ਕੈਨੇਡਾ ‘ਤੇ ਟਰੰਪ ਦੇ ਟੈਰਿਫਜ਼ ਖ਼ਿਲਾਫ ਅਮਰੀਕੀ ਹਾਊਸ ਵਿੱਚ ਮਤਾ ਪਾਸ

ਕੈਨੇਡਾ ‘ਤੇ ਟਰੰਪ ਦੇ ਟੈਰਿਫਜ਼ ਖ਼ਿਲਾਫ ਅਮਰੀਕੀ ਹਾਊਸ ਵਿੱਚ ਮਤਾ ਪਾਸ

ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਕੈਨੇਡਾ ਉੱਤੇ ਲਗਾਏ ਗਏ ਟੈਰਿਫਜ਼ ਦੇ ਮਸਲੇ ‘ਤੇ ਅਮਰੀਕੀ ਰਾਜਨੀਤੀ ਵਿੱਚ ਤਣਾਅ ਵਧਦਾ ਨਜ਼ਰ ਆ ਰਿਹਾ ਹੈ। ਇਸ ਮਾਮਲੇ ਵਿੱਚ ਅਮਰੀਕਾ ਦੇ ਹਾਊਸ ਆਫ ਰਿਪ੍ਰਜ਼ੈਂਟੇਟਿਵਜ਼ ਵਿੱਚ ਇੱਕ ਮਤਾ ਪਾਸ ਕੀਤਾ ਗਿਆ, ਜਿਸ ਨਾਲ ਇਹ ਸੰਕੇਤ ਮਿਲੇ ਹਨ ਕਿ ਟਰੰਪ ਦੇ ਟਰੇਡ ਏਜੰਡੇ ਨਾਲ ਉਨ੍ਹਾਂ ਦੀ ਆਪਣੀ ਪਾਰਟੀ ਦੇ ਸਾਰੇ ਮੈਂਬਰ ਸਹਿਮਤ ਨਹੀਂ। ਵੋਟਿੰਗ ਦੌਰਾਨ ਡੈਮੋਕ੍ਰੈਟਿਕ ਮੈਂਬਰਾਂ ਨੂੰ ਛੇ ਰਿਪਬਲਿਕਨ ਮੈਂਬਰਾਂ ਦਾ ਵੀ ਸਾਥ ਮਿਲਿਆ। ਇਹ ਵੋਟ ਟਰੰਪ ਵੱਲੋਂ ਅਮਰੀਕਾ-ਕੈਨੇਡਾ ਸਰਹੱਦ ‘ਤੇ ਘੋਸ਼ਿਤ ਕੀਤੀ ਗਈ ਕਥਿਤ ਫੈਂਟਾਨਿਲ ਐਮਰਜੰਸੀ ਦੇ ਸੰਦਰਭ ਵਿੱਚ ਸੀ, ਜਿਸਨੂੰ ਟੈਰਿਫਜ਼ ਲਈ ਜਸਟਿਫਿਕੇਸ਼ਨ ਵਜੋਂ ਵਰਤਿਆ ਗਿਆ ਸੀ। ਵੋਟ ਦੇ ਨਤੀਜਿਆਂ ਤੋਂ ਬਾਅਦ ਰਾਸ਼ਟਰਪਤੀ ਟਰੰਪ ਨੇ ਸੋਸ਼ਲ ਮੀਡੀਆ ‘ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਕੈਨੇਡਾ ਨੇ ਸਾਲਾਂ ਤੋਂ ਵਪਾਰਕ ਮਾਮਲਿਆਂ ਵਿੱਚ ਅਮਰੀਕਾ ਦਾ ਫਾਇਦਾ ਉਠਾਇਆ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਟੈਰਿਫਜ਼ ਰਾਹੀਂ ਅਮਰੀਕਾ ਆਸਾਨੀ ਨਾਲ ਜਿੱਤ ਹਾਸਲ ਕਰ ਸਕਦਾ ਹੈ ਅਤੇ ਰਿਪਬਲਿਕਨਾਂ ਨੂੰ ਇਸ ਨੀਤੀ ਦਾ ਸਮਰਥਨ ਕਰਨਾ ਚਾਹੀਦਾ ਹੈ। ਹੁਣ ਇਹ ਮਤਾ ਅਗਲੀ ਮਨਜ਼ੂਰੀ ਲਈ ਸੈਨੇਟ ਦੇ ਦੋਵਾਂ ਸਦਨਾਂ ਵੱਲ ਭੇਜਿਆ ਜਾਵੇਗਾ। ਜੇਕਰ ਉੱਥੇ ਵੀ ਇਹ ਪਾਸ ਹੋ ਜਾਂਦਾ ਹੈ ਤਾਂ ਇਸਨੂੰ ਰਾਸ਼ਟਰਪਤੀ ਕੋਲ ਦਸਤਖ਼ਤਾਂ ਲਈ ਭੇਜਿਆ ਜਾਵੇਗਾ। ਹਾਲਾਂਕਿ ਰਾਜਨੀਤਿਕ ਵਿਸ਼ਲੇਸ਼ਕ ਮੰਨ ਰਹੇ ਹਨ ਕਿ ਟਰੰਪ ਇਸ ਮਤੇ ਨੂੰ ਵੀਟੋ ਕਰ ਸਕਦੇ ਹਨ। ਇਸ ਘਟਨਾ ਨੇ ਅਮਰੀਕਾ-ਕੈਨੇਡਾ ਵਪਾਰਕ ਸੰਬੰਧਾਂ ਅਤੇ ਅਮਰੀਕੀ ਘਰੇਲੂ ਰਾਜਨੀਤੀ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ।