ਅਮਰੀਕਾ-ਈਰਾਨ ਟਕਰਾਅ ਹੋਇਆ ਹੋਰ ਗੰਭੀਰ, ਸੀਆਰਐਸ ਰਿਪੋਰਟ ਵਿੱਚ ਵੱਡਾ ਖੁਲਾਸਾ
- ਵਿਦੇਸ਼
- (Asia/Kolkata)
ਅਮਰੀਕਾ-ਇਜ਼ਰਾਈਲ ਅਤੇ ਈਰਾਨ ਵਿਚਾਲੇ ਚੱਲ ਰਹੇ ਸੰਘਰਸ਼ ਨੂੰ ਦੋ ਮਹੀਨਿਆਂ ਤੋਂ ਵੱਧ ਸਮਾਂ ਹੋ ਚੁੱਕਾ ਹੈ, ਪਰ ਹਾਲਾਤ ਅਜੇ ਵੀ ਤਣਾਅਪੂਰਨ ਬਣੇ ਹੋਏ ਹਨ। ਜੰਗ ਦੇ ਖਤਮ ਹੋਣ ਦੇ ਕੋਈ ਸੰਕੇਤ ਨਹੀਂ ਮਿਲ ਰਹੇ। ਇਸ ਦਰਮਿਆਨ ਇੱਕ ਨਵੀਂ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਸ ਟਕਰਾਅ ਦੌਰਾਨ ਅਮਰੀਕਾ ਨੂੰ ਭਾਰੀ ਫੌਜੀ ਅਤੇ ਆਰਥਿਕ ਨੁਕਸਾਨ ਝੱਲਣਾ ਪਿਆ ਹੈ। ਰਿਪੋਰਟ ਅਨੁਸਾਰ ਈਰਾਨ ਵੀ ਅਜੇ ਤੱਕ ਪਿੱਛੇ ਹਟਣ ਜਾਂ ਸਮਝੌਤਾ ਕਰਨ ਲਈ ਤਿਆਰ ਨਹੀਂ ਦਿਖਾਈ ਦੇ ਰਿਹਾ। ਅਮਰੀਕੀ ਕਾਂਗਰਸ ਦੀ ਖੋਜ ਏਜੰਸੀ ਕਾਂਗਰੇਸ਼ਨਲ ਰਿਸਰਚ ਸਰਵਿਸ (ਸੀਆਰਐਸ) ਦੀ ਰਿਪੋਰਟ ਮੁਤਾਬਕ, 28 ਫਰਵਰੀ ਤੋਂ ਸ਼ੁਰੂ ਹੋਏ ਇਸ ਯੁੱਧ ਦੌਰਾਨ ਘੱਟੋ-ਘੱਟ 42 ਅਮਰੀਕੀ ਲੜਾਕੂ ਜਹਾਜ਼ ਜਾਂ ਤਾਂ ਤਬਾਹ ਹੋ ਚੁੱਕੇ ਹਨ ਜਾਂ ਗੰਭੀਰ ਤੌਰ ‘ਤੇ ਨੁਕਸਾਨੇ ਗਏ ਹਨ। ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਅਸਲ ਅੰਕੜਾ ਇਸ ਤੋਂ ਵੱਧ ਹੋ ਸਕਦਾ ਹੈ, ਕਿਉਂਕਿ ਕਈ ਘਟਨਾਵਾਂ ਨਾਲ ਸੰਬੰਧਤ ਜਾਣਕਾਰੀ ਅਜੇ ਵੀ ਗੁਪਤ ਰੱਖੀ ਗਈ ਹੈ ਅਤੇ ਨੁਕਸਾਨ ਦੀ ਪੁਸ਼ਟੀ ਵੱਖ-ਵੱਖ ਸਰੋਤਾਂ ਰਾਹੀਂ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਨੁਕਸਾਨੇ ਗਏ ਜਹਾਜ਼ਾਂ ਵਿੱਚ ਸਟ੍ਰਾਈਕ ਈਗਲ ਲੜਾਕੂ ਜਹਾਜ਼ਾਂ ਦੇ ਨਾਲ ਵਿਸ਼ੇਸ਼ ਆਪ੍ਰੇਸ਼ਨਾਂ ਵਿੱਚ ਵਰਤੇ ਜਾਣ ਵਾਲੇ ਜਹਾਜ਼ ਵੀ ਸ਼ਾਮਲ ਹਨ। ਇਹ ਜਹਾਜ਼ ਅਮਰੀਕੀ ਫੌਜ ਦੀਆਂ ਸਭ ਤੋਂ ਆਧੁਨਿਕ ਅਤੇ ਮਹਿੰਗੀਆਂ ਹਵਾਈ ਸੰਪਤੀਆਂ ਵਿੱਚ ਗਿਣੇ ਜਾਂਦੇ ਹਨ। ਸੀਆਰਐਸ, ਜੋ ਅਮਰੀਕੀ ਕਾਂਗਰਸ ਅਤੇ ਇਸ ਦੀਆਂ ਕਮੇਟੀਆਂ ਨੂੰ ਕਾਨੂੰਨੀ ਅਤੇ ਨੀਤੀਗਤ ਵਿਸ਼ਲੇਸ਼ਣ ਮੁਹੱਈਆ ਕਰਵਾਉਂਦੀ ਹੈ, ਨੇ ਇਹ ਰਿਪੋਰਟ ਅਮਰੀਕੀ ਰੱਖਿਆ ਵਿਭਾਗ, ਅਮਰੀਕੀ ਕੇਂਦਰੀ ਕਮਾਂਡ ਅਤੇ ਵੱਖ-ਵੱਖ ਮੀਡੀਆ ਰਿਪੋਰਟਾਂ ਦੇ ਆਧਾਰ ‘ਤੇ ਤਿਆਰ ਕੀਤੀ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਵੀਅਤਨਾਮ ਅਤੇ ਇਰਾਕ ਯੁੱਧਾਂ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਅਮਰੀਕਾ ਨੂੰ ਕਿਸੇ ਜੰਗ ਦੌਰਾਨ ਆਪਣੇ ਇੰਨੇ ਵੱਡੇ ਪੱਧਰ ‘ਤੇ ਆਧੁਨਿਕ ਜਹਾਜ਼ਾਂ ਦਾ ਨੁਕਸਾਨ ਝੱਲਣਾ ਪਿਆ ਹੈ। ਇਸ ਨਾਲ ਨਾ ਸਿਰਫ਼ ਅਮਰੀਕੀ ਫੌਜੀ ਰਣਨੀਤੀ ‘ਤੇ ਸਵਾਲ ਖੜ੍ਹੇ ਹੋ ਰਹੇ ਹਨ, ਸਗੋਂ ਇਸ ਜੰਗ ਦੇ ਲੰਬੇ ਸਮੇਂ ਤੱਕ ਜਾਰੀ ਰਹਿਣ ਦੀ ਸੰਭਾਵਨਾ ਵੀ ਵੱਧ ਰਹੀ ਹੈ।
Leave a Reply