ਕੈਨੇਡਾ ਦੀ ਸੀਨੀਅਰ ਫੌਜੀ ਅਧਿਕਾਰੀ ਜੈਨੀ ਕੈਰੀਗਨਨ ਨਾਟੋ ਦੇ ਸਿਖਰਲੇ ਅਹੁਦੇ ਦੀ ਦੌੜ ‘ਚ

ਕੈਨੇਡਾ ਦੀ ਸੀਨੀਅਰ ਫੌਜੀ ਅਧਿਕਾਰੀ ਜੈਨੀ ਕੈਰੀਗਨਨ ਨਾਟੋ ਦੇ ਸਿਖਰਲੇ ਅਹੁਦੇ ਦੀ ਦੌੜ ‘ਚ

ਕੈਨੇਡਾ ਦੀ ਲਿਬਰਲ ਸਰਕਾਰ ਨੇ ਦੇਸ਼ ਦੀ ਸਭ ਤੋਂ ਉੱਚੀ ਫੌਜੀ ਅਧਿਕਾਰੀ ਜਨਰਲ ਜੈਨੀ ਕੈਰੀਗਨਨ ਨੂੰ ਨਾਟੋ ਦੀ ਮਿਲਟਰੀ ਕਮੇਟੀ ਦੇ ਅਗਲੇ ਚੇਅਰ ਅਹੁਦੇ ਲਈ ਨਾਮਜ਼ਦ ਕੀਤਾ ਹੈ। ਇਹ ਅਹੁਦਾ ਅਗਲੇ ਸਾਲ ਖਾਲੀ ਹੋਣਾ ਹੈ ਅਤੇ ਇਸ ਲਈ ਚੋਣ ਸਤੰਬਰ 2026 ਵਿੱਚ ਕਰਵਾਈ ਜਾਵੇਗੀ। ਕੈਨੇਡਾ ਦੇ ਰੱਖਿਆ ਮੰਤਰੀ David McGuinty ਨੇ ਇਸ ਨਾਮਜ਼ਦਗੀ ਦਾ ਐਲਾਨ ਕਰਦਿਆਂ ਕਿਹਾ ਕਿ ਜਨਰਲ Jennie Carignan ਅਗਲੇ ਸਾਲ ਤੱਕ ਆਪਣੀਆਂ ਮੌਜੂਦਾ ਜ਼ਿੰਮੇਵਾਰੀਆਂ ਨਿਭਾਉਂਦੇ ਰਹਿਣਗੇ। ਇਸ ਵੇਲੇ ਨਾਟੋ ਮਿਲਟਰੀ ਕਮੇਟੀ ਦੇ ਚੇਅਰ Giuseppe Cavo Dragone ਹਨ, ਜੋ ਇਟਲੀ ਦੀ ਨੇਵੀ ਨਾਲ ਸੰਬੰਧਿਤ ਹਨ। ਉਨ੍ਹਾਂ ਦਾ ਕਾਰਜਕਾਲ ਅਗਲੀਆਂ ਗਰਮੀਆਂ ਵਿੱਚ ਸਮਾਪਤ ਹੋ ਰਿਹਾ ਹੈ। ਨਾਟੋ ਮਿਲਟਰੀ ਕਮੇਟੀ ਦਾ ਚੇਅਰ, ਨਾਟੋ ਦੇ ਸਕੱਤਰ ਜਨਰਲ ਲਈ ਸਭ ਤੋਂ ਸੀਨੀਅਰ ਫੌਜੀ ਸਲਾਹਕਾਰ ਹੁੰਦਾ ਹੈ ਅਤੇ 32 ਮੈਂਬਰ ਦੇਸ਼ਾਂ ਦੇ ਫੌਜੀ ਮੁਖੀਆਂ ਵੱਲੋਂ ਦਿੱਤੀ ਜਾਣ ਵਾਲੀ ਸਲਾਹ ਨੂੰ ਅੱਗੇ ਪਹੁੰਚਾਉਣ ਦੀ ਜ਼ਿੰਮੇਵਾਰੀ ਨਿਭਾਉਂਦਾ ਹੈ। ਜਨਰਲ ਜੈਨੀ ਕੈਰੀਗਨਨ ਜੁਲਾਈ 2024 ਤੋਂ ਕੈਨੇਡਾ ਦੀ ਚੀਫ਼ ਆਫ਼ ਡਿਫੈਂਸ ਸਟਾਫ਼ ਵਜੋਂ ਸੇਵਾ ਨਿਭਾ ਰਹੇ ਹਨ। ਇਸ ਤੋਂ ਪਹਿਲਾਂ 2000 ਦੇ ਸ਼ੁਰੂਆਤੀ ਸਾਲਾਂ ਵਿੱਚ ਇਹ ਅਹੁਦਾ ਕੈਨੇਡਾ ਦੇ ਰਿਟਾਇਰਡ ਜਨਰਲ Ray Henault ਕੋਲ ਵੀ ਰਹਿ ਚੁੱਕਾ ਹੈ। ਰੱਖਿਆ ਮੰਤਰੀ ਡੇਵਿਡ ਮੈਕਗਿੰਟੀ ਨੇ ਕਿਹਾ ਕਿ ਇਹ ਨਾਮਜ਼ਦਗੀ ਨਾਟੋ ਪ੍ਰਤੀ ਕੈਨੇਡਾ ਦੀ ਮਜ਼ਬੂਤ ਵਚਨਬੱਧਤਾ ਨੂੰ ਦਰਸਾਉਂਦੀ ਹੈ। ਉਨ੍ਹਾਂ ਦੇ ਅਨੁਸਾਰ ਜਨਰਲ ਕੈਰੀਗਨਨ ਦਾ ਵਿਸ਼ਾਲ ਤਜ਼ਰਬਾ, ਆਗੂਈ ਸਮਰੱਥਾ ਅਤੇ ਸਾਥੀ ਦੇਸ਼ਾਂ ਨਾਲ ਮਿਲ ਕੇ ਕੰਮ ਕਰਨ ਦੀ ਯੋਗਤਾ ਉਨ੍ਹਾਂ ਨੂੰ ਇਸ ਅਹੁਦੇ ਲਈ ਮਜ਼ਬੂਤ ਉਮੀਦਵਾਰ ਬਣਾਉਂਦੀ ਹੈ।