ਡੱਬਵਾਲੀ ਵਿੱਚ ਪੁਲੀਸ ਪ੍ਰਸ਼ਾਸਨ ਨੇ ਅਹਿਤਿਆਤੀ ਕਾਰਵਾਈ ਕੀਤੀ। ਮਿਲੀ ਜਾਣਕਾਰੀ ਅਨੁਸਾਰ, ਬੀਤੀ ਰਾਤ ਕਰੀਬ 12 ਵਜੇ ਪੁਲੀਸ ਨੇ ਕਾਂਗਰਸ ਦੇ ਸੀਨੀਅਰ ਆਗੂ ਜੱਗਾ ਸਿੰਘ ਬਰਾੜ ਦੇ ਘਰ ਦਬਿਸ਼ ਦਿੱਤੀ। ਦੱਸਿਆ ਗਿਆ ਕਿ ਉਹ ਆਪਣੇ ਸਾਥੀਆਂ ਨਾਲ ਦਿੱਲੀ ਲਈ ਰਵਾਨਾ ਹੋਣ ਦੀ ਤਿਆਰੀ ਕਰ ਰਹੇ ਸਨ। ਇਸ ਦੌਰਾਨ ਦੋ ਪੁਲੀਸ ਵਾਹਨਾਂ ਵਿੱਚ ਪੁੱਜੇ ਪੁਲੀਸ ਮੁਲਾਜ਼ਮਾਂ ਨੇ ਜੱਗਾ ਸਿੰਘ ਬਰਾੜ ਨੂੰ ਉਨ੍ਹਾਂ ਦੇ ਘਰ ਵਿੱਚ ਹੀ ਨਜ਼ਰਬੰਦ ਕਰ ਦਿੱਤਾ। ਇਸ ਤੋਂ ਇਲਾਵਾ ਵਾਰਡ ਨੰਬਰ 7 ਦੇ ਕੌਂਸਲਰ ਅਤੇ ਜੱਗਾ ਸਿੰਘ ਬਰਾੜ ਦੇ ਭਤੀਜੇ ਸਮਨਦੀਪ ਬਰਾੜ ਸਮੇਤ ਪੰਜ ਨੌਜਵਾਨ ਕਾਂਗਰਸੀ ਵਰਕਰਾਂ ਨੂੰ ਅਹਿਤਿਆਤ ਵਜੋਂ ਹਿਰਾਸਤ ਵਿੱਚ ਲੈ ਕੇ ਸਿਟੀ ਥਾਣੇ ਭੇਜ ਦਿੱਤਾ ਗਿਆ। ਜਾਣਕਾਰੀ ਮੁਤਾਬਕ ਨੌਜਵਾਨ ਕਾਂਗਰਸੀ ਵਰਕਰ ਰਾਤ ਕਰੀਬ 11 ਵਜੇ ਜੱਗਾ ਸਿੰਘ ਬਰਾੜ ਦੇ ਘਰ ਇਕੱਠੇ ਹੋਏ ਸਨ। ਇੱਥੋਂ ਦੋ ਤੋਂ ਤਿੰਨ ਗੱਡੀਆਂ ਰਾਹੀਂ ਸਮਰਥਕਾਂ ਦੇ ਨਾਲ ਦਿੱਲੀ ਰਵਾਨਾ ਹੋਣ ਦੀ ਯੋਜਨਾ ਸੀ। ਇਸ ਦੀ ਸੂਚਨਾ ਖੁਫੀਆ ਤੰਤਰ ਅਤੇ ਸਥਾਨਕ ਪੁਲੀਸ ਨੂੰ ਮਿਲਣ ਤੋਂ ਬਾਅਦ ਪੁਲੀਸ ਨੇ ਤੁਰੰਤ ਕਾਰਵਾਈ ਕੀਤੀ ਅਤੇ ਘਰ ਦੇ ਮੁੱਖ ਦਰਵਾਜ਼ੇ 'ਤੇ ਵੀ ਪਹਿਰਾ ਲਗਾ ਦਿੱਤਾ। ਹਿਰਾਸਤ ਵਿੱਚ ਲਏ ਗਏ ਨੌਜਵਾਨਾਂ ਵਿੱਚ ਯੂਥ ਕਾਂਗਰਸ ਦੇ ਸਾਬਕਾ ਹਲਕਾ ਪ੍ਰਧਾਨ ਸ਼ਗਨਦੀਪ ਸਿੰਘ, ਵਾਰਡ ਨੰਬਰ 7 ਦੇ ਕੌਂਸਲਰ ਸਮਨਦੀਪ ਬਰਾੜ, ਕਿੱਲਿਆਂਵਾਲੀ ਦੇ ਰਹਿਣ ਵਾਲੇ ਵਿਕੀ ਭਾਊ, ਭੁਪਿੰਦਰ ਸਿੰਘ 'ਬੰਟੀ' ਅਤੇ ਇੱਕ ਹੋਰ ਨੌਜਵਾਨ ਵਿਕੀ ਸ਼ਾਮਲ ਹਨ। ਜੱਗਾ ਸਿੰਘ ਬਰਾੜ ਨੇ ਦੋਸ਼ ਲਗਾਇਆ ਕਿ ਪੁਲੀਸ ਨੇ ਕਾਰਵਾਈ ਦੌਰਾਨ ਉਨ੍ਹਾਂ ਦਾ ਮੋਬਾਈਲ ਫੋਨ ਵੀ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ, ਜਿਸ ਨੂੰ ਇਤਰਾਜ਼ ਜਤਾਉਣ ਤੋਂ ਬਾਅਦ ਕੁਝ ਸਮੇਂ ਮਗਰੋਂ ਵਾਪਸ ਕਰ ਦਿੱਤਾ ਗਿਆ। ਉਨ੍ਹਾਂ ਦਾ ਕਹਿਣਾ ਸੀ ਕਿ ਉਹ ਲੋਕਤੰਤਰੀ ਢੰਗ ਨਾਲ ਦਿੱਲੀ ਜਾਣ ਦੀ ਤਿਆਰੀ ਕਰ ਰਹੇ ਸਨ, ਪਰ ਅੱਧੀ ਰਾਤ ਨੂੰ ਨੌਜਵਾਨਾਂ ਨੂੰ ਹਿਰਾਸਤ ਵਿੱਚ ਲੈਣਾ ਅਤੇ ਉਨ੍ਹਾਂ ਨੂੰ ਘਰ ਵਿੱਚ ਨਜ਼ਰਬੰਦ ਕਰਨਾ ਲੋਕਤੰਤਰੀ ਅਧਿਕਾਰਾਂ ਦੇ ਉਲਟ ਹੈ। ਉਨ੍ਹਾਂ ਨੇ ਸਰਕਾਰ ਦੀ ਕਾਰਵਾਈ ਨੂੰ ਤਾਨਾਸ਼ਾਹੀ ਕਰਾਰ ਦਿੱਤਾ। ਉੱਧਰ, ਸਿਟੀ ਥਾਣੇ ਦੇ ਮੁਨਸ਼ੀ ਨੇ ਪੁਸ਼ਟੀ ਕੀਤੀ ਕਿ ਜੱਗਾ ਸਿੰਘ ਬਰਾੜ ਦੇ ਘਰ ਤੋਂ ਪੰਜ ਨੌਜਵਾਨਾਂ ਨੂੰ ਹਿਰਾਸਤ ਵਿੱਚ ਲੈ ਕੇ ਥਾਣੇ ਲਿਆਂਦਾ ਗਿਆ ਸੀ। ਥਾਣਾ ਸਿਟੀ ਦੇ ਮੁਖੀ ਅਵਤਾਰ ਸਿੰਘ ਨੇ ਦੱਸਿਆ ਕਿ ਅਮਨ-ਕਾਨੂੰਨ ਦੀ ਸਥਿਤੀ ਬਣਾਈ ਰੱਖਣ ਦੇ ਮੱਦੇਨਜ਼ਰ ਉਨ੍ਹਾਂ ਨੂੰ ਅਹਿਤਿਆਤ ਵਜੋਂ ਹਿਰਾਸਤ ਵਿੱਚ ਲਿਆ ਗਿਆ ਸੀ। ਬਾਅਦ ਵਿੱਚ ਸਾਰੇ ਨੌਜਵਾਨਾਂ ਨੂੰ ਰਿਹਾਅ ਕਰ ਦਿੱਤਾ ਗਿਆ।
Leave a Reply