ਵਪਾਰਕ ਗੈਸ ਸਿਲੰਡਰਾਂ ਦੀ ਘਾਟ ਨਾਲ ਹੋਟਲ ਅਤੇ ਰੈਸਟੋਰੈਂਟ ਪ੍ਰਭਾਵਿਤ
- ਪੰਜਾਬ
- (Asia/Kolkata)
ਅਮਰੀਕਾ-ਇਜ਼ਰਾਈਲ ਨਾਲ ਇਰਾਨ ਦੇ ਟਕਰਾਅ ਕਰਕੇ ਪੱਛਮੀ ਏਸ਼ਿਆਈ ਦੇਸ਼ਾਂ ਵਿੱਚ ਬਣੇ ਤਣਾਅ ਵਾਲੇ ਮਾਹੌਲ ਦੇ ਚਲਦਿਆਂ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵੱਚ ਰਸੋਈ ਗੈਸ, ਪੈਟਰੋਲ ਤੇ ਡੀਜ਼ਲ ਦੀ ਕਮੀ ਦੀਆਂ ਅਫ਼ਵਾਹਾਂ ਵੱਡੇ ਪੱਧਰ ’ਤੇ ਫੈਲ ਗਈਆਂ ਹਨ। ਇਸੇ ਕਾਰਨ ਵੱਡੀ ਗਿਣਤੀ ਲੋਕ ਰਸੋਈ ਗੈਸ ਸਿਲੰਡਰ ਭਰਾਉਣ ਵਿੱਚ ਜੁਟ ਗਏ ਹਨ, ਜਿਸ ਕਰਕੇ ਚੰਡੀਗੜ੍ਹ ਟ੍ਰਾਈਸਿਟੀ ਵਿੱਚ ਗੈਸ ਏਜੰਸੀਆਂ ਦੇ ਬਾਹਰ ਗੈਸ ਸਿਲੰਡਰ ਲੈਣ ਵਾਲਿਆਂ ਦੀਆਂ ਲੰਬੀਆਂ ਕਤਾਰਾਂ ਦਿਖਾਈ ਦੇ ਰਹੀਆਂ ਹਨ। ਹਾਲਾਂਕਿ ਵਪਾਰਕ ਗੈਸ ਸਿਲੰਡਰਾਂ ਦੀ ਸਪਲਾਈ ਵਿੱਚ ਕਮੀ ਆਉਣ ਕਰਕੇ ਸ਼ਹਿਰ ਦਾ ਪ੍ਰਾਹੁਣਚਾਰੀ ਖੇਤਰ ਪ੍ਰਭਾਵਿਤ ਹੋਣਾ ਸ਼ੁਰੂ ਹੋ ਗਿਆ ਹੈ, ਜਿਸ ਕਾਰਨ ਹੋਟਲਾਂ, ਕਲੱਬਾਂ ਅਤੇ ਰੈਸਟੋਰੈਂਟਾਂ ਨੇ ਕੰਮਕਾਜ ਨੂੰ ਜਾਰੀ ਰੱਖਣ ਲਈ ਮੀਨੂ ਘਟਾਉਣੇ ਸ਼ੁਰੂ ਕਰ ਦਿੱਤੇ ਹਨ। ਰੇਸਤਰਾਂ ਮਾਲਕਾਂ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਵਿੱਚ ਵਪਾਰਕ ਸਿਲੰਡਰਾਂ ਦੀ ਸਪਲਾਈ ਵਿੱਚ ਗਿਰਾਵਟ ਨੇ ਰੋਜ਼ਾਨਾ ਰਸੋਈ ਦੇ ਕੰਮਕਾਜ ਲਈ ਮੁਸ਼ਕਲ ਪੈਦਾ ਕਰ ਦਿੱਤੀ ਹੈ। ਚੰਡੀਗੜ੍ਹ ਹਾਸਪਿਟੈਲਿਟੀ ਐਸੋਸੀਏਸ਼ਨ ਦੇ ਪ੍ਰਧਾਨ ਅੰਕਿਤ ਗੁਪਤਾ ਨੇ ਕਿਹਾ ਕਿ ਵਪਾਰਕ ਸਿਲੰਡਰ ਨਾ ਮਿਲਣ ਕਰਕੇ ਰੈਸਟੋਰੈਂਟ, ਹੋਟਲ, ਕਲੱਬ ਮਾਲਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇ ਅਜਿਹਾ ਲੰਬਾ ਸਮਾਂ ਚਲਦਾ ਹੈ ਤਾਂ ਜ਼ਰੂਰ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਹਾਲਾਂਕਿ ਹਾਲਾਂਕਿ ਤੇਲ ਮਾਰਕੀਟਿੰਗ ਕੰਪਨੀਆਂ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਘਾਟ ਵਪਾਰਕ ਗੈਸ ਸਿਲੰਡਰਾਂ ਦੀ ਵੰਡ ਤੱਕ ਸੀਮਤ ਹੈ, ਪਰ ਘਰੇਲੂ ਸਪਲਾਈ ਨੂੰ ਪ੍ਰਭਾਵਿਤ ਨਹੀਂ ਹੋਣ ਦਿੱਤਾ ਜਾਵੇਗਾ। ਗੈਸ ਏਜੰਸੀ ਦੀ ਮਾਲਕ ਨੇ ਕਿਹਾ ਕਿ ਲੋਕਾਂ ਵੱਲੋਂ ਗੈਸ ਸਿਲੰਡਰ ਲਈ ਬੁਕਿੰਗ ਵੱਡੇ ਪੱਧਰ ’ਤੇ ਕੀਤੀ ਜਾ ਰਹੀ ਹੈ, ਪਰ ਲੋਕਾਂ ਨੂੰ ਨੰਬਰ ਆਉਣ ’ਤੇ ਹੀ ਗੈਸ ਸਿਲੰਡਰ ਦਿੱਤਾ ਜਾਵੇਗਾ।
Leave a Reply