ਜੰਤਰ-ਮੰਤਰ ਤੋਂ ਪ੍ਰਦਰਸ਼ਨਾਂ ਦੀ ਮਨਾਹੀ ਖ਼ਿਲਾਫ਼ ਸੁਪਰੀਮ ਕੋਰਟ ਸਖ਼ਤ, ਕੇਂਦਰ ਅਤੇ ਦਿੱਲੀ ਪੁਲੀਸ ਨੂੰ ਜਾਰੀ ਕੀਤਾ ਨੋਟਿਸ
- ਦੇਸ਼
- (Asia/Kolkata)
ਸੁਪਰੀਮ ਕੋਰਟ ਨੇ ਵੀਰਵਾਰ ਨੂੰ ਕੌਮੀ ਰਾਜਧਾਨੀ ਦਿੱਲੀ ਵਿੱਚ ਜੰਤਰ-ਮੰਤਰ ਤੋਂ ਪ੍ਰਦਰਸ਼ਨਾਂ ਵਾਲੀ ਥਾਂ ਦਾ ਦਰਜਾ ਵਾਪਸ ਲੈਣ ਅਤੇ ਮੁਜ਼ਾਹਰਿਆਂ ਲਈ ਤਿੰਨ ਬਦਲਵੇਂ ਸਥਾਨ ਤੈਅ ਕਰਨ ਵਾਲੇ ਆਦੇਸ਼ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ 'ਤੇ ਕੇਂਦਰ ਸਰਕਾਰ ਅਤੇ ਦਿੱਲੀ ਪੁਲੀਸ ਨੂੰ ਨੋਟਿਸ ਜਾਰੀ ਕੀਤਾ ਹੈ। ਚੀਫ਼ ਜਸਟਿਸ ਆਫ਼ ਇੰਡੀਆ ਸੂਰਿਆ ਕਾਂਤ ਅਤੇ ਜਸਟਿਸ ਜੋਏਮਾਲਿਆ ਬਾਗਚੀ ਦੇ ਬੈਂਚ ਨੇ ਸੁਣਵਾਈ ਦੌਰਾਨ ਸਪੱਸ਼ਟ ਕੀਤਾ ਕਿ ਅਦਾਲਤ ਇਸ ਗੱਲ ਦੀ ਡੂੰਘਾਈ ਨਾਲ ਘੋਖ ਕਰੇਗੀ ਕਿ ਕੀ ਸਬੰਧਤ ਅਧਿਕਾਰੀਆਂ ਨੇ ਪ੍ਰਦਰਸ਼ਨ ਵਾਲੀ ਥਾਂ ਵਜੋਂ ਜੰਤਰ-ਮੰਤਰ ਦੀ ਵਰਤੋਂ ਅਤੇ ਇਸਦੀ ਇਤਿਹਾਸਕ ਅਹਿਮੀਅਤ ਬਾਰੇ ਸਹੀ ਢੰਗ ਨਾਲ ਵਿਚਾਰ ਕੀਤਾ ਸੀ ਜਾਂ ਨਹੀਂ। ਪਟੀਸ਼ਨਕਰਤਾ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਮੁਕਤਾ ਗੁਪਤਾ ਨੇ ਅਦਾਲਤ ਵਿੱਚ ਜ਼ੋਰਦਾਰ ਦਲੀਲ ਦਿੱਤੀ ਕਿ ਪ੍ਰਦਰਸ਼ਨ ਵਾਲੀ ਥਾਂ ਸਰਕਾਰੀ ਅਦਾਰਿਆਂ ਅਤੇ ਦਫ਼ਤਰਾਂ ਦੇ ਨੇੜੇ ਹੋਣੀ ਲਾਜ਼ਮੀ ਹੈ, ਤਾਂ ਜੋ ਅਧਿਕਾਰੀਆਂ ਤੱਕ ਪ੍ਰਦਰਸ਼ਨਕਾਰੀਆਂ ਦੀ ਆਵਾਜ਼ ਸੌਖੀ ਤਰ੍ਹਾਂ ਪਹੁੰਚ ਸਕੇ। ਇਸ 'ਤੇ ਜਸਟਿਸ ਬਾਗਚੀ ਨੇ ਟਿੱਪਣੀ ਕੀਤੀ ਕਿ ਇਸ ਮੁੱਦੇ ਨੂੰ ਅੱਜ ਦੇ ਤਕਨੀਕੀ ਵਿਕਾਸ ਅਤੇ ਹਾਲਾਤ ਦੇ ਨਜ਼ਰੀਏ ਤੋਂ ਵੀ ਸਮਝਣ ਦੀ ਲੋੜ ਹੈ। ਇਕ ਹੋਰ ਸੀਨੀਅਰ ਵਕੀਲ ਗੋਪਾਲ ਸ਼ੰਕਰਨਾਰਾਇਣਨ ਨੇ ਵੀ ਮੁਕਤਾ ਗੁਪਤਾ ਦੀ ਹਮਾਇਤ ਕਰਦਿਆਂ ਜੰਤਰ-ਮੰਤਰ ਨੂੰ ਮੁੜ ਪ੍ਰਦਰਸ਼ਨ ਸਥਾਨ ਵਜੋਂ ਬਹਾਲ ਕਰਨ ਦੀ ਜ਼ੋਰਦਾਰ ਮੰਗ ਕੀਤੀ। ਸੁਣਵਾਈ ਦੌਰਾਨ ਜਦੋਂ ਸ਼ੰਕਰਨਾਰਾਇਣਨ ਨੇ ਦੋਸ਼ ਲਾਇਆ ਕਿ ਅਧਿਕਾਰੀਆਂ ਨੇ ਸੁਪਰੀਮ ਕੋਰਟ ਦੇ ਇੱਕ ਪੁਰਾਣੇ ਹੁਕਮ ਦਾ ਹਵਾਲਾ ਦੇ ਕੇ ਜੰਤਰ-ਮੰਤਰ ਦੀ ਮਾਨਤਾ ਰੱਦ ਕੀਤੀ ਹੈ, ਤਾਂ ਸਾਲਿਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਸਪਸ਼ਟ ਕੀਤਾ ਕਿ ਇਹ ਫ਼ੈਸਲਾ ਕਿਸੇ ਅਦਾਲਤੀ ਹੁਕਮ 'ਤੇ ਨਹੀਂ, ਸਗੋਂ ਇਸੇ ਕੰਮ ਲਈ ਗਠਿਤ ਕੀਤੀ ਗਈ ਵਿਸ਼ੇਸ਼ ਕਮੇਟੀ ਦੀਆਂ ਸਿਫ਼ਾਰਸ਼ਾਂ 'ਤੇ ਅਧਾਰਤ ਹੈ। ਜ਼ਿਕਰਯੋਗ ਹੈ ਕਿ ਦਿੱਲੀ ਪੁਲੀਸ ਵੱਲੋਂ 11 ਅਕਤੂਬਰ ਨੂੰ ਜੰਤਰ-ਮੰਤਰ 'ਤੇ ਪ੍ਰਦਰਸ਼ਨਾਂ ਦੀ ਮੁਕੰਮਲ ਮਨਾਹੀ ਕਰਦਿਆਂ ਰਾਮਲੀਲਾ ਮੈਦਾਨ, ਬੁਰਾੜੀ ਗਰਾਊਂਡ ਅਤੇ ਪੂਰਬੀ ਦਿੱਲੀ ਦੇ ਸੀਬੀਡੀ ਗਰਾਊਂਡ ਨੂੰ ਨਵੇਂ ਪ੍ਰਦਰਸ਼ਨ ਸਥਾਨਾਂ ਵਜੋਂ ਤੈਅ ਕੀਤਾ ਗਿਆ ਸੀ, ਜਿਸ ਨੂੰ ਮੰਗਲਵਾਰ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਗਈ ਸੀ। ਪੁਲੀਸ ਕਮਿਸ਼ਨਰ ਅਨੁਰਾਗ ਕੁਮਾਰ ਵੱਲੋਂ ਜਾਰੀ ਹੁਕਮਾਂ ਅਨੁਸਾਰ, ਇਨ੍ਹਾਂ ਨਵੀਆਂ ਥਾਵਾਂ 'ਤੇ ਪ੍ਰਦਰਸ਼ਨ ਕਰਨ ਲਈ ਨਵੇਂ ਦਿਸ਼ਾ-ਨਿਰਦੇਸ਼ ਵੱਖਰੇ ਤੌਰ 'ਤੇ ਜਾਰੀ ਕੀਤੇ ਜਾਣੇ ਹਨ। ਪਟੀਸ਼ਨਕਰਤਾਵਾਂ ਨੇ ਇਨ੍ਹਾਂ ਨਵੇਂ ਸਥਾਨਾਂ ਦੀ ਚੋਣ 'ਤੇ ਗੰਭੀਰ ਸਵਾਲ ਚੁੱਕਦਿਆਂ ਕਿਹਾ ਕਿ ਸੁਪਰੀਮ ਕੋਰਟ ਪਹਿਲਾਂ ਹੀ ਰਾਮਲੀਲਾ ਮੈਦਾਨ ਨੂੰ ਅਯੋਗ ਠਹਿਰਾ ਚੁੱਕੀ ਹੈ ਅਤੇ ਜੰਤਰ-ਮੰਤਰ ਨੂੰ ਹੀ ਪ੍ਰਦਰਸ਼ਨਾਂ ਲਈ ਸਭ ਤੋਂ ਵੱਧ ਢੁਕਵਾਂ ਸਥਾਨ ਮੰਨਿਆ ਗਿਆ ਹੈ। ਉਨ੍ਹਾਂ ਇਨ੍ਹਾਂ ਪਾਬੰਦੀਆਂ ਦਾ ਵਿਰੋਧ ਕਰਦਿਆਂ ਦੋਸ਼ ਲਾਇਆ ਕਿ ਨਵੇਂ ਚੁਣੇ ਗਏ ਕੁਝ ਸਥਾਨ ਦਿੱਲੀ ਦੇ ਕੂੜੇ ਵਾਲੇ ਡੰਪਾਂ ਦੇ ਬਹੁਤ ਨੇੜੇ ਸਥਿਤ ਹਨ ਅਤੇ ਆਮ ਲੋਕਾਂ ਦੇ ਵੱਡੇ ਇਕੱਠ ਲਈ ਬਿਲਕੁਲ ਵੀ ਉਚਿਤ ਨਹੀਂ ਹਨ।
Leave a Reply