ਕੋਲਕਾਤਾ ਦੇ ਹੋਟਲ ’ਚ ਭਿਆਨਕ ਅੱਗ, ਮਾਸੂਮ ਬੱਚੇ ਸਮੇਤ 9 ਲੋਕਾਂ ਦੀ ਮੌਤ

ਕੋਲਕਾਤਾ ਦੇ ਹੋਟਲ ’ਚ ਭਿਆਨਕ ਅੱਗ, ਮਾਸੂਮ ਬੱਚੇ ਸਮੇਤ 9 ਲੋਕਾਂ ਦੀ ਮੌਤ

ਮੱਧ ਕੋਲਕਾਤਾ ਦੇ ਮਿਰਜ਼ਾ ਗਾਲਿਬ ਸੜਕ ’ਤੇ ਸਥਿਤ ਇੱਕ ਪੰਜ ਮੰਜ਼ਿਲਾ ਹੋਟਲ ’ਚ ਬੁੱਧਵਾਰ ਤੜਕੇ ਭਿਆਨਕ ਅੱਗ ਲੱਗਣ ਕਾਰਨ ਇੱਕ 4 ਸਾਲਾ ਮਾਸੂਮ ਬੱਚੇ ਅਤੇ ਦੋ ਔਰਤਾਂ ਸਮੇਤ ਲਗਭਗ 9 ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ ਵਿੱਚ 6 ਹੋਰ ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਹਨ। ਬਚਾਅ ਟੀਮਾਂ ਨੇ ਕਾਫ਼ੀ ਮੁਸ਼ੱਕਤ ਤੋਂ ਬਾਅਦ ਇਮਾਰਤ ਵਿੱਚੋਂ 80 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਸੂਬੇ ਦੇ ਫਾਇਰ ਅਤੇ ਐਮਰਜੈਂਸੀ ਸੇਵਾਵਾਂ ਮੰਤਰੀ ਕੌਸ਼ਿਕ ਚੌਧਰੀ ਨੇ ਪੁਸ਼ਟੀ ਕੀਤੀ ਕਿ ਮ੍ਰਿਤਕਾਂ ਵਿੱਚ ਭਾਰਤੀ ਨਾਗਰਿਕਾਂ ਤੋਂ ਇਲਾਵਾ ਬੰਗਲਾਦੇਸ਼ੀ ਨਾਗਰਿਕ ਵੀ ਸ਼ਾਮਲ ਹਨ। ਜਾਣਕਾਰੀ ਮੁਤਾਬਕ ਅੱਗ ਬੁੱਧਵਾਰ ਸਵੇਰੇ ਕਰੀਬ 1:45 ਵਜੇ ਲੱਗੀ। ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਪੰਜ ਗੱਡੀਆਂ ਅਤੇ ਆਫ਼ਤ ਪ੍ਰਬੰਧਨ ਟੀਮਾਂ ਮੌਕੇ ’ਤੇ ਪਹੁੰਚੀਆਂ। ਹਾਲਾਂਕਿ, ਇਮਾਰਤ ਦੇ ਅੰਦਰ ਫੈਲੇ ਸੰਘਣੇ ਧੂੰਏਂ ਕਾਰਨ ਬਚਾਅ ਕਾਰਜਾਂ ਵਿੱਚ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਫਾਇਰ ਮੰਤਰੀ ਅਨੁਸਾਰ ਜ਼ਿਆਦਾਤਰ ਮੌਤਾਂ ਕਮਰਿਆਂ ਵਿੱਚ ਖਿੜਕੀਆਂ ਨਾ ਹੋਣ ਕਾਰਨ ਧੂੰਏਂ ਨਾਲ ਦਮ ਘੁੱਟਣ ਕਰਕੇ ਹੋਈਆਂ। ਸ਼ੁਰੂਆਤੀ ਜਾਂਚ ਵਿੱਚ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ। ਹੋਟਲ ਮਾਲਕ ਫਰਾਰ, ਪੁਲੀਸ ਨੇ ਦਰਜ ਕੀਤਾ ਮਾਮਲਾ ਪੁਲੀਸ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਹੋਟਲ ਮਾਲਕ ਫਰਾਰ ਹੈ। ਉਸ ਖ਼ਿਲਾਫ਼ ਨਿਊ ਮਾਰਕਿਟ ਥਾਣੇ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਉਸ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਫਾਇਰ ਮੰਤਰੀ ਕੌਸ਼ਿਕ ਚੌਧਰੀ ਨੇ ਹੋਟਲ ਪ੍ਰਬੰਧਨ ’ਤੇ ਸੁਰੱਖਿਆ ਨਿਯਮਾਂ ਦੀਆਂ ਧੱਜੀਆਂ ਉਡਾਉਣ ਦੇ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਕਿਹਾ ਕਿ ਇਸ ਲਾਪਰਵਾਹੀ ਲਈ ਜ਼ਿੰਮੇਵਾਰ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਸੂਬੇ ਭਰ ਦੇ ਹੋਟਲਾਂ ਦਾ ਹੋਵੇਗਾ ਫਾਇਰ ਆਡਿਟ ਹਾਦਸੇ ਤੋਂ ਬਾਅਦ ਸਰਕਾਰ ਨੇ ਸੂਬੇ ਦੇ ਹੋਟਲਾਂ ਵਿੱਚ ਫਾਇਰ ਸੁਰੱਖਿਆ ਪ੍ਰਬੰਧਾਂ ਦੀ ਜਾਂਚ ਲਈ ਫਾਇਰ ਆਡਿਟ ਕਰਵਾਉਣ ਦਾ ਐਲਾਨ ਕੀਤਾ ਹੈ। ਇਸ ਦੌਰਾਨ ਫੋਰੈਂਸਿਕ ਟੀਮ ਨੇ ਘਟਨਾ ਸਥਾਨ ਤੋਂ ਲੋੜੀਂਦੇ ਸਬੂਤ ਇਕੱਠੇ ਕਰ ਲਏ ਹਨ। ਮੁੱਖ ਮੰਤਰੀ ਦਫ਼ਤਰ ਮੁਤਾਬਕ ਮੁੱਖ ਮੰਤਰੀ ਸ਼ੁਭੇਂਦੂ ਅਧਿਕਾਰੀ ਜਲਦ ਹੀ ਹਾਦਸੇ ਵਾਲੀ ਥਾਂ ਦਾ ਦੌਰਾ ਕਰ ਸਕਦੇ ਹਨ।