ਪ੍ਰਧਾਨ ਮੰਤਰੀ ਦਾ ਰਾਹ ਰੋਕਣ ਦੀ ਵੀਡੀਓ ਜਾਰੀ, ਕੇਂਦਰ ਸਰਕਾਰ ਨੇ ਦਿੱਤਾ ਵੇਰਵਾ
- ਦੇਸ਼
- (Asia/Kolkata)
ਜੇ ਭਾਜਪਾ ਸੰਸਦ ਮੈਂਬਰਾਂ ਨੂੰ ਰੋਕਿਆ ਨਾ ਹੁੰਦਾ ਤਾਂ ਹਾਲਾਤ ਖਰਾਬ ਹੋ ਜਾਣੇ ਸਨ: ਕਿਰੇਨ ਰਿਜਿਜੂ ਲੋਕ ਸਭਾ ਵਿੱਚ ਸਰਕਾਰ ਅਤੇ ਵਿਰੋਧੀ ਧਿਰ ਵਿਚਾਲੇ ਚੱਲ ਰਿਹਾ ਰੌਲਾ ਰੱਪਾ ਅੱਜ ਉਸ ਵੇਲੇ ਹੋਰ ਵਧ ਗਿਆ ਜਦੋਂ ਸਰਕਾਰ ਨੇ ਸਦਨ ਅੰਦਰ ਦੀ ਇੱਕ ਵੀਡੀਓ ਫੁਟੇਜ ਜਾਰੀ ਕੀਤੀ। ਇਸ ਵੀਡੀਓ ਵਿੱਚ ਵਿਰੋਧੀ ਧਿਰ ਦੀਆਂ ਮਹਿਲਾ ਸੰਸਦ ਮੈਂਬਰਾਂ ਹੱਥਾਂ ਵਿੱਚ ਬੈਨਰ ਫੜ ਕੇ ਸੱਤਾ ਪੱਖ ਵਾਲੇ ਪਾਸੇ ਜਾਂਦੀਆਂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰਸਤੇ ਨੂੰ ਰੋਕਦੀਆਂ ਦਿਖਾਈ ਦੇ ਰਹੀਆਂ ਹਨ। ਇਹ ਘਟਨਾ 4 ਫਰਵਰੀ ਦੀ ਦੱਸੀ ਜਾ ਰਹੀ ਹੈ। ਸੰਸਦੀ ਮੰਤਰੀ ਕਿਰੇਨ ਰਿਜਿਜੂ ਨੇ ਇਸ ਫੁਟੇਜ ਨੂੰ ਸਾਂਝਾ ਕਰਦਿਆਂ ਕਾਂਗਰਸ ਦੀ ਸੰਸਦ ਮੈਂਬਰ ਜੋਤੀਮਣੀ ਦੀ ਅਗਵਾਈ ਵਿੱਚ ਕੀਤੇ ਗਏ ਇਸ ਵਿਰੋਧ ਪ੍ਰਦਰਸ਼ਨ ਦੀ ਸਖ਼ਤ ਨਿਖੇਧੀ ਕੀਤੀ ਹੈ। ਕਿਰੇਨ ਰਿਜਿਜੂ ਨੇ ਕਿਹਾ ਕਿ ਕਾਂਗਰਸ ਪਾਰਟੀ ਨੂੰ ਆਪਣੇ ਸੰਸਦ ਮੈਂਬਰਾਂ ਦੇ ਇਸ ਮਾੜੇ ਵਿਹਾਰ ’ਤੇ ਮਾਣ ਹੈ ਪਰ ਜੇਕਰ ਭਾਜਪਾ ਦੇ ਸੰਸਦ ਮੈਂਬਰਾਂ ਨੂੰ ਰੋਕਿਆ ਨਾ ਜਾਂਦਾ ਤਾਂ ਸਦਨ ਵਿੱਚ ਹਾਲਾਤ ਬਹੁਤ ਖ਼ਰਾਬ ਹੋ ਸਕਦੇ ਸਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਸੰਸਦ ਦੀ ਮਰਿਆਦਾ ਅਤੇ ਪਵਿੱਤਰਤਾ ਨੂੰ ਬਚਾਉਣ ਲਈ ਬਹੁਤ ਸੰਜਮ ਤੋਂ ਕੰਮ ਲਿਆ। ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਦੋਵਾਂ ਧਿਰਾਂ ਵਿਚਾਲੇ ਤਣਾਅ ਹੋਰ ਵਧ ਗਿਆ ਹੈ ਅਤੇ ਸਰਕਾਰ ਹੁਣ ਵਿਰੋਧੀ ਧਿਰ ਖ਼ਿਲਾਫ਼ ਹਮਲਾਵਰ ਰੁਖ਼ ਅਖਤਿਆਰ ਕਰ ਰਹੀ ਹੈ। ਦੂਜੇ ਪਾਸੇ, ਵਿਰੋਧੀ ਧਿਰ ਨੇ ਵੀ ਸਰਕਾਰ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ। 100 ਤੋਂ ਵੱਧ ਵਿਰੋਧੀ ਸੰਸਦ ਮੈਂਬਰਾਂ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਅਹੁਦੇ ਤੋਂ ਹਟਾਉਣ ਲਈ ਨੋਟਿਸ ਦੇਣ ਦੀ ਤਿਆਰੀ ਕਰ ਲਈ ਹੈ ਅਤੇ ਇਸ ’ਤੇ ਦਸਤਖਤ ਵੀ ਕਰ ਦਿੱਤੇ ਹਨ। ਹਾਲਾਂਕਿ ਤ੍ਰਿਣਮੂਲ ਕਾਂਗਰਸ (TMC) ਨੇ ਅਜੇ ਤੱਕ ਇਸ ਨੋਟਿਸ ’ਤੇ ਦਸਤਖਤ ਨਹੀਂ ਕੀਤੇ ਹਨ ਅਤੇ ਉਹ ਇਸ ਮੁਹਿੰਮ ਤੋਂ ਦੂਰ ਨਜ਼ਰ ਆ ਰਹੀ ਹੈ। ਸਪੀਕਰ ਵਿਰੁੱਧ ਅਵਿਸ਼ਵਾਸ ਵਰਗੇ ਮਤੇ ਅਤੇ ਸਰਕਾਰ ਵੱਲੋਂ ਜਾਰੀ ਕੀਤੀ ਵੀਡੀਓ ਨੇ ਬਜਟ ਸੈਸ਼ਨ ਦੀ ਕਾਰਵਾਈ ’ਤੇ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ।
Leave a Reply