ਆਗਰਾ ਦੀ ਚੌਪਾਟੀ ‘ਚ ਵੱਡਾ ਹਾਦਸਾ, ਜ਼ਿਪ ਲਾਈਨ ਆਪਰੇਟਰ ਅਤੇ ਮੈਨੇਜਰ ਹਿਰਾਸਤ ਵਿੱਚ
- ਦੇਸ਼
- (Asia/Kolkata)
ਉੱਤਰ ਪ੍ਰਦੇਸ਼ ਦੇ ਆਗਰਾ ਸ਼ਹਿਰ ਵਿੱਚ ਇੱਕ ਦਰਦਨਾਕ ਹਾਦਸੇ ਦੌਰਾਨ 16 ਸਾਲਾ ਲੜਕੇ ਦੀ ਜ਼ਿਪ ਲਾਈਨ ਤੋਂ ਡਿੱਗਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਫਿਰੋਜ਼ਾਬਾਦ ਦੇ ਇੱਕ ਚੂੜੀ ਕਾਰੋਬਾਰੀ ਦੇ ਪੁੱਤਰ ਕੁਨਾਲ ਅਗਰਵਾਲ ਵਜੋਂ ਹੋਈ ਹੈ। ਇਹ ਘਟਨਾ ਐਤਵਾਰ ਨੂੰ ਤਾਜਗੰਜ ਇਲਾਕੇ ਵਿੱਚ ਵਾਪਰੀ। ਜਾਣਕਾਰੀ ਮੁਤਾਬਕ, ਕੁਨਾਲ ਆਪਣੇ ਮਾਤਾ-ਪਿਤਾ ਨਾਲ ਆਗਰਾ ਘੁੰਮਣ ਆਇਆ ਹੋਇਆ ਸੀ। ਚੌਪਾਟੀ ਵਿੱਚ ਬਣੀ 120 ਫੁੱਟ ਲੰਬੀ ਅਤੇ 45 ਫੁੱਟ ਉੱਚੀ ਜ਼ਿਪ ਲਾਈਨ ਨੂੰ ਦੇਖ ਕੇ ਉਸ ਨੇ ਜ਼ਿਪਿੰਗ ਕਰਨ ਦੀ ਜ਼ਿੱਦ ਕੀਤੀ। ਕੁਨਾਲ ਨੂੰ ਐਡਵੈਂਚਰ ਦਾ ਕਾਫ਼ੀ ਸ਼ੌਕ ਸੀ ਅਤੇ ਉਹ ਇਸ ਰਾਈਡ ਦਾ ਅਨੁਭਵ ਕਰਨਾ ਚਾਹੁੰਦਾ ਸੀ। ਘਟਨਾ ਸਮੇਂ ਕੁਨਾਲ ਨੇ ਆਪਣੇ ਛੋਟੇ ਭਰਾ ਮਯੰਕ ਨੂੰ ਕਿਹਾ ਕਿ ਉਹ ਉਸ ਦੀ ਵੀਡੀਓ ਬਣਾਉਂਦਾ ਰਹੇ। ਇਸ ਤੋਂ ਬਾਅਦ ਕਰਮਚਾਰੀਆਂ ਨੇ ਕੁਨਾਲ ਨੂੰ ਜ਼ਿਪ ਲਾਈਨ ਲਈ ਤਿਆਰ ਕਰਕੇ ਸੇਫਟੀ ਬੈਲਟ ਪਹਿਨਾਈ ਅਤੇ ਰਾਈਡ ਸ਼ੁਰੂ ਕਰਵਾਈ। ਪਰ ਜਿਵੇਂ ਹੀ ਉਹ ਦੂਜੇ ਪਾਸੇ ਵੱਲ ਵਧਿਆ ਤਾਂ ਸੇਫਟੀ ਬੈਲਟ ਦਾ ਹੁੱਕ ਖੁੱਲ੍ਹ ਗਿਆ ਅਤੇ ਉਹ ਹੇਠਾਂ ਡਿੱਗ ਪਿਆ। ਦੱਸਿਆ ਜਾ ਰਿਹਾ ਹੈ ਕਿ ਡਿੱਗਣ ਤੋਂ ਪਹਿਲਾਂ ਕੁਨਾਲ ਲੋਹੇ ਦੀ ਜਾਲੀ ਨਾਲ ਟਕਰਾਇਆ ਅਤੇ ਫਿਰ ਸਿੱਧਾ ਜ਼ਮੀਨ ‘ਤੇ ਆ ਡਿੱਗਿਆ। ਇਸ ਹਾਦਸੇ ਵਿੱਚ ਉਸ ਦੇ ਸਿਰ ਸਮੇਤ ਹੋਰ ਅੰਗਾਂ ‘ਤੇ ਵੀ ਗੰਭੀਰ ਸੱਟਾਂ ਲੱਗੀਆਂ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਮਾਤਾ-ਪਿਤਾ ਆਪਣੇ ਪੁੱਤਰ ਦੀ ਅੱਖਾਂ ਸਾਹਮਣੇ ਮੌਤ ਦੇਖ ਕੇ ਬੇਹੋਸ਼ ਹੋ ਗਏ, ਜਦਕਿ ਮੌਕੇ ‘ਤੇ ਮੌਜੂਦ ਲੋਕਾਂ ਨੇ ਉਨ੍ਹਾਂ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ। ਹਾਦਸੇ ਤੋਂ ਬਾਅਦ ਇਲਾਕੇ ਵਿੱਚ ਹੜਕੰਪ ਮਚ ਗਿਆ ਅਤੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜ਼ਿਪ ਲਾਈਨ ਦਾ ਸੰਚਾਲਨ ਬੰਦ ਕਰਵਾ ਦਿੱਤਾ ਅਤੇ ਜ਼ਿਪ ਲਾਈਨ ਆਪਰੇਟਰ ਅਤੇ ਮੈਨੇਜਰ ਨੂੰ ਹਿਰਾਸਤ ਵਿੱਚ ਲੈ ਲਿਆ। ਡੀਸੀਪੀ ਸਿਟੀ ਸਈਅਦ ਅਲੀ ਅੱਬਾਸ ਦੇ ਅਨੁਸਾਰ, ਪਿਤਾ ਦੀ ਸ਼ਿਕਾਇਤ ‘ਤੇ ਈਓਡੀ (EOD) ਚੌਪਾਟੀ, ਜ਼ਿਪ ਲਾਈਨ ਦੇ ਸੇਫਟੀ ਇੰਚਾਰਜ ਅਤੇ ਈਓਡੀ ਦੇ ਮਾਲਕ ਖ਼ਿਲਾਫ਼ ਤਾਜਗੰਜ ਥਾਣੇ ਵਿੱਚ ਐੱਫਆਈਆਰ ਦਰਜ ਕਰ ਲਈ ਗਈ ਹੈ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।
Leave a Reply