ਪੰਜਾਬ ’ਚ ‘ਹਮਾਰੇ ਰਾਮ’ ਨਾਟਕ ਦਾ ਮੰਚਨ ਸ਼ੁਰੂ, 12 ਸ਼ਹਿਰਾਂ ’ਚ ਹੋਣਗੇ 41 ਮੁਫ਼ਤ ਸ਼ੋਅ

ਪੰਜਾਬ ’ਚ ‘ਹਮਾਰੇ ਰਾਮ’ ਨਾਟਕ ਦਾ ਮੰਚਨ ਸ਼ੁਰੂ, 12 ਸ਼ਹਿਰਾਂ ’ਚ ਹੋਣਗੇ 41 ਮੁਫ਼ਤ ਸ਼ੋਅ

ਪੰਜਾਬ ਵਿੱਚ ‘ਹਮਾਰੇ ਰਾਮ’ ਨਾਟਕ ਦੇ ਮੰਚਨ ਦੀ ਸ਼ੁਰੂਆਤ ਮੁਹਾਲੀ ਤੋਂ ਹੋ ਗਈ ਹੈ। ਪ੍ਰਸਿੱਧ ਅਦਾਕਾਰ ਆਸ਼ੂਤੋਸ਼ ਰਾਣਾ ਇਸ ਨਾਟਕ ਵਿੱਚ ਅਹਿਮ ਭੂਮਿਕਾ ਨਿਭਾਅ ਰਹੇ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਅਗਸਤ ਅਤੇ ਸਤੰਬਰ ਦੌਰਾਨ ਸੂਬੇ ਦੇ 12 ਸ਼ਹਿਰਾਂ ਵਿੱਚ ਇਸ ਨਾਟਕ ਦੇ ਕੁੱਲ 41 ਸ਼ੋਅ ਕਰਵਾਏ ਜਾਣਗੇ। ਮੁੱਖ ਮੰਤਰੀ ਅਨੁਸਾਰ ਮੁਹਾਲੀ ਤੋਂ ਇਲਾਵਾ ਬਠਿੰਡਾ, ਜਲੰਧਰ, ਫਿਰੋਜ਼ਪੁਰ, ਹੁਸ਼ਿਆਰਪੁਰ, ਅੰਮ੍ਰਿਤਸਰ, ਪਠਾਨਕੋਟ, ਗੁਰਦਾਸਪੁਰ, ਪਟਿਆਲਾ, ਲੁਧਿਆਣਾ, ਸੰਗਰੂਰ ਅਤੇ ਖੰਨਾ ਵਿੱਚ ਵੀ ਨਾਟਕ ਦੇ ਸ਼ੋਅ ਕਰਵਾਏ ਜਾਣਗੇ। ਲੋਕ ਇਨ੍ਹਾਂ ਸ਼ੋਅਜ਼ ਦਾ ਮੁਫ਼ਤ ਵਿੱਚ ਆਨੰਦ ਮਾਣ ਸਕਣਗੇ। ਭਗਵੰਤ ਮਾਨ ਨੇ ਕਿਹਾ ਕਿ ਇਸ ਉਪਰਾਲੇ ਦਾ ਉਦੇਸ਼ ਥੀਏਟਰ ਵਰਗੇ ਪ੍ਰਭਾਵਸ਼ਾਲੀ ਮਾਧਿਅਮ ਰਾਹੀਂ ਸੱਚ, ਧਰਮ, ਦਯਾ ਅਤੇ ਏਕਤਾ ਦਾ ਸੰਦੇਸ਼ ਲੋਕਾਂ ਤੱਕ ਪਹੁੰਚਾਉਣਾ ਹੈ। ਇਸ ਦੇ ਨਾਲ ਹੀ ਸਨਾਤਨ ਧਰਮ ਦੀਆਂ ਕਦਰਾਂ-ਕੀਮਤਾਂ ਨੂੰ ਮਜ਼ਬੂਤ ਕਰਨ ’ਤੇ ਵੀ ਧਿਆਨ ਦਿੱਤਾ ਜਾ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਰਾਮਾਇਣ ਦੇ ਇਤਿਹਾਸਕ ਮਹਾਂਕਾਵਿ ਰਾਹੀਂ ਸਨਾਤਨ ਧਰਮ ਦੇ ਸਦੀਵੀ ਸੰਦੇਸ਼ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਵਚਨਬੱਧ ਹੈ। ਉਨ੍ਹਾਂ ਮੁਤਾਬਕ ‘ਹਮਾਰੇ ਰਾਮ’ ਨਾਟਕ ਨੂੰ ਕੌਮੀ ਅਤੇ ਕੌਮਾਂਤਰੀ ਪੱਧਰ ’ਤੇ, ਖ਼ਾਸ ਕਰਕੇ ਨੌਜਵਾਨ ਪੀੜ੍ਹੀ ਵੱਲੋਂ, ਭਰਵਾਂ ਹੁੰਗਾਰਾ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਨਾਟਕ ਵਿੱਚ ਰਾਮਾਇਣ ਨੂੰ ਕੁਝ ਵਿਲੱਖਣ ਅਤੇ ਅਣਛੂਹੇ ਪਹਿਲੂਆਂ ਤੋਂ ਪੇਸ਼ ਕੀਤਾ ਗਿਆ ਹੈ। ਇਸ ਕਾਰਨ ਦਰਸ਼ਕਾਂ ਨੂੰ ਇੱਕ ਨਵਾਂ ਅਤੇ ਗਿਆਨਵਾਨ ਅਨੁਭਵ ਮਿਲਣ ਦੀ ਉਮੀਦ ਹੈ। ਸਰਕਾਰ ਦਾ ਮੰਨਣਾ ਹੈ ਕਿ ਇਹ ਪ੍ਰੋਗਰਾਮ ਧਾਰਮਿਕ ਅਤੇ ਸੱਭਿਆਚਾਰਕ ਕਦਰਾਂ-ਕੀਮਤਾਂ ਨੂੰ ਉਜਾਗਰ ਕਰਨ ਦੇ ਨਾਲ-ਨਾਲ ਥੀਏਟਰ ਅਤੇ ਕਲਾ ਦੇ ਪ੍ਰਭਾਵਸ਼ਾਲੀ ਮਾਧਿਅਮ ਰਾਹੀਂ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਵਿੱਚ ਵੀ ਸਹਾਇਕ ਹੋਵੇਗਾ। ਭਗਵੰਤ ਮਾਨ ਨੇ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਹਿਲਾਂ ਸਾਰੇ ਜ਼ਿਲ੍ਹਿਆਂ ਵਿੱਚ ‘ਇਕ ਸ਼ਾਮ ਸ਼ਿਵ ਕੇ ਨਾਮ’ ਪ੍ਰੋਗਰਾਮ ਕਰਵਾਇਆ ਗਿਆ ਸੀ, ਜਿਸ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਇਸ ਤੋਂ ਇਲਾਵਾ ਸੂਬਾ ਸਰਕਾਰ ਗੁਰੂ ਰਵਿਦਾਸ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰੋਗਰਾਮ ਵੀ ਉਲੀਕ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਹ ਉਪਰਾਲੇ ਸਾਰੇ ਭਾਈਚਾਰਿਆਂ ਦੀ ਅਧਿਆਤਮਕ ਵਿਰਾਸਤ ਦਾ ਸਤਿਕਾਰ ਕਰਨ ਪ੍ਰਤੀ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦੇ ਹਨ।