ਚੋਣ ਨਤੀਜੇ: ਗੈਂਗਸਟਰ ਤੋਂ ਸਿਆਸਤਦਾਨ ਬਣੇ ਗੁਰਪ੍ਰੀਤ ਸੇਖੋਂ ਦੇ ਘਰ ਜਿੱਤ ਦੀ ਦੋਹਰੀ ਖੁਸ਼ੀ

ਚੋਣ ਨਤੀਜੇ: ਗੈਂਗਸਟਰ ਤੋਂ ਸਿਆਸਤਦਾਨ ਬਣੇ ਗੁਰਪ੍ਰੀਤ ਸੇਖੋਂ ਦੇ ਘਰ ਜਿੱਤ ਦੀ ਦੋਹਰੀ ਖੁਸ਼ੀ

ਗੈਂਗਸਟਰ ਤੋਂ ਸਮਾਜ ਸੇਵਕ ਬਣੇ ਕਸਬਾ ਮੁੱਦਕੀ ਦੇ ਜੰਮਪਲ ਗੁਰਪ੍ਰੀਤ ਸਿੰਘ ਸੇਖੋਂ ਨੇ ਰਾਜਨੀਤੀ ਵਿੱਚ ਵੀ ਧਮਾਕੇਦਾਰ ਐਂਟਰੀ ਕੀਤੀ ਹੈ। ਉਸ ਦੀਆਂ ਦੋਨੋਂ ਪਤਨੀਆਂ ਕੁਲਜੀਤ ਕੌਰ ਤੇ ਮਨਦੀਪ ਕੌਰ ਸੇਖੋਂ ਨੇ ਬਲਾਕ ਘੱਲ ਖ਼ੁਰਦ ਵਿੱਚ ਪੈਂਦੀਆਂ ਕ੍ਰਮਵਾਰ ਫ਼ਿਰੋਜ਼ਸ਼ਾਹ ਤੇ ਵਜੀਦਪੁਰ ਦੀਆਂ ਜ਼ਿਲ੍ਹਾ ਪਰਿਸ਼ਦ ਸੀਟਾਂ ਤੋਂ 8760 ਤੇ 3127 ਵੋਟਾਂ ਦੇ ਵੱਡੇ ਫ਼ਰਕ ਨਾਲ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਹਰਾਇਆ ਹੈ। ਬਲਾਕ ਦੀ ਤੀਜੀ ਸੀਟ ਸ਼ੇਰ ਖਾਂ ਵਾਲਾ ਵੀ ਅਕਾਲੀ ਉਮੀਦਵਾਰ ਮਨਜੀਤ ਕੌਰ ਨੇ 2062 ਵੋਟਾਂ ਦੇ ਵੱਡੇ ਫ਼ਰਕ ਨਾਲ 'ਆਪ' ਤੋਂ ਜਿੱਤ ਲਈ ਹੈ। ਪੰਚਾਇਤ ਸਮਿਤੀ ਦੀਆਂ 23 ਸੀਟਾਂ ਵਿੱਚੋਂ ਵੀ 'ਆਪ' ਸਿਰਫ਼ 6 ਸੀਟਾਂ 'ਤੇ ਜਿੱਤੀ ਹੈ। ਗੁਰਪ੍ਰੀਤ ਸੇਖੋਂ ਦਾ ਆਜ਼ਾਦ ਧੜਾ 11, ਅਕਾਲੀ ਦਲ (ਬ) 4 ਤੇ ਕਾਂਗਰਸ 2 ਸੀਟਾਂ 'ਤੇ ਜੇਤੂ ਰਹੀ ਹੈ। ਇੱਥੇ ਅਕਾਲੀ ਦਲ (ਬ) ਤੇ ਸੇਖੋਂ ਦੇ ਆਜ਼ਾਦ ਧੜੇ ਦਾ ਗੱਠਜੋੜ ਸੀ।

ਵਿਧਾਇਕ ਰਜਨੀਸ਼ ਕੁਮਾਰ ਦਹੀਆ ਦੀ 'ਬੋਲ ਬਾਣੀ' ਬਲਾਕ ਦੇ ਕਰੀਬ 130 ਪਿੰਡਾਂ ਵਿੱਚ 'ਆਪ' ਦੀ ਹਾਰ ਦਾ ਕਾਰਨ ਬਣੀ। ਇਸ ਤੋਂ ਇਲਾਵਾ ਗੁਰਪ੍ਰੀਤ ਸੇਖੋਂ ਵੱਲੋਂ ਪਿਛਲੇ ਸਮੇਂ ਵਿੱਚ ਕੀਤੇ ਗਏ ਸਮਾਜ ਸੇਵਾ ਦੇ ਕੰਮਾਂ ਨੇ ਵੀ ਇਲਾਕੇ ਵਿੱਚ ਉਸ ਦੀ ਸਾਖ ਵਿੱਚ ਸੁਧਾਰ ਕੀਤਾ। ਚੋਣਾਂ ਤੋਂ ਐਨ ਪਹਿਲਾਂ ਉਸ ਦੀ ਗ੍ਰਿਫ਼ਤਾਰੀ ਤੇ ਫਿਰ ਅਦਾਲਤ ਤੋਂ ਹੋਈ ਜ਼ਮਾਨਤ ਨੇ ਉਸ ਨੂੰ ਹੋਰ ਵੀ ਹਮਲਾਵਰ ਬਣਾ ਦਿੱਤਾ। ਅਕਾਲੀ ਦਲ (ਬ) ਨੇ ਵੀ ਨਿਠ ਕੇ ਸੇਖੋਂ ਧੜੇ ਦੀ ਹਮਾਇਤ ਕੀਤੀ।