ਅਮਰੀਕੀ ਹਵਾਈ ਫ਼ੌਜ ਦੇ 'ਕਲਾਊਡ ਵਨ' ਮੰਚ 'ਤੇ ਵੱਡਾ ਸਾਈਬਰ ਹਮਲਾ: ਹੈਕਰਾਂ ਨੇ ਲਾਈ ਸੰਨ੍ਹ, ਸੰਵੇਦਨਸ਼ੀਲ ਜਾਣਕਾਰੀ ਲੀਕ ਹੋਣ ਦਾ ਖ਼ਤਰਾ
- ਵਿਦੇਸ਼
- (Asia/Kolkata)
ਅਮਰੀਕੀ ਹਵਾਈ ਫ਼ੌਜ ਦੇ ਪ੍ਰਮੁੱਖ ਕਲਾਊਡ ਕੰਪਿਊਟਿੰਗ ਪਲੇਟਫਾਰਮ ‘ਕਲਾਊਡ ਵਨ’ (Cloud One) ਵਿੱਚ ਹੈਕਰਾਂ ਵੱਲੋਂ ਸੰਨ੍ਹ ਲਗਾਏ ਜਾਣ ਦਾ ਇੱਕ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਇਸ ਸਾਈਬਰ ਘੁਸਪੈਠ ਕਾਰਨ ਹਵਾਈ ਫ਼ੌਜ ਦੇ ਕੰਮਕਾਜ ’ਤੇ ਅਸਰ ਪਿਆ ਹੈ ਅਤੇ ਫ਼ੌਜੀ ਕਰਮਚਾਰੀਆਂ ਦੇ ਨਿੱਜੀ ਰਿਕਾਰਡ, ਜਹਾਜ਼ਾਂ ਦੀ ਮੌਜੂਦਾ ਸਥਿਤੀ ਅਤੇ ਫ਼ੌਜੀ ਸਾਮਾਨ ਦੀ ਆਵਾਜਾਈ ਨਾਲ ਸਬੰਧਤ ਬੇਹੱਦ ਸੰਵੇਦਨਸ਼ੀਲ ਜਾਣਕਾਰੀ ਦੇ ਲੀਕ ਹੋਣ ਦਾ ਖ਼ਤਰਾ ਪੈਦਾ ਹੋ ਗਿਆ ਹੈ। ਇੱਕ ਰਿਪੋਰਟ ਮੁਤਾਬਕ, ਇਸ ਸੁਰੱਖਿਆ ਸੰਨ੍ਹ ਦਾ ਖ਼ੁਲਾਸਾ ਪਿਛਲੇ ਮਹੀਨੇ ਉਦੋਂ ਹੋਇਆ ਜਦੋਂ ਇਸ ਮੰਚ ਨੂੰ ਅਪਗ੍ਰੇਡ (ਨਵਾਂ ਰੂਪ) ਕਰਨ ਦੀ ਪ੍ਰਕਿਰਿਆ ਚੱਲ ਰਹੀ ਸੀ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਸਾਈਬਰ ਹਮਲਾਵਰਾਂ ਨੇ ਸਾਫ਼ਟਵੇਅਰ ਦੀ ਇੱਕ ਤਕਨੀਕੀ ਖ਼ਾਮੀ ਦਾ ਫ਼ਾਇਦਾ ਉਠਾਉਂਦੇ ਹੋਏ ਸਿੱਧੇ ਇਸ ਦੇ ਕੰਟਰੋਲ ਸਿਸਟਮ ਤੱਕ ਆਪਣੀ ਪਹੁੰਚ ਬਣਾ ਲਈ ਸੀ। ਇਸ ਘਟਨਾ ਦੇ ਸਾਹਮਣੇ ਆਉਣ ਤੋਂ ਤੁਰੰਤ ਬਾਅਦ ਅਮਰੀਕੀ ਹਵਾਈ ਫ਼ੌਜ ਨੇ ਇਹਤਿਆਤੀ ਕਦਮ ਚੁੱਕਦਿਆਂ ਨਵੇਂ ਕਾਰਜਾਂ ਨੂੰ ਇਸ ਮੰਚ ’ਤੇ ਤਬਦੀਲ ਕਰਨ ਦੀ ਪ੍ਰਕਿਰਿਆ ਨੂੰ ਰੋਕ ਦਿੱਤਾ ਹੈ। ਇਸ ਦੇ ਨਾਲ ਹੀ, ਮੌਜੂਦਾ ਸਾਫ਼ਟਵੇਅਰ ਦੇ ਨਵੇਂ ਰੂਪ ਅਤੇ ਸੁਰੱਖਿਆ ਸੁਧਾਰਾਂ ਨੂੰ ਲਾਗੂ ਕਰਨ ’ਤੇ ਵੀ ਅਸਥਾਈ ਰੋਕ ਲਗਾ ਦਿੱਤੀ ਗਈ ਹੈ। ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਕੁਝ ਵਰਤੋਂਕਾਰਾਂ ਦੇ ਪ੍ਰਬੰਧਕੀ ਅਧਿਕਾਰ ਵੀ ਵਾਪਸ ਲੈ ਲਏ ਗਏ ਹਨ। ਸਾਈਬਰ ਹਮਲੇ ਨਾਲ ਹੋਏ ਸੰਭਾਵੀ ਨੁਕਸਾਨ ਦਾ ਜਾਇਜ਼ਾ ਲੈਣ ਅਤੇ ਸਿਸਟਮ ਨੂੰ ਸੁਰੱਖਿਅਤ ਕਰਨ ਲਈ ਅਮਰੀਕੀ ਸਾਈਬਰ ਕਮਾਂਡ ਦੀ ਮਦਦ ਲਈ ਜਾ ਰਹੀ ਹੈ। ਹਾਲਾਂਕਿ, ਹਾਲੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਇਸ ਸਾਈਬਰ ਹਮਲੇ ਪਿੱਛੇ ਕਿਸ ਦਾ ਹੱਥ ਸੀ ਅਤੇ ਕੀ ਹੈਕਰ ਇਸ ਮੰਚ ਤੋਂ ਕੋਈ ਗੁਪਤ ਜਾਣਕਾਰੀ ਚੋਰੀ ਕਰਨ ਵਿੱਚ ਸਫਲ ਹੋਏ ਹਨ ਜਾਂ ਨਹੀਂ।
Leave a Reply