ਮੋਗਾ ਗੋਲੀਕਾਂਡ 'ਚ ਵੱਡੀ ਕਾਰਵਾਈ: ਡੀਜੀਪੀ ਗੌਰਵ ਯਾਦਵ ਨੇ ਘਟਨਾ ਸਥਾਨ ਦਾ ਲਿਆ ਜਾਇਜ਼ਾ, ਪੀੜਤ ਪਰਿਵਾਰਾਂ ਨਾਲ ਕੀਤੀ ਮੁਲਾਕਾਤ

ਮੋਗਾ ਗੋਲੀਕਾਂਡ 'ਚ ਵੱਡੀ ਕਾਰਵਾਈ: ਡੀਜੀਪੀ ਗੌਰਵ ਯਾਦਵ ਨੇ ਘਟਨਾ ਸਥਾਨ ਦਾ ਲਿਆ ਜਾਇਜ਼ਾ, ਪੀੜਤ ਪਰਿਵਾਰਾਂ ਨਾਲ ਕੀਤੀ ਮੁਲਾਕਾਤ

ਬੀਤੀ ਦੇਰ ਰਾਤ ਮੋਗਾ ਵਿੱਚ ਵਾਪਰੀ ਅੰਨ੍ਹੇਵਾਹ ਗੋਲੀਬਾਰੀ ਦੀ ਸਨਸਨੀਖੇਜ਼ ਘਟਨਾ ਤੋਂ ਬਾਅਦ, ਪੰਜਾਬ ਪੁਲੀਸ ਦੇ ਡਾਇਰੈਕਟਰ ਜਨਰਲ ਆਫ਼ ਪੁਲੀਸ (DGP) ਗੌਰਵ ਯਾਦਵ ਖ਼ੁਦ ਮੋਗਾ ਪਹੁੰਚੇ। ਉਨ੍ਹਾਂ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ, ਪੁਲੀਸ ਅਧਿਕਾਰੀਆਂ ਤੋਂ ਘਟਨਾ ਦੀ ਪੂਰੀ ਜਾਣਕਾਰੀ ਪ੍ਰਾਪਤ ਕੀਤੀ ਅਤੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਡੀਜੀਪੀ ਨੇ ਸਪਸ਼ਟ ਕੀਤਾ ਕਿ ਮਾਮਲੇ ਦੀ ਹਰ ਪਹਿਲੂ ਤੋਂ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਵਾਰਦਾਤ ਵਿੱਚ ਸ਼ਾਮਲ ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਪ੍ਰਾਪਤ ਜਾਣਕਾਰੀ ਅਨੁਸਾਰ, ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਮੋਗਾ ਵਿੱਚ ਇੱਕ ਦੁਕਾਨ ਦੇ ਬਾਹਰ ਕੁਝ ਨੌਜਵਾਨ ਬੈਠੇ ਹੋਏ ਸਨ। ਇਸੇ ਦੌਰਾਨ ਇੱਕ ਸਕਾਰਪੀਓ ਗੱਡੀ ਵਿੱਚ ਆਏ ਹਥਿਆਰਬੰਦ ਵਿਅਕਤੀਆਂ ਨੇ ਉੱਥੇ ਮੌਜੂਦ ਨੌਜਵਾਨਾਂ 'ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਅਚਾਨਕ ਹੋਈ ਇਸ ਫਾਇਰਿੰਗ ਕਾਰਨ ਪੂਰੇ ਇਲਾਕੇ ਵਿੱਚ ਅਫ਼ਰਾ-ਤਫ਼ਰੀ ਮਚ ਗਈ। ਹਮਲੇ ਵਿੱਚ ਗਗਨ ਜਿੰਦਲ (30) ਅਤੇ ਸਾਹਿਲ ਜਿੰਦਲ (40) ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ, ਜਿਨ੍ਹਾਂ ਦੀ ਬਾਅਦ ਵਿੱਚ ਮੌਤ ਹੋ ਗਈ। ਇਸ ਤੋਂ ਇਲਾਵਾ ਹੋਰ ਵਿਅਕਤੀ ਵੀ ਗੋਲੀਆਂ ਅਤੇ ਛਰਰਿਆਂ ਦੀ ਲਪੇਟ ਵਿੱਚ ਆ ਕੇ ਜ਼ਖ਼ਮੀ ਹੋਏ ਹਨ। ਸੀਸੀਟੀਵੀ ਫੁਟੇਜ ਖੰਘਾਲੀ ਜਾ ਰਹੀ, ਫੋਰੈਂਸਿਕ ਟੀਮ ਵੱਲੋਂ ਸਬੂਤ ਇਕੱਠੇ ਵਾਰਦਾਤ ਦੀ ਖ਼ਬਰ ਮਿਲਦਿਆਂ ਹੀ ਪੁਲੀਸ ਟੀਮਾਂ ਤੁਰੰਤ ਹਰਕਤ ਵਿੱਚ ਆਈਆਂ ਅਤੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਮੋਗਾ ਦੇ ਸੀਨੀਅਰ ਕਪਤਾਨ ਪੁਲੀਸ (SSP) ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ ਪੀੜਤ ਧਿਰ ਵੱਲੋਂ ਕੁਝ ਸ਼ੱਕੀ ਵਿਅਕਤੀਆਂ ਦੇ ਨਾਮ ਪੁਲੀਸ ਨੂੰ ਦੱਸੇ ਗਏ ਹਨ। ਪੁਲੀਸ ਵੱਲੋਂ ਸਬੰਧਤ ਵਿਅਕਤੀਆਂ ਦੇ ਬਿਆਨ ਕਲਮਬੰਦ ਕੀਤੇ ਜਾ ਰਹੇ ਹਨ। ਘਟਨਾ ਸਥਾਨ ਦੇ ਆਸ-ਪਾਸ ਲੱਗੇ ਸੀਸੀਟੀਵੀ (CCTV) ਕੈਮਰਿਆਂ ਦੀ ਫੁਟੇਜ ਬਾਰੀਕੀ ਨਾਲ ਚੈੱਕ ਕੀਤੀ ਜਾ ਰਹੀ ਹੈ ਅਤੇ ਫੋਰੈਂਸਿਕ ਵਿਗਿਆਨੀਆਂ ਦੀ ਟੀਮ ਨੇ ਵੀ ਮੌਕੇ ਤੋਂ ਅਹਿਮ ਸਬੂਤ ਇਕੱਠੇ ਕੀਤੇ ਹਨ। ਪੁਰਾਣੀ ਰੰਜਿਸ਼ ਦੀ ਸ਼ੰਕਾ ਮੁੱਢਲੀ ਪੁਲੀਸ ਜਾਂਚ ਵਿੱਚ ਇਸ ਖ਼ੂਨੀ ਵਾਰਦਾਤ ਪਿੱਛੇ ਪੁਰਾਣੀ ਰੰਜਿਸ਼ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਹਾਲਾਂਕਿ, ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਗੋਲੀਬਾਰੀ ਦੇ ਅਸਲ ਕਾਰਨਾਂ ਦਾ ਪਤਾ ਪੂਰੀ ਜਾਂਚ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਹੀ ਸਾਹਮਣੇ ਆਵੇਗਾ। ਡੀਜੀਪੀ ਗੌਰਵ ਯਾਦਵ ਨੇ ਦੋਹਰਾਇਆ ਕਿ ਪੰਜਾਬ ਪੁਲੀਸ ਇਸ ਘਟਨਾ ਨੂੰ ਬੇਹੱਦ ਗੰਭੀਰਤਾ ਨਾਲ ਲੈ ਰਹੀ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਦੋਸ਼ੀਆਂ ਦੀ ਪਛਾਣ ਕਰਕੇ ਉਨ੍ਹਾਂ ਵਿਰੁੱਧ ਕਾਨੂੰਨ ਅਨੁਸਾਰ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਦੁਖਦਾਈ ਘਟਨਾ ਤੋਂ ਬਾਅਦ ਇਲਾਕੇ ਦੇ ਲੋਕਾਂ ਵਿੱਚ ਚਿੰਤਾ ਅਤੇ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ, ਅਤੇ ਸਭ ਦੀਆਂ ਨਜ਼ਰਾਂ ਪੁਲੀਸ ਦੀ ਅਗਲੀ ਕਾਰਵਾਈ 'ਤੇ ਟਿਕੀਆਂ ਹੋਈਆਂ ਹਨ।