ਕੈਨੇਡਾ ਦੇ ਹਵਾਈ ਅੱਡਿਆਂ ਦੇ ਨਿੱਜੀਕਰਨ ਦੀਆਂ ਚਰਚਾਵਾਂ ਤੇਜ਼: ਲਿਬਰਲ MP's ਦੀ ਅਚਾਨਕ ਬੁਲਾਈ ਗਈ ਗੁਪਤ ਮੀਟਿੰਗ
- ਵਿਦੇਸ਼
- (Asia/Kolkata)
ਕੈਨੇਡਾ ਦੀ ਸ਼ਾਸਕ ਲਿਬਰਲ ਪਾਰਟੀ ਦੇ ਸੰਸਦੀ ਕਾਕਸ ਵੱਲੋਂ ਦੇਸ਼ ਦੇ ਹਵਾਈ ਅੱਡਿਆਂ ਦੇ ਭਵਿੱਖੀ ਪ੍ਰਬੰਧਨ ਅਤੇ ਮਾਲਕੀ ਮਾਡਲ 'ਤੇ ਚਰਚਾ ਕਰਨ ਲਈ ਇੱਕ ਅਚਾਨਕ ਮੀਟਿੰਗ ਬੁਲਾਈ ਗਈ। ਸੂਤਰਾਂ ਅਨੁਸਾਰ ਇਸ ਮੀਟਿੰਗ ਨੂੰ ਬੇਹੱਦ ਗੁਪਤ ਰੱਖਿਆ ਗਿਆ ਸੀ, ਜਿਸ ਵਿੱਚ ਕੇਵਲ ਸੰਸਦ ਮੈਂਬਰਾਂ (MPs) ਨੂੰ ਹੀ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਗਈ, ਜਦੋਂ ਕਿ ਉਨ੍ਹਾਂ ਦੇ ਸਟਾਫ਼ ਨੂੰ ਇਸ ਕਾਲ ਤੋਂ ਬਾਹਰ ਰੱਖਿਆ ਗਿਆ। ਫੈਡਰਲ ਸਰਕਾਰ ਪਿਛਲੇ ਕੁਝ ਸਮੇਂ ਤੋਂ ਦੇਸ਼ ਦੇ ਮੁੱਖ ਹਵਾਈ ਅੱਡਿਆਂ ਦੇ ਸੰਚਾਲਨ ਅਤੇ ਮਾਲਕੀ ਵਿੱਚ ਬਦਲਾਅ ਲਿਆਉਣ ਲਈ ਵੱਖ-ਵੱਖ ਵਿਕਲਪਾਂ 'ਤੇ ਵਿਚਾਰ ਕਰ ਰਹੀ ਹੈ, ਜਿਨ੍ਹਾਂ ਵਿੱਚ ਨਿੱਜੀਕਰਨ (Privatization) ਦਾ ਸੁਝਾਅ ਵੀ ਸ਼ਾਮਲ ਹੈ। ਵਰਤਮਾਨ ਵਿੱਚ, ਕੈਨੇਡਾ ਦੇ ਹਵਾਈ ਅੱਡਿਆਂ ਦੀ ਜ਼ਮੀਨ ਕੇਂਦਰ ਸਰਕਾਰ ਦੀ ਮਲਕੀਅਤ ਹੈ, ਜਦੋਂ ਕਿ ਇਹਨਾਂ ਦਾ ਪ੍ਰਬੰਧਨ ਸਥਾਨਕ ਹਵਾਈ ਅੱਡਾ ਅਥਾਰਟੀਆਂ ਵੱਲੋਂ "ਗੈਰ-ਮੁਨਾਫ਼ਾ" (Non-profit) ਮਾਡਲ ਤਹਿਤ ਕੀਤਾ ਜਾਂਦਾ ਹੈ। ਜ਼ਿਕਰਯੋਗ ਹੈ ਕਿ ਸਰਕਾਰ ਨੇ ਸਾਲ 2025 ਦੇ ਫੈਡਰਲ ਬਜਟ ਅਤੇ ਇਸ ਤੋਂ ਬਾਅਦ ਜਾਰੀ ਆਰਥਿਕ ਬਿਆਨ ਵਿੱਚ ਬਦਲਵੇਂ ਮਾਲਕੀ ਮਾਡਲਾਂ ਦੀ ਸੰਭਾਵਨਾ ਵੱਲ ਇਸ਼ਾਰਾ ਕੀਤਾ ਸੀ। ਇਹ ਮੀਟਿੰਗ ਉਸੇ ਸਮੇਂ ਹੋਈ ਜਦੋਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਟੋਰਾਂਟੋ ਵਿੱਚ ਪਹਿਲੇ 'ਕੈਨੇਡਾ ਨਿਵੇਸ਼ ਸੰਮੇਲਨ' ਦੀ ਸ਼ੁਰੂਆਤ ਕਰ ਰਹੇ ਸਨ। ਇਸ ਸੰਮੇਲਨ ਦਾ ਮੁੱਖ ਮਨੋਰਥ ਆਗਾਮੀ ਪੰਜ ਸਾਲਾਂ ਵਿੱਚ ਬੁਨਿਆਦੀ ਢਾਂਚੇ ਦੇ ਵੱਡੇ ਪ੍ਰੋਜੈਕਟਾਂ ਲਈ ਇੱਕ ਖਰਬ ਡਾਲਰ ਦਾ ਵਿਦੇਸ਼ੀ ਤੇ ਘਰੇਲੂ ਨਿਵੇਸ਼ ਹਾਸਲ ਕਰਨਾ ਹੈ। ਹਾਲਾਂਕਿ, ਇਸ ਨਿਵੇਸ਼ ਸੰਮੇਲਨ ਦੌਰਾਨ ਪੇਸ਼ ਕੀਤੀ ਗਈ 160 ਤੋਂ ਵੱਧ ਸੰਭਾਵਿਤ ਪ੍ਰੋਜੈਕਟਾਂ ਦੀ ਸੂਚੀ ਵਿੱਚ ਹਵਾਈ ਅੱਡੇ ਸ਼ਾਮਲ ਨਹੀਂ ਸਨ। ਦੂਜੇ ਪਾਸੇ, ਹਵਾਈ ਅੱਡਿਆਂ ਦੇ ਸੰਭਾਵੀ ਨਿੱਜੀਕਰਨ ਦਾ ਦੇਸ਼ ਭਰ ਵਿੱਚ ਵਿਰੋਧ ਵੀ ਸ਼ੁਰੂ ਹੋ ਗਿਆ ਹੈ। 'ਕੈਨੇਡੀਅਨ ਲੇਬਰ ਕਾਂਗਰਸ' ਨੇ ਇੱਕ ਰਿਪੋਰਟ ਜਾਰੀ ਕਰਕੇ ਚੇਤਾਵਨੀ ਦਿੱਤੀ ਹੈ ਕਿ ਨਿੱਜੀਕਰਨ ਨਾਲ ਹਵਾਈ ਯਾਤਰੀਆਂ 'ਤੇ ਵਿੱਤੀ ਬੋਝ ਵਧੇਗਾ, ਮੁਲਾਜ਼ਮਾਂ 'ਤੇ ਕੰਮ ਦਾ ਦਬਾਅ ਵਧੇਗਾ ਅਤੇ ਜਨਤਕ ਹਿੱਤਾਂ ਨੂੰ ਨੁਕਸਾਨ ਪਹੁੰਚੇਗਾ। ਇਸ ਦੇ ਨਾਲ ਹੀ, 'ਯੂਨੀਫੋਰ ਏਵੀਏਸ਼ਨ ਕੌਂਸਲ' ਦੇ ਨੁਮਾਇੰਦਿਆਂ ਨੇ ਨਿਵੇਸ਼ ਸੰਮੇਲਨ ਦੇ ਬਾਹਰ ਧਰਨਾ ਦਿੱਤਾ। ਯੂਨੀਫੋਰ ਦੀ ਰਾਸ਼ਟਰੀ ਪ੍ਰਧਾਨ ਲਾਨਾ ਪੇਨ ਨੇ ਆਖਿਆ ਕਿ ਸਰਕਾਰੀ ਜਾਇਦਾਦਾਂ ਦੀ ਵਿਕਰੀ ਨਾਲ ਹਵਾਈ ਅੱਡਿਆਂ ਦੇ ਕਰਮਚਾਰੀਆਂ ਦੀਆਂ ਤਨਖ਼ਾਹਾਂ, ਸਹੂਲਤਾਂ ਅਤੇ ਵਰਕਿੰਗ ਕੰਡੀਸ਼ਨਜ਼ 'ਤੇ ਬੁਰਾ ਅਸਰ ਪਵੇਗਾ।
Leave a Reply