ਪਰਵਿੰਦਰ ਝੋਟਾ ਕਤਲਕਾਂਡ: ਸੀਬੀਆਈ ਨੇ ਦਰਜ ਕੀਤੀ ਐੱਫਆਈਆਰ, ਮਾਨਸਾ ਪਹੁੰਚ ਕੇ ਪਰਿਵਾਰ ਤੋਂ ਕੀਤੀ ਪੁੱਛਗਿੱਛ
- ਪੰਜਾਬ
- (Asia/Kolkata)
ਪਰਵਿੰਦਰ ਸਿੰਘ ਝੋਟਾ ਕਤਲਕਾਂਡ ਮਾਮਲੇ ਵਿੱਚ ਜਾਂਚ ਨੇ ਤੇਜ਼ੀ ਫੜ ਲਈ ਹੈ। ਇਸ ਬਹੁਚਰਚਿਤ ਮਾਮਲੇ ਦੀ ਜਾਂਚ ਲਈ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੀ ਟੀਮ ਦੇਰ ਰਾਤ ਮਾਨਸਾ ਵਿਖੇ ਪਹੁੰਚ ਗਈ। ਬੁੱਧਵਾਰ ਸਵੇਰੇ ਸੀਬੀਆਈ ਦੇ ਅਧਿਕਾਰੀ ਪਰਵਿੰਦਰ ਸਿੰਘ ਝੋਟਾ ਦੇ ਘਰ ਗਏ ਅਤੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕਰਕੇ ਮਾਮਲੇ ਸਬੰਧੀ ਵਿਸਥਾਰ ਨਾਲ ਜਾਣਕਾਰੀ ਹਾਸਲ ਕੀਤੀ। ਜ਼ਿਕਰਯੋਗ ਹੈ ਕਿ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਅਤੇ ਇਨਸਾਫ਼ ਕਮੇਟੀ ਵੱਲੋਂ ਲਗਾਤਾਰ ਇਸ ਕਤਲਕਾਂਡ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਜਾ ਰਹੀ ਸੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੰਗਲਵਾਰ ਨੂੰ ਆਪਣੇ ਮਾਨਸਾ ਦੌਰੇ ਦੌਰਾਨ ਪਰਿਵਾਰ ਨੂੰ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਵਾਉਣ ਦਾ ਭਰੋਸਾ ਦਿੱਤਾ ਸੀ। ਇਸ ਭਰੋਸੇ ਤੋਂ ਬਾਅਦ ਸੀਬੀਆਈ ਦੀ ਟੀਮ ਦੇ ਮਾਨਸਾ ਪਹੁੰਚਣ ਨਾਲ ਜਾਂਚ ਪਰਕਿਰਿਆ ਦੇ ਤੇਜ਼ੀ ਨਾਲ ਅੱਗੇ ਵਧਣ ਦੀ ਪੂਰੀ ਉਮੀਦ ਜਾਗੀ ਹੈ। ਮਿਲੀ ਜਾਣਕਾਰੀ ਅਨੁਸਾਰ, ਸੀਬੀਆਈ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਚੰਡੀਗੜ੍ਹ ਵਿਖੇ ਐੱਫਆਈਆਰ ਦਰਜ ਕੀਤੀ ਜਾ ਚੁੱਕੀ ਹੈ। ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਤਿੰਨ ਮੈਂਬਰੀ ਸੀਬੀਆਈ ਟੀਮ ਨੂੰ ਮਾਨਸਾ ਭੇਜਿਆ ਗਿਆ ਹੈ। ਟੀਮ ਨੇ ਪੀੜਤ ਪਰਿਵਾਰ ਨਾਲ ਮਿਲ ਕੇ ਪੁੱਛਗਿੱਛ ਕੀਤੀ ਅਤੇ ਕਤਲਕਾਂਡ ਨਾਲ ਜੁੜੇ ਅਹਿਮ ਤੱਥਾਂ ਦੀ ਜਾਣਕਾਰੀ ਇਕੱਠੀ ਕੀਤੀ। ਇਸ ਜਾਂਚ ਦੌਰਾਨ ਹੁਣ ਕਤਲਕਾਂਡ ਨਾਲ ਜੁੜੇ ਕਿਹੜੇ ਨਵੇਂ ਪਹਿਲੂ ਸਾਹਮਣੇ ਆਉਂਦੇ ਹਨ ਅਤੇ ਮੁੱਖ ਮੁਲਜ਼ਮ ਅਸ਼ਵਨੀ ਕੁਮਾਰ ਨੂੰ ਰਿਮਾਂਡ ’ਤੇ ਲੈ ਕੇ ਕਿਸ ਤਰ੍ਹਾਂ ਪੁੱਛਗਿੱਛ ਕੀਤੀ ਜਾਂਦੀ ਹੈ, ਇਸ ’ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਪਰਿਵਾਰ ਨੂੰ ਇਨਸਾਫ਼ ਦਿਵਾਉਣ ਦੀ ਦਿਸ਼ਾ ਵਿੱਚ ਸੀਬੀਆਈ ਦੀ ਇਹ ਕਾਰਵਾਈ ਬਹੁਤ ਅਹਿਮ ਮੰਨੀ ਜਾ ਰਹੀ ਹੈ।
Leave a Reply