ਬਰਨਾਲਾ-ਬਠਿੰਡਾ ਨੈਸ਼ਨਲ ਹਾਈਵੇਅ ’ਤੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਕਾਫ਼ਲੇ ਨਾਲ ਵਾਪਰਿਆ ਵੱਡਾ ਹਾਦਸਾ, ਵਾਲ-ਵਾਲ ਬਚੀ ਜਾਨ
- ਪੰਜਾਬ
- (Asia/Kolkata)
ਬਰਨਾਲਾ-ਬਠਿੰਡਾ ਰਾਸ਼ਟਰੀ ਮਾਰਗ ’ਤੇ ਪਿੰਡ ਖੁੱਡੀ ਖੁਰਦ ਨੇੜੇ ਪਰਮੇਸ਼ਰ ਦੁਆਰ ਦੇ ਮੁੱਖ ਪ੍ਰਬੰਧਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਕਾਫ਼ਲੇ ਨਾਲ ਇੱਕ ਭਿਆਨਕ ਸੜਕੀ ਹਾਦਸਾ ਵਾਪਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ, ਟੈਂਪੂ ਟਰੈਵਲਰ ਦੇ ਚਾਲਕ ਦੀ ਤੁਰੰਤ ਸੂਝ-ਬੂਝ ਅਤੇ ਹੁਸ਼ਿਆਰੀ ਕਾਰਨ ਇੱਕ ਵੱਡਾ ਜਾਨੀ ਨੁਕਸਾਨ ਹੋਣੋਂ ਟਲ ਗਿਆ। ਘਟਨਾ ਦੌਰਾਨ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਅਤੇ ਕਾਫ਼ਲੇ ਵਿੱਚ ਸ਼ਾਮਲ ਸਾਰੇ ਸਾਥੀ ਪੂਰੀ ਤਰ੍ਹਾਂ ਸੁਰੱਖਿਅਤ ਹਨ। ਮਿਲੀ ਜਾਣਕਾਰੀ ਅਨੁਸਾਰ ਭਾਈ ਢੱਡਰੀਆਂ ਵਾਲਿਆਂ ਦਾ ਕਾਫ਼ਲਾ ਬਰਨਾਲਾ ਵਾਲੇ ਪਾਸਿਓਂ ਬਠਿੰਡਾ ਵੱਲ ਜਾ ਰਿਹਾ ਸੀ। ਜਦੋਂ ਕਾਫ਼ਲਾ ਪਿੰਡ ਖੁੱਡੀ ਖੁਰਦ ਕੋਲ ਪਹੁੰਚਿਆ ਤਾਂ ਹਾਈਵੇਅ ਦੇ ਡਿਵਾਈਡਰ ਦੀ ਸਫ਼ਾਈ ਕਰ ਰਹੇ ਇੱਕ ਟਰੈਕਟਰ-ਟਰਾਲੀ ਦੇ ਡਿਵਾਈਡਰ ਦੇ ਨਾਲ ਹੀ ਸੜਕ 'ਤੇ ਖੜ੍ਹੇ ਹੋਣ ਕਾਰਨ ਅਚਾਨਕ ਹਾਦਸੇ ਵਾਲੀ ਸਥਿਤੀ ਬਣ ਗਈ। ਦੱਸਿਆ ਜਾ ਰਿਹਾ ਹੈ ਕਿ ਇਸੇ ਦੌਰਾਨ ਪਿੱਛੋਂ ਆ ਰਹੀ ਇੱਕ ਬੱਸ ਵੱਲੋਂ ਕੱਟ ਮਾਰਨ ਕਾਰਨ ਵਾਹਨ ਆਪਸ ਵਿੱਚ ਟਕਰਾ ਗਏ। ਕਾਫ਼ਲੇ ਵਿੱਚ ਸ਼ਾਮਲ ਪ੍ਰਤੱਖਦਰਸ਼ੀਆਂ ਅਨੁਸਾਰ ਹਾਈਵੇਅ ’ਤੇ ਲਾਪਰਵਾਹੀ ਨਾਲ ਖੜ੍ਹੀ ਕੀਤੀ ਗਈ ਟਰੈਕਟਰ-ਟਰਾਲੀ ਕਾਰਨ ਕੋਈ ਵੱਡੀ ਘਟਨਾ ਵਾਪਰ ਸਕਦੀ ਸੀ, ਪਰ ਟੈਂਪੂ ਟਰੈਵਲਰ ਚਾਲਕ ਨੇ ਬੜੀ ਮੁਸਤੈਦੀ ਨਾਲ ਗੱਡੀ ਨੂੰ ਸੰਭਾਲ ਲਿਆ। ਇਸ ਟੱਕਰ ਵਿੱਚ ਟੈਂਪੂ ਟਰੈਵਲਰ ਵਾਹਨ ਦਾ ਕਾਫ਼ੀ ਨੁਕਸਾਨ ਹੋਇਆ ਹੈ। ਦੂਜੇ ਪਾਸੇ, ਟਰੈਕਟਰ ਚਾਲਕ ਰੇਸ਼ਮ ਸਿੰਘ ਨੇ ਆਪਣਾ ਪੱਖ ਰੱਖਦਿਆਂ ਦੱਸਿਆ ਕਿ ਉਹ ਡਿਵਾਈਡਰ ਦੀ ਸਫ਼ਾਈ ਲਈ ਟਰੈਕਟਰ-ਟਰਾਲੀ ਲੈ ਕੇ ਖੜ੍ਹਾ ਸੀ, ਪਰ ਪਿੱਛੋਂ ਆਈ ਬੱਸ ਦੇ ਅਚਾਨਕ ਕੱਟ ਮਾਰਨ ਕਰਕੇ ਗੱਡੀਆਂ ਆਪਸ ਵਿੱਚ ਟਕਰਾ ਗਈਆਂ। ਹਾਦਸੇ ਤੋਂ ਬਾਅਦ ਮੌਕੇ ’ਤੇ ਸਥਾਨਕ ਲੋਕਾਂ ਦਾ ਭਾਰੀ ਇਕੱਠ ਹੋ ਗਿਆ। ਘਟਨਾ ਸਮੇਂ ਸੜਕ ਸੁਰੱਖਿਆ ਫ਼ੋਰਸ ਦੀ ਗੈਰ-ਹਾਜ਼ਰੀ ਨੂੰ ਲੈ ਕੇ ਵੀ ਸਵਾਲ ਖੜ੍ਹੇ ਹੋਏ ਹਨ। ਜ਼ਿਕਰਯੋਗ ਹੈ ਕਿ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਧਰਮ ਪ੍ਰਚਾਰ ਦੇ ਸਬੰਧ ਵਿੱਚ ਬਠਿੰਡਾ ਵੱਲ ਜਾ ਰਹੇ ਸਨ।
Leave a Reply