ਅਮਰੀਕਾ 'ਚ ਹਿੰਦੂ ਮੰਦਰ 'ਤੇ ਹਮਲੇ ਦੀ ਕੋਸ਼ਿਸ਼: 105 ਅਮਰੀਕੀ ਸੰਸਦ ਮੈਂਬਰਾਂ ਨੇ ਐੱਫਬੀਆਈ ਜਾਂਚ ਦੀ ਕੀਤੀ ਮੰਗ
- ਦੇਸ਼
- (Asia/Kolkata)
ਅਮਰੀਕਾ ਦੇ 105 ਸੰਸਦ ਮੈਂਬਰਾਂ ਨੇ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐੱਫਬੀਆਈ) ਨੂੰ ਅਪੀਲ ਕੀਤੀ ਹੈ ਕਿ ਇਲੀਨੋਇਸ ਦੇ ਇੱਕ ਹਿੰਦੂ ਮੰਦਰ ਵਿੱਚ ਹੋਈ ਗੋਲੀਬਾਰੀ ਦੀ ਕੋਸ਼ਿਸ਼ ਦੀ ਜਾਂਚ ‘ਨਫ਼ਰਤੀ ਅਪਰਾਧ’ (ਹੇਟ ਕਰਾਈਮ) ਵਜੋਂ ਕੀਤੀ ਜਾਵੇ। ਇਹ ਕਦਮ ਅਮਰੀਕਾ ਵਿੱਚ ਭਾਰਤੀਆਂ ਅਤੇ ਦੱਖਣੀ ਏਸ਼ਿਆਈ ਭਾਈਚਾਰੇ ਖ਼ਿਲਾਫ਼ ਇੰਟਰਨੈੱਟ ’ਤੇ ਲਗਾਤਾਰ ਵਧ ਰਹੀ ਨਫ਼ਰਤ ਦੇ ਮੱਦੇਨਜ਼ਰ ਚੁੱਕਿਆ ਗਿਆ ਹੈ। ਭਾਰਤੀ ਮੂਲ ਦੇ ਅਮਰੀਕੀ ਸੰਸਦ ਮੈਂਬਰ ਰਾਜਾ ਕ੍ਰਿਸ਼ਨਾਮੂਰਤੀ ਦੀ ਅਗਵਾਈ ਹੇਠ ਸੰਸਦ ਮੈਂਬਰਾਂ ਨੇ ਐੱਫਬੀਆਈ ਡਾਇਰੈਕਟਰ ਕਸ਼ ਪਟੇਲ ਨੂੰ ਚਿੱਠੀ ਲਿਖ ਕੇ 11 ਅਕਤੂਬਰ ਦੀ ਘਟਨਾ ਦੀ ਪੜਤਾਲ ਬਾਰੇ ਜਾਣਕਾਰੀ ਮੰਗੀ ਹੈ। ਇਹ ਘਟਨਾ ਔਰੋਰਾ ਸ਼ਹਿਰ ਦੇ ਸ਼੍ਰੀ ਵੈਂਕਟੇਸ਼ਵਰ ਸਵਾਮੀ (ਬਾਲਾਜੀ) ਹਿੰਦੂ ਮੰਦਰ ਵਿੱਚ ਵਾਪਰੀ ਸੀ, ਜਿੱਥੇ ਹਮਲੇ ਸਮੇਂ ਖ਼ੁਦ ਕ੍ਰਿਸ਼ਨਾਮੂਰਤੀ ਆਪਣੇ ਪਰਿਵਾਰ ਸਮੇਤ ਪੂਜਾ ਕਰ ਰਹੇ ਸਨ। ਸਰਕਾਰੀ ਵਕੀਲਾਂ ਮੁਤਾਬਕ, 19 ਸਾਲਾ ਨਵ-ਨਾਜ਼ੀ ਅਲੈਗਜ਼ੈਂਡਰੋਸ ਪਾਪੋਰਾਕਿਸ ਨੇ ਮੰਦਰ ਦੇ ਬਾਹਰ ਇੱਕ ਵਿਅਕਤੀ ’ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਸੀ, ਪਰ ਉਸ ਦੀ ਰਾਈਫ਼ਲ ਅੜ ਗਈ। ਉਹ ਮੌਕੇ ਤੋਂ ਫ਼ਰਾਰ ਹੋ ਗਿਆ ਅਤੇ ਉਸ ਨੇ ਦੁਬਾਰਾ ਵਾਪਸ ਆਉਣ ਦੀ ਯੋਜਨਾ ਬਾਰੇ ਕਿਸੇ ਨਾਲ ਗੱਲ ਕੀਤੀ, ਜਿਸ ਮਗਰੋਂ ਉਸ ਦੇ ਨਾਲ ਕੰਮ ਕਰਨ ਵਾਲੇ ਇੱਕ ਵਿਅਕਤੀ ਨੇ ਪੁਲੀਸ ਨੂੰ ਸੂਚਿਤ ਕਰ ਦਿੱਤਾ। ਉਸ ਨੂੰ ਉਸੇ ਦਿਨ ਗ੍ਰਿਫ਼ਤਾਰ ਕਰ ਲਿਆ ਗਿਆ। ਜਾਂਚਕਰਤਾਵਾਂ ਦਾ ਕਹਿਣਾ ਹੈ ਕਿ ਪਾਪੋਰਾਕਿਸ ਨੇ ਅੱਠ ਪੰਨਿਆਂ ਦਾ ਇੱਕ ਨਸਲੀ ਦਸਤਾਵੇਜ਼ (ਮੈਨੀਫੈਸਟੋ) ਲਿਖਿਆ ਸੀ, ਜਿਸ ਵਿੱਚ ਧਾਰਮਿਕ ਅਸਥਾਨ ’ਤੇ ਭਾਰਤੀ ਮੂਲ ਦੇ ਲੋਕਾਂ ਖ਼ਿਲਾਫ਼ ਹਿੰਸਾ ਕਰਨ ਦੀ ਗੱਲ ਕਹੀ ਗਈ ਸੀ। ਪੁਲੀਸ ਨੇ ਉਸ ਕੋਲੋਂ ਇੱਕ ਰਾਈਫ਼ਲ, ਸੈਂਕੜੇ ਕਾਰਤੂਸ, ਬੁਲੇਟਪਰੂਫ਼ ਜੈਕੇਟ ਅਤੇ ਨਸਲੀ ਨਫ਼ਰਤ ਨਾਲ ਜੁੜਿਆ ਸਾਮਾਨ ਬਰਾਮਦ ਕੀਤਾ ਹੈ। ਇਸ ਚਿੱਠੀ ’ਤੇ ਸਾਰੇ ਭਾਰਤੀ ਮੂਲ ਦੇ ਅਮਰੀਕੀ ਸੰਸਦ ਮੈਂਬਰਾਂ ਤੋਂ ਇਲਾਵਾ ਸੀਨੀਅਰ ਸੈਨੇਟਰਾਂ ਨੇ ਵੀ ਦਸਤਖ਼ਤ ਕੀਤੇ ਹਨ। ਉਨ੍ਹਾਂ ਮੰਗ ਕੀਤੀ ਹੈ ਕਿ ਨਸਲੀ ਨਫ਼ਰਤ ਅਤੇ ਵੱਡੇ ਪੱਧਰ ’ਤੇ ਕਤਲੇਆਮ ਦੀ ਇਸ ਸਾਜ਼ਿਸ਼ ਖ਼ਿਲਾਫ਼ ਸਖ਼ਤ ਕੇਂਦਰੀ ਕਾਰਵਾਈ ਹੋਣੀ ਚਾਹੀਦੀ ਹੈ। ਸੰਸਦ ਮੈਂਬਰਾਂ ਨੇ ਪੁੱਛਿਆ ਕਿ ਕੀ ਇਸ ਸਾਜ਼ਿਸ਼ ਵਿੱਚ ਕੋਈ ਹੋਰ ਲੋਕ ਜਾਂ ਔਨਲਾਈਨ ਪਲੇਟਫਾਰਮ ਵੀ ਸ਼ਾਮਲ ਸਨ, ਅਤੇ 29 ਅਕਤੂਬਰ ਤੱਕ ਇਸ ਦਾ ਲਿਖਤੀ ਜਵਾਬ ਮੰਗਿਆ ਹੈ। ਇਹ ਮਾਮਲਾ ਅਜਿਹੇ ਸਮੇਂ ਸਾਹਮਣੇ ਆਇਆ ਹੈ ਜਦੋਂ ਦੱਖਣੀ ਏਸ਼ਿਆਈ ਭਾਈਚਾਰੇ ਖ਼ਿਲਾਫ਼ ਔਨਲਾਈਨ ਨਫ਼ਰਤ ਤੇਜ਼ੀ ਨਾਲ ਵਧੀ ਹੈ। ਚਿੱਠੀ ਵਿੱਚ ਇੱਕ ਰਿਪੋਰਟ ਦਾ ਹਵਾਲਾ ਦਿੱਤਾ ਗਿਆ ਹੈ, ਜਿਸ ਅਨੁਸਾਰ ਜਨਵਰੀ 2025 ਤੋਂ ਜੂਨ 2026 ਦਰਮਿਆਨ ‘ਐਕਸ’ ’ਤੇ 5 ਲੱਖ 42 ਹਜ਼ਾਰ ਤੋਂ ਵੱਧ ਨਫ਼ਰਤੀ ਪੋਸਟਾਂ ਪਾਈਆਂ ਗਈਆਂ। ਇੱਕ ਸਰਵੇਖਣ ਅਨੁਸਾਰ 48 ਫ਼ੀਸਦੀ ਭਾਰਤੀ ਅਮਰੀਕੀਆਂ ਨੇ ਮੰਨਿਆ ਕਿ ਉਨ੍ਹਾਂ ਨੂੰ ਨਸਲੀ ਟਿੱਪਣੀਆਂ ਦਾ ਸਾਹਮਣਾ ਕਰਨਾ ਪਿਆ ਹੈ। ਸੰਸਦ ਮੈਂਬਰਾਂ ਨੇ ਟਰੰਪ ਪ੍ਰਸ਼ਾਸਨ ਦੀਆਂ ਕੁਝ ਏਜੰਸੀਆਂ ਦੀਆਂ ਸੋਸ਼ਲ ਮੀਡੀਆ ਪੋਸਟਾਂ ’ਤੇ ਵੀ ਚਿੰਤਾ ਪ੍ਰਗਟਾਈ। ਉਨ੍ਹਾਂ ਹੋਮਲੈਂਡ ਸਕਿਓਰਿਟੀ ਵਿਭਾਗ ਦੀ ਇੱਕ ਪੋਸਟ ਦਾ ਹਵਾਲਾ ਦਿੱਤਾ ਜਿਸ ਵਿੱਚ ਇੱਕ ਸਿੱਖ ਵਿਅਕਤੀ ਦੀ ਤਸਵੀਰ ਨਾਲ ਇਤਰਾਜ਼ਯੋਗ ਸ਼ਬਦ ਲਿਖੇ ਗਏ ਸਨ। ਸੰਸਦ ਮੈਂਬਰਾਂ ਨੇ ਸਾਫ਼ ਕਿਹਾ ਕਿ ਧਰਮ, ਨਸਲ ਜਾਂ ਪਛਾਣ ਦੇ ਆਧਾਰ ’ਤੇ ਕਿਸੇ ਨੂੰ ਨਿਸ਼ਾਨਾ ਨਹੀਂ ਬਣਾਇਆ ਜਾਣਾ ਚਾਹੀਦਾ ਅਤੇ ਹਿੰਦੂਆਂ, ਸਿੱਖਾਂ ਤੇ ਹੋਰ ਸਾਰੇ ਭਾਈਚਾਰਿਆਂ ਦੀ ਸੁਰੱਖਿਆ ਯਕੀਨੀ ਬਣਾਏ ਜਾਣ ਦੀ ਲੋੜ ਹੈ।
Leave a Reply