‘ਸਿਟੀ ਆਫ਼ ਟੋਰਾਂਟੋ’ ਦੇ ਨਾਂ ’ਤੇ ਧੋਖਾ: ਪੰਜਾਬੀ ਨੌਜਵਾਨ ਸਮੇਤ ਗੈਂਗ ਗ੍ਰਿਫ਼ਤਾਰ

‘ਸਿਟੀ ਆਫ਼ ਟੋਰਾਂਟੋ’ ਦੇ ਨਾਂ ’ਤੇ ਧੋਖਾ: ਪੰਜਾਬੀ ਨੌਜਵਾਨ ਸਮੇਤ ਗੈਂਗ ਗ੍ਰਿਫ਼ਤਾਰ

ਕੈਨੇਡਾ ਦੇ ਟੋਰਾਂਟੋ ਸ਼ਹਿਰ ਵਿੱਚ ਧੋਖਾਧੜੀ ਦਾ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ ਪੰਜਾਬੀ ਮੂਲ ਦੇ ਇੱਕ ਨੌਜਵਾਨ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਦੋਸ਼ ਹੈ ਕਿ ਇਹ ਨੌਜਵਾਨ ਆਪਣੇ ਸਾਥੀਆਂ ਨਾਲ ਮਿਲ ਕੇ ਬਜ਼ੁਰਗ ਲੋਕਾਂ ਨੂੰ ਨਿਸ਼ਾਨਾ ਬਣਾਉਂਦਾ ਅਤੇ ਉਨ੍ਹਾਂ ਤੋਂ ਲੱਖਾਂ ਰੁਪਏ ਦੀ ਠੱਗੀ ਕਰਦਾ ਸੀ। ਪੁਲਿਸ ਜਾਣਕਾਰੀ ਅਨੁਸਾਰ, ਮੁਲਜ਼ਮ ਅਰਸ਼ਦੀਪ ਸਿੰਘ ਬਜ਼ੁਰਗਾਂ ਨੂੰ ਡਰਾ-ਧਮਕਾ ਕੇ ਕੰਸਟ੍ਰਕਸ਼ਨ ਦੇ ਨਾਂ ’ਤੇ ਪੈਸੇ ਵਸੂਲਦਾ ਸੀ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਗੈਂਗ ਖਾਸ ਤੌਰ ’ਤੇ ਉਹਨਾਂ ਘਰਾਂ ਨੂੰ ਨਿਸ਼ਾਨਾ ਬਣਾਉਂਦਾ ਸੀ ਜਿੱਥੇ ਬਜ਼ੁਰਗ ਰਹਿੰਦੇ ਸਨ। ਇਸ ਗਿਰੋਹ ਦੇ ਮੈਂਬਰ ਆਪਣੇ ਆਪ ਨੂੰ ਸਿਟੀ ਆਫ਼ ਟੋਰਾਂਟੋ ਦੇ ਅਧਿਕਾਰੀ ਵਜੋਂ ਪੇਸ਼ ਕਰਦੇ ਸਨ। ਉਹ ਘਰਾਂ ਵਿੱਚ ਜਾ ਕੇ ਇਮਾਰਤ ਦਾ ਜਾਇਜ਼ਾ ਲੈਂਦੇ ਅਤੇ ਫਿਰ ਮਕਾਨ ਦੀ ਤੁਰੰਤ ਮੁਰੰਮਤ ਦੀ ਲੋੜ ਦੱਸਦੇ। ਜੇਕਰ ਘਰ ਮਾਲਕ ਮੁਰੰਮਤ ਕਰਵਾਉਣ ਲਈ ਤਿਆਰ ਨਾ ਹੁੰਦੇ, ਤਾਂ ਉਨ੍ਹਾਂ ਨੂੰ ਕਾਨੂੰਨੀ ਕਾਰਵਾਈ ਦਾ ਡਰ ਦਿਖਾਇਆ ਜਾਂਦਾ ਸੀ। ਪੁਲਿਸ ਮੁਤਾਬਕ, ਇਹ ਧੋਖਾਧੜੀ ਦੀਆਂ ਘਟਨਾਵਾਂ 2024 ਤੋਂ ਲਗਾਤਾਰ ਹੋ ਰਹੀਆਂ ਸਨ। ਮਾਮਲੇ ਦਾ ਖੁਲਾਸਾ ਉਸ ਵੇਲੇ ਹੋਇਆ ਜਦੋਂ ਇੱਕ ਬਜ਼ੁਰਗ ਵਿਅਕਤੀ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਇਸ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕਰਕੇ ਗੈਂਗ ਦੀ ਕਾਰਵਾਈ ਬਾਰੇ ਜਾਣਕਾਰੀ ਇਕੱਠੀ ਕੀਤੀ। ਜਾਂਚ ਦੌਰਾਨ ਪਤਾ ਲੱਗਾ ਕਿ 2024 ਵਿੱਚ ਮੁਲਜ਼ਮ ਅਤੇ ਉਸ ਦੇ ਸਾਥੀਆਂ ਨੇ ਇੱਕ ਘਰ ਵਿੱਚ ਦਾਖਲ ਹੋ ਕੇ ਆਪਣੇ ਆਪ ਨੂੰ ਅਧਿਕਾਰੀ ਅਤੇ ਠੇਕੇਦਾਰ ਦੱਸਿਆ। ਉਨ੍ਹਾਂ ਨੇ ਮਕਾਨ ਮਾਲਕਾਂ ਨੂੰ ਡਰਾਇਆ ਕਿ ਜੇ ਤੁਰੰਤ ਮੁਰੰਮਤ ਨਾ ਕਰਵਾਈ ਗਈ ਤਾਂ ਕਾਰਵਾਈ ਕੀਤੀ ਜਾਵੇਗੀ। ਇਸ ਡਰ ਕਾਰਨ ਬਜ਼ੁਰਗਾਂ ਤੋਂ ਉਸਾਰੀ ਦੇ ਨਾਂ ’ਤੇ ਅਡਵਾਂਸ ਰਕਮ ਲੈ ਲਈ ਗਈ। ਬਾਅਦ ਵਿੱਚ ਸਾਹਮਣੇ ਆਇਆ ਕਿ ਮਕਾਨ ਨੂੰ ਕਿਸੇ ਵੀ ਤਰ੍ਹਾਂ ਦੀ ਮੁਰੰਮਤ ਦੀ ਲੋੜ ਨਹੀਂ ਸੀ ਅਤੇ ਆਏ ਹੋਏ ਵਿਅਕਤੀ ਫਰਜ਼ੀ ਸਨ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ’ਤੇ ਕਾਰਵਾਈ ਕਰਦਿਆਂ 21 ਅਪਰੈਲ 2026 ਨੂੰ 23 ਸਾਲਾ ਅਰਸ਼ਦੀਪ ਸਿੰਘ ਨੂੰ ਬਰੈਂਪਟਨ ਤੋਂ ਗ੍ਰਿਫ਼ਤਾਰ ਕਰ ਲਿਆ। ਪੁਲਿਸ ਅਨੁਸਾਰ, ਮੁਲਜ਼ਮ ਅਤੇ ਉਸ ਦੇ ਗੈਂਗ ਨੇ ਕਈ ਬਜ਼ੁਰਗਾਂ ਨਾਲ ਇਸ ਤਰ੍ਹਾਂ ਦੀ ਠੱਗੀ ਕੀਤੀ ਹੈ। ਮੁਲਜ਼ਮ ਖ਼ਿਲਾਫ਼ ਧੋਖਾਧੜੀ ਅਤੇ ਵਿੱਤੀ ਅਪਰਾਧਾਂ ਸਬੰਧੀ ਕਈ ਧਾਰਾਵਾਂ ਹੇਠ ਕੇਸ ਦਰਜ ਕੀਤੇ ਗਏ ਹਨ। ਪੁਲਿਸ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਜਿਨ੍ਹਾਂ ਲੋਕਾਂ ਨਾਲ ਇਸ ਤਰ੍ਹਾਂ ਦੀ ਠੱਗੀ ਹੋਈ ਹੈ, ਉਹ ਅੱਗੇ ਆ ਕੇ ਸ਼ਿਕਾਇਤ ਦਰਜ ਕਰਵਾਉਣ। ਇਸ ਲਈ ਪੁਲਿਸ ਵੱਲੋਂ ਇੱਕ ਵਿਸ਼ੇਸ਼ ਸੰਪਰਕ ਨੰਬਰ ਵੀ ਜਾਰੀ ਕੀਤਾ ਗਿਆ ਹੈ।