ਹਥਿਆਰਾਂ ਦੀ ਤਸਕਰੀ ਮਾਮਲੇ ਵਿੱਚ ਭਾਰਤੀ ਮੂਲ ਦੇ ਬਾਈਕਰ ਗੈਂਗ ਬਾਨੀ ਨੂੰ ਸਜ਼ਾ

ਹਥਿਆਰਾਂ ਦੀ ਤਸਕਰੀ ਮਾਮਲੇ ਵਿੱਚ ਭਾਰਤੀ ਮੂਲ ਦੇ ਬਾਈਕਰ ਗੈਂਗ ਬਾਨੀ ਨੂੰ ਸਜ਼ਾ

ਕੈਲੀਫੋਰਨੀਆ ਦੀ ਇੱਕ ਅਦਾਲਤ ਨੇ ਭਾਰਤੀ ਮੂਲ ਦੇ ਬਾਈਕਰ ਗੈਂਗ “Punjabi Devils” ਦੇ ਬਾਨੀ ਜਸ਼ਨਪ੍ਰੀਤ ਸਿੰਘ ਨੂੰ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਅਤੇ ਮਸ਼ੀਨ ਗਨ ਰੱਖਣ ਦੇ ਮਾਮਲੇ ਵਿੱਚ ਪੰਜ ਸਾਲ ਅਤੇ ਚਾਰ ਮਹੀਨੇ ਦੀ ਸੰਘੀ ਕੈਦ ਦੀ ਸਜ਼ਾ ਸੁਣਾਈ ਹੈ। ਅਮਰੀਕੀ ਅਧਿਕਾਰੀਆਂ ਵੱਲੋਂ ਚਲਾਏ ਗਏ ਇੱਕ ਗੁਪਤ ਅਪਰੇਸ਼ਨ ਦੌਰਾਨ ਇਸ ਗਿਰੋਹ ਨਾਲ ਜੁੜੀਆਂ ਗਤੀਵਿਧੀਆਂ ਦਾ ਪਰਦਾਫਾਸ਼ ਹੋਇਆ ਸੀ। ਇਸ ਮਾਮਲੇ ਨੇ ਉਸ ਵੇਲੇ ਵੱਧ ਚਰਚਾ ਹਾਸਲ ਕੀਤੀ ਜਦੋਂ ਜਾਂਚ ਦੌਰਾਨ ਇਸ ਗਿਰੋਹ ਦੇ ਕਥਿਤ ਤੌਰ ’ਤੇ ਅਮਰੀਕਾ ਦੇ ਬਦਨਾਮ ਬਾਈਕਰ ਨੈੱਟਵਰਕ “Hells Angels” ਨਾਲ ਸਬੰਧ ਹੋਣ ਦੇ ਦਾਅਵੇ ਸਾਹਮਣੇ ਆਏ। ਇਸ ਦੇ ਨਾਲ ਹੀ ਮਸ਼ੀਨ ਗਨਾਂ, ਵਿਸਫੋਟਕ ਸਮੱਗਰੀ ਅਤੇ ਅਸਾਲਟ-ਸ਼ੈਲੀ ਦੇ ਹਥਿਆਰਾਂ ਦੀ ਬਰਾਮਦਗੀ ਨੇ ਵੀ ਜਾਂਚ ਏਜੰਸੀਆਂ ਦਾ ਧਿਆਨ ਖਿੱਚਿਆ। “Punjabi Devils Motorcycle Club” ਨੂੰ ਸਟਾਕਟਨ ਅਧਾਰਤ ਬਾਈਕਰ ਗੈਂਗ ਵਜੋਂ ਜਾਣਿਆ ਜਾਂਦਾ ਹੈ, ਜਿਸ ਦੀ ਸਥਾਪਨਾ ਲੋਦੀ, ਕੈਲੀਫੋਰਨੀਆ ਦੇ 27 ਸਾਲਾ ਜਸ਼ਨਪ੍ਰੀਤ ਸਿੰਘ ਨੇ ਕੀਤੀ ਸੀ। ਅਮਰੀਕੀ ਨਿਆਂ ਵਿਭਾਗ ਦੇ ਅਨੁਸਾਰ ਇਸ ਸਮੂਹ ਨੂੰ ਇੱਕ “ਗੈਰ-ਕਾਨੂੰਨੀ ਮੋਟਰਸਾਈਕਲ ਗੈਂਗ” ਮੰਨਿਆ ਜਾਂਦਾ ਸੀ, ਜਿਸ ਦੇ Hells Angels ਨਾਲ ਕਥਿਤ ਸਬੰਧ ਦੱਸੇ ਗਏ ਹਨ। ਰਿਪੋਰਟਾਂ ਅਨੁਸਾਰ ਇਸ ਗਿਰੋਹ ਦੇ ਮੈਂਬਰ ਜੈਕਟਾਂ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਪੰਜਾਬੀ ਥੀਮ ਅਤੇ ਸਿੱਖ ਪ੍ਰਤੀਕਾਂ ਦੀ ਵਰਤੋਂ ਕਰਦੇ ਸਨ। ਇਸ ਕਾਰਨ ਕੈਲੀਫੋਰਨੀਆ ਵਿੱਚ ਪੰਜਾਬੀ ਭਾਈਚਾਰੇ ਦੇ ਕੁਝ ਹਿੱਿਆਂ ਵਿੱਚ ਵੀ ਇਹ ਗਿਰੋਹ ਚਰਚਾ ਦਾ ਵਿਸ਼ਾ ਬਣਿਆ ਰਿਹਾ। ਕੁਝ ਆਨਲਾਈਨ ਚਰਚਾਵਾਂ ਵਿੱਚ ਇਸ ਗਿਰੋਹ ਨੂੰ ਪੰਜਾਬੀ ਪਛਾਣ ਅਤੇ ਗੈਰ-ਕਾਨੂੰਨੀ ਬਾਈਕਰ ਸੱਭਿਆਚਾਰ ਦੇ ਮਿਲਾਪ ਵਜੋਂ ਵੀ ਦਰਸਾਇਆ ਗਿਆ। ਸੰਘੀ ਵਕੀਲਾਂ ਦੇ ਮੁਤਾਬਕ ਮਾਮਲੇ ਦੀ ਸ਼ੁਰੂਆਤ 6 ਜੂਨ 2025 ਨੂੰ ਇੱਕ ਅੰਡਰਕਵਰ ਅਪਰੇਸ਼ਨ ਨਾਲ ਹੋਈ। ਅਧਿਕਾਰੀਆਂ ਦਾ ਦੋਸ਼ ਹੈ ਕਿ ਜਸ਼ਨਪ੍ਰੀਤ ਸਿੰਘ ਨੇ ਇੱਕ ਗੁਪਤ ਅਧਿਕਾਰੀ ਨੂੰ ਕਈ ਗੈਰ-ਕਾਨੂੰੀ ਹਥਿਆਰ ਵੇਚਣ ਦੀ ਕੋਸ਼ਿਸ਼ ਕੀਤੀ ਸੀ। ਇਨ੍ਹਾਂ ਵਿੱਚ ਇੱਕ ਛੋਟੀ ਬੈਰਲ ਵਾਲੀ ਰਾਈਫਲ, ਅਸਾਲਟ-ਸ਼ੈਲੀ ਦੇ ਹਥਿਆਰ, ਮਸ਼ੀਨ ਗਨ ਵਿੱਚ ਤਬਦੀਲ ਕਰਨ ਵਾਲੇ ਯੰਤਰ ਅਤੇ ਇੱਕ ਰਿਵਾਲਵਰ ਸ਼ਾਮਲ ਸਨ। ਇਸ ਤੋਂ ਬਾਅਦ ਜਾਂਚ ਏਜੰਸੀਆਂ ਨੇ ਕੈਲੀਫੋਰਨੀਆ ਵਿੱਚ ਸਿੰਘ ਦੀ ਰਿਹਾਇਸ਼ ’ਤੇ ਛਾਪਾ ਮਾਰਿਆ। ਤਲਾਸ਼ੀ ਦੌਰਾਨ ਇੱਕ ਮਸ਼ੀਨ ਗਨ, ਹੋਰ ਤਬਦੀਲ ਕਰਨ ਵਾਲੇ ਯੰਤਰ, ਇੱਕ ਸਾਈਲੈਂਸਰ, ਉੱਚ ਸਮਰੱਥਾ ਵਾਲੇ ਮੈਗਜ਼ੀਨ ਅਤੇ ਵਿਸਫੋਟਕ ਸਮੱਗਰੀ ਬਰਾਮਦ ਹੋਣ ਦਾ ਦਾਅਵਾ ਕੀਤਾ ਗਿਆ। ਬਰਾਮਦ ਸਮੱਗਰੀ ਵਿੱਚ ਇੱਕ ਗ੍ਰਨੇਡ ਅਤੇ ਸ਼ੱਕੀ ਕਲੇਮੋਰ ਮਾਈਨ ਵੀ ਸ਼ਾਮਲ ਸੀ। ਅਧਿਕਾਰੀਆਂ ਨੇ ਦੱਸਿਆ ਕਿ ਵਿਸਫੋਟਕ ਮਿਲਣ ਕਾਰਨ ਮੌਕੇ ’ਤੇ ਬੰਬ ਨਿਰੋਧਕ ਦਸਤਿਆਂ ਨੂੰ ਵੀ ਬੁਲਾਉਣਾ ਪਿਆ। ਜਾਂਚਕਰਤਾਵਾਂ ਦੇ ਅਨੁਸਾਰ ਜਸ਼ਨਪ੍ਰੀਤ ਸਿੰਘ ਜੁਲਾਈ 2025 ਵਿੱਚ ਅਦਾਲਤ ਵਿੱਚ ਪੇਸ਼ ਨਹੀਂ ਹੋਇਆ, ਜਿਸ ਤੋਂ ਬਾਅਦ ਉਸ ਦੀ ਗ੍ਰਿਫਤਾਰੀ ਲਈ ਵਾਰੰਟ ਜਾਰੀ ਕੀਤਾ ਗਿਆ। ਬਾਅਦ ਵਿੱਚ ਸੰਘੀ ਏਜੰਸੀਆਂ ਨੇ ਉਸਨੂੰ ਸੈਨ ਫਰਾਂਸਿਸਕੋ ਇੰਟਰਨੈਸ਼ਨਲ ਏਅਰਪੋਰਟ ’ਤੇ ਉਸ ਸਮੇਂ ਗ੍ਰਿਫਤਾਰ ਕੀਤਾ ਜਦੋਂ ਉਹ ਕਥਿਤ ਤੌਰ ’ਤੇ ਭਾਰਤ ਜਾਣ ਵਾਲੀ ਫਲਾਈਟ ਵਿੱਚ ਸਵਾਰ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਪੂਰੀ ਜਾਂਚ ਵਿੱਚ FBI, ਹੋਮਲੈਂਡ ਸਿਕਿਉਰਿਟੀ ਇਨਵੈਸਟੀਗੇਸ਼ਨਜ਼ ਅਤੇ ਬਿਊਰੋ ਆਫ ਅਲਕੋਹਲ, ਟੋਬੈਕੋ, ਫਾਇਰਆਰਮਜ਼ ਐਂਡ ਐਕਸਪਲੋਸਿਵਜ਼ (ATF) ਸਮੇਤ ਕਈ ਸੰਘੀ ਏਜੰਸੀਆਂ ਸ਼ਾਮਲ ਰਹੀਆਂ। ਇਸ ਹਫ਼ਤੇ ਦੇ ਸ਼ੁਰੂ ਵਿੱਚ ਅਮਰੀਕੀ ਜ਼ਿਲ੍ਹਾ ਜੱਜ ਡੇਲ ਏ. ਡਰੋਜ਼ਡ ਨੇ ਜਸ਼ਨਪ੍ਰੀਤ ਸਿੰਘ ਨੂੰ ਹਥਿਆਰਾਂ ਦੇ ਗੈਰ-ਕਾਨੂੰੀ ਕਾਰੋਬਾਰ ਅਤੇ ਮਸ਼ੀਨ ਗਨ ਰੱਖਣ ਦੇ ਦੋਸ਼ਾਂ ਵਿੱਚ ਗੁਨਾਹ ਕਬੂਲ ਕਰਨ ਤੋਂ ਬਾਅਦ ਪੰਜ ਸਾਲ ਅਤੇ ਚਾਰ ਮਹੀਨੇ ਦੀ ਸੰਘੀ ਕੈਦ ਦੀ ਸਜ਼ਾ ਸੁਣਾਈ।