ਅੰਤਰ-ਰਾਜੀ ਬੱਚਾ ਤਸਕਰੀ ਗਰੋਹ ਦਾ ਪਰਦਾਫਾਸ਼, ਕਈ ਰਾਜਾਂ ’ਚ ਫੈਲੀ ਜਾਲਸਾਜ਼ੀ

ਅੰਤਰ-ਰਾਜੀ ਬੱਚਾ ਤਸਕਰੀ ਗਰੋਹ ਦਾ ਪਰਦਾਫਾਸ਼, ਕਈ ਰਾਜਾਂ ’ਚ ਫੈਲੀ ਜਾਲਸਾਜ਼ੀ

ਬਹਾਦਰਗੜ੍ਹ ਪੁਲੀਸ ਵੱਲੋਂ ਕੀਤੀ ਜਾਂਚ ਦੌਰਾਨ ਇੱਕ ਅੰਤਰ-ਰਾਜੀ ਬੱਚਾ ਤਸਕਰੀ ਨੈੱਟਵਰਕ ਦਾ ਵੱਡਾ ਖੁਲਾਸਾ ਹੋਇਆ ਹੈ। ਇਸ ਮਾਮਲੇ ਵਿੱਚ ਪੰਜਾਬ ਦੇ ਫਰੀਦਕੋਟ ਨਾਲ ਸਬੰਧਤ ਇੱਕ ਗਰੀਬ ਮਜ਼ਦੂਰ ਜੋੜੇ ਨੇ ਆਪਣੇ ਤਿੰਨ ਦਿਨਾਂ ਦੇ ਪੁੱਤਰ ਨੂੰ 2.25 ਲੱਖ ਰੁਪਏ ਵਿੱਚ ਵੇਚ ਦਿੱਤਾ। ਜਾਂਚ ਵਿੱਚ ਸਾਹਮਣੇ ਆਇਆ ਕਿ ਇਹ ਜੋੜਾ ਦਿਹਾੜੀਦਾਰ ਮਜ਼ਦੂਰ ਹੈ ਅਤੇ ਪਹਿਲਾਂ ਹੀ ਆਪਣੇ 15 ਅਤੇ 9 ਸਾਲ ਦੇ ਦੋ ਬੱਚਿਆਂ ਦੀ ਪਰਵਰਿਸ਼ ਕਰ ਰਿਹਾ ਸੀ। ਘਰੇਲੂ ਹਾਲਾਤ ਕਾਫੀ ਨਾਜ਼ੁਕ ਹੋਣ ਕਰਕੇ ਉਹ ਤੀਜੇ ਬੱਚੇ ਦੀ ਦੇਖਭਾਲ ਕਰਨ ਵਿੱਚ ਅਸਮਰੱਥ ਸਨ। ਇਸ ਕਾਰਨ ਉਨ੍ਹਾਂ ਨੇ ਇਹ ਕਦਮ ਚੁੱਕਿਆ, ਇਹ ਸੋਚਦੇ ਹੋਏ ਕਿ ਬੱਚੇ ਨੂੰ ਗੋਦ ਲੈਣ ਵਾਲਾ ਪਰਿਵਾਰ ਉਸ ਨੂੰ ਚੰਗਾ ਭਵਿੱਖ ਦੇਵੇਗਾ। ਬਹਾਦਰਗੜ੍ਹ ਦੇ ਡਿਪਟੀ ਕਮਿਸ਼ਨਰ ਆਫ ਪੁਲੀਸ ਮਯੰਕ ਮਿਸ਼ਰਾ ਦੇ ਮੁਤਾਬਕ, ਜੋੜੇ ਨੇ ਪਹਿਲਾਂ ਗਰਭਪਾਤ ਬਾਰੇ ਵੀ ਸੋਚਿਆ ਸੀ, ਪਰ ਡਾਕਟਰਾਂ ਨੇ ਸਮਾਂ ਸੀਮਾ ਲੰਘ ਜਾਣ ਕਾਰਨ ਇਸ ਤੋਂ ਮਨ੍ਹਾ ਕਰ ਦਿੱਤਾ। ਬਾਅਦ ਵਿੱਚ ਉਨ੍ਹਾਂ ਨੇ ਆਪਣੀ ਮਜਬੂਰੀ ਇੱਕ ਜਾਣਕਾਰ ਵਿਅਕਤੀ ਨਾਲ ਸਾਂਝੀ ਕੀਤੀ, ਜਿਸ ਨੇ ਉਨ੍ਹਾਂ ਨੂੰ ਬੱਚਾ ਵੇਚਣ ਲਈ ਉਕਸਾਇਆ ਅਤੇ ਇੱਕ ਅਜਿਹੇ ਗਰੋਹ ਨਾਲ ਜੋੜ ਦਿੱਤਾ ਜੋ ਗੋਦ ਲੈਣ ਦੇ ਨਾਂ ’ਤੇ ਗੈਰਕਾਨੂੰਨੀ ਕਾਰਵਾਈ ਕਰਦਾ ਸੀ। ਪੁਲੀਸ ਅਨੁਸਾਰ, ਗਰੋਹ ਦੇ ਮੈਂਬਰ ਬੱਚੇ ਦੇ ਜਨਮ ਤੋਂ ਪਹਿਲਾਂ ਹੀ ਮਾਪਿਆਂ ਨਾਲ ਸੰਪਰਕ ਵਿੱਚ ਸਨ। ਫਰੀਦਕੋਟ ਦੇ ਇੱਕ ਹਸਪਤਾਲ ਵਿੱਚ ਜਨਮ ਤੋਂ ਤਿੰਨ ਦਿਨ ਬਾਅਦ ਬੱਚੇ ਨੂੰ 2.25 ਲੱਖ ਰੁਪਏ ਵਿੱਚ ਲੈ ਲਿਆ ਗਿਆ। ਇਸ ਤੋਂ ਬਾਅਦ ਇਸ ਬੱਚੇ ਨੂੰ ਦਿੱਲੀ ਦੇ ਇੱਕ ਪਰਿਵਾਰ ਨੂੰ 9.25 ਲੱਖ ਰੁਪਏ ਵਿੱਚ ਵੇਚਣ ਦੀ ਯੋਜਨਾ ਸੀ। ਇਹ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਇੱਕ ਹਫ਼ਤਾ ਪਹਿਲਾਂ ਬਹਾਦਰਗੜ੍ਹ ਵਿੱਚ ਪੁਲੀਸ ਨੇ ਇੱਕ ਨਵਜੰਮੇ ਬੱਚੇ ਨੂੰ ਛੁਡਵਾਇਆ। ਇਸ ਕਾਰਵਾਈ ਦੌਰਾਨ ਪੰਜਾਬ ਤੋਂ ਮਹਾਰਾਸ਼ਟਰ ਤੱਕ ਫੈਲੇ ਦਸ ਤੋਂ ਵੱਧ ਰਾਜਾਂ ਵਿੱਚ ਸਰਗਰਮ ਤਸਕਰੀ ਨੈੱਟਵਰਕ ਦਾ ਪਰਦਾਫਾਸ਼ ਹੋਇਆ। ਪੁਲੀਸ ਨੇ ਸਮੇਂ ਸਿਰ ਕਾਰਵਾਈ ਕਰਦੇ ਹੋਏ ਪੰਜਾਬ ਦੀ ਇੱਕ ਔਰਤ ਸਮੇਤ ਤਿੰਨ ਲੋਕਾਂ ਨੂੰ ਕਾਬੂ ਕਰ ਲਿਆ। ਹੁਣ ਤੱਕ ਪੰਜਾਬ, ਉੱਤਰ ਪ੍ਰਦੇਸ਼, ਛੱਤੀਸਗੜ੍ਹ ਅਤੇ ਦਿੱਲੀ ਤੋਂ ਕੁੱਲ ਸੱਤ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਹੋਰ ਗਰੋਹ ਮੈਂਬਰਾਂ ਦੀ ਭਾਲ ਲਈ ਵੱਖ-ਵੱਖ ਰਾਜਾਂ ਵਿੱਚ ਛਾਪੇਮਾਰੀ ਜਾਰੀ ਹੈ। ਪੁਲੀਸ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਨੈੱਟਵਰਕ ਨਾਲ ਜੁੜੇ ਹੋਰ ਲੋਕਾਂ ਦੀ ਪਛਾਣ ਕਰਨ ਲਈ ਕਾਰਵਾਈ ਕੀਤੀ ਜਾ ਰਹੀ ਹੈ।