ਬੰਦ ਪੈਕੇਟ ਵਾਲੇ ਮਟਰਾਂ ਦੀ ਸਬਜ਼ੀ ਖਾਣ ਮਗਰੋਂ ਇੱਕ ਦੀ ਮੌਤ, ਪਰਿਵਾਰ ਦੇ ਚਾਰ ਮੈਂਬਰ ਹਸਪਤਾਲ ਦਾਖਲ

ਬੰਦ ਪੈਕੇਟ ਵਾਲੇ ਮਟਰਾਂ ਦੀ ਸਬਜ਼ੀ ਖਾਣ ਮਗਰੋਂ ਇੱਕ ਦੀ ਮੌਤ, ਪਰਿਵਾਰ ਦੇ ਚਾਰ ਮੈਂਬਰ ਹਸਪਤਾਲ ਦਾਖਲ

ਜ਼ਿਲ੍ਹੇ ਦੇ ਪਿੰਡ ਦੁਗਲਵਾਲਾ ਵਿੱਚ ਕਥਿਤ ਤੌਰ 'ਤੇ ਬੰਦ ਪੈਕੇਟ ਵਿੱਚ ਖਰੀਦੇ ਮਟਰਾਂ ਦੀ ਸਬਜ਼ੀ ਖਾਣ ਤੋਂ ਬਾਅਦ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਇੱਕੋ ਪਰਿਵਾਰ ਦੇ ਚਾਰ ਮੈਂਬਰ ਬਿਮਾਰ ਹੋ ਗਏ। ਸਾਰੇ ਬਿਮਾਰ ਵਿਅਕਤੀਆਂ ਨੂੰ ਇਲਾਜ ਲਈ ਤਰਨ ਤਾਰਨ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪਰਿਵਾਰ ਦੇ ਮੁਖੀ ਦਿਲਬਾਗ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਤਰਨ ਤਾਰਨ ਦੀ ਇੱਕ ਦੁਕਾਨ ਤੋਂ ਬੰਦ ਪੈਕੇਟ ਵਿੱਚ ਮਟਰ ਖਰੀਦੇ ਸਨ। ਮੰਗਲਵਾਰ ਰਾਤ ਪਰਿਵਾਰ ਨੇ ਉਨ੍ਹਾਂ ਮਟਰਾਂ ਦੀ ਸਬਜ਼ੀ ਤਿਆਰ ਕਰਕੇ ਇਕੱਠੇ ਭੋਜਨ ਕੀਤਾ। ਉਨ੍ਹਾਂ ਦੇ ਅਨੁਸਾਰ, ਭੋਜਨ ਕਰਨ ਤੋਂ ਕੁਝ ਸਮੇਂ ਬਾਅਦ ਉਨ੍ਹਾਂ ਦੇ ਕਾਮੇ ਜਗਤਾਰ ਸਿੰਘ ਜੱਗੀ ਦੀ ਤਬੀਅਤ ਅਚਾਨਕ ਵਿਗੜ ਗਈ। ਉਸ ਨੇ ਪੇਟ ਵਿੱਚ ਤੇਜ਼ ਦਰਦ ਦੀ ਸ਼ਿਕਾਇਤ ਕੀਤੀ ਅਤੇ ਬਾਅਦ ਵਿੱਚ ਉਸ ਦੀ ਮੌਤ ਹੋ ਗਈ। ਦਿਲਬਾਗ ਸਿੰਘ ਨੇ ਦੱਸਿਆ ਕਿ ਇਸੇ ਦੌਰਾਨ ਉਹ ਖੁਦ, ਉਨ੍ਹਾਂ ਦੀ ਪਤਨੀ ਅਤੇ ਦੋ ਨੂੰਹਾਂ ਵੀ ਬਿਮਾਰ ਹੋ ਗਈਆਂ। ਸਾਰਿਆਂ ਨੂੰ ਤੁਰੰਤ ਤਰਨ ਤਾਰਨ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ। ਉਨ੍ਹਾਂ ਮੁਤਾਬਕ ਜਗਤਾਰ ਸਿੰਘ ਦੀ ਪਤਨੀ ਅਤੇ ਉਸ ਦੀਆਂ ਦੋ ਨੂੰਹਾਂ ਨੇ ਵੀ ਖਾਣਾ ਖਾਣ ਤੋਂ ਬਾਅਦ ਪੇਟ ਦਰਦ ਦੀ ਸ਼ਿਕਾਇਤ ਕੀਤੀ ਸੀ। ਹਸਪਤਾਲ ਵਿੱਚ ਦਾਖਲ ਪਰਿਵਾਰਕ ਮੈਂਬਰਾਂ ਦੀ ਹਾਲਤ ਇਸ ਵੇਲੇ ਸਥਿਰ ਦੱਸੀ ਜਾ ਰਹੀ ਹੈ।