ਅਮਰੀਕਾ ਤੋਂ 90 ਗੈਰਕਾਨੂੰਨੀ ਹਥਿਆਰ ਲਿਆਉਣ ਦੀ ਸਾਜ਼ਿਸ਼ ਬੇਨਕਾਬ

ਅਮਰੀਕਾ ਤੋਂ 90 ਗੈਰਕਾਨੂੰਨੀ ਹਥਿਆਰ ਲਿਆਉਣ ਦੀ ਸਾਜ਼ਿਸ਼ ਬੇਨਕਾਬ

ਅਮਰੀਕਾ ਤੋਂ ਕੈਨੇਡਾ ਵਿੱਚ ਵੱਡੀ ਮਾਤਰਾ ਵਿੱਚ ਗੈਰਕਾਨੂੰਨੀ ਹਥਿਆਰ ਸਮਗਲ ਕਰਨ ਦੀ ਕੋਸ਼ਿਸ਼ ਦੇ ਦੋਸ਼ ਹੇਠ ਦੋ ਕੈਨੇਡੀਅਨ ਨਾਗਰਿਕਾਂ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅਧਿਕਾਰੀਆਂ ਮੁਤਾਬਕ ਮੁਲਜ਼ਮ ਲਗਭਗ 90 ਹਥਿਆਰ ਕੈਨੇਡਾ ਲਿਜਾਣ ਦੀ ਕੋਸ਼ਿਸ਼ ਕਰ ਰਹੇ ਸਨ, ਜਿਨ੍ਹਾਂ ਵਿੱਚੋਂ 17 ਹਥਿਆਰ ਚੋਰੀ ਦੇ ਨਿਕਲੇ ਹਨ। ਜਾਣਕਾਰੀ ਅਨੁਸਾਰ ਨਿਊਯਾਰਕ ਸਟੇਟ ਪੁਲਿਸ ਨੇ 7 ਮਈ ਨੂੰ ਇੰਟਰਸਟੇਟ-90 ਨੇੜੇ ਇੱਕ ਚਿੱਟੇ ਰੰਗ ਦੀ ਫੋਰਡ ਐਕਸਪਲੋਰਰ ਗੱਡੀ ਨੂੰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਕਾਰਨ ਰੋਕਿਆ ਸੀ। ਗੱਡੀ ਵਿੱਚ ਤਿੰਨ ਵਿਅਕਤੀ ਸਵਾਰ ਸਨ, ਜਿਨ੍ਹਾਂ ਦੀ ਪਛਾਣ 22 ਸਾਲਾ ਮਾਲਿਕ ਬ੍ਰੋਮਫੀਲਡ, 25 ਸਾਲਾ ਫੈਜ਼ਾਨ ਅਲੀ ਅਤੇ 22 ਸਾਲਾ ਕਮਾਲ ਸਲਮਾਨ ਵਜੋਂ ਹੋਈ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਤਿੰਨਾਂ ਨੇ ਗੁੰਝਲਦਾਰ ਅਤੇ ਟਾਲਮਟੋਲ ਵਾਲੇ ਜਵਾਬ ਦਿੱਤੇ, ਜਿਸ ਕਾਰਨ ਸ਼ੱਕ ਪੈਦਾ ਹੋਇਆ। ਇਸ ਤੋਂ ਬਾਅਦ ਵਾਹਨ ਦੀ ਤਲਾਸ਼ੀ ਲਈ ਗਈ, ਜਿਸ ਦੌਰਾਨ ਇੱਕ ਭਾਰੀ ਸੂਟਕੇਸ ਵਿੱਚ ਵੱਡੀ ਗਿਣਤੀ ਵਿੱਚ ਹਥਿਆਰ ਬਰਾਮਦ ਹੋਏ। ਹੋਰ ਹਥਿਆਰ ਵੀ ਗੱਡੀ ਦੇ ਅੰਦਰੋਂ ਮਿਲੇ। ਅਧਿਕਾਰੀਆਂ ਮੁਤਾਬਕ ਮਾਲਿਕ ਬ੍ਰੋਮਫੀਲਡ ਅਤੇ ਕਮਾਲ ਸਲਮਾਨ ਕੈਨੇਡੀਅਨ ਨਾਗਰਿਕ ਹਨ, ਜਦਕਿ ਫੈਜ਼ਾਨ ਅਲੀ ਪਾਕਿਸਤਾਨੀ ਨਾਗਰਿਕ ਹੈ। ਕਮਾਲ ਸਲਮਾਨ ਕੋਲ ਅਮਰੀਕਾ ਅਤੇ ਜੌਰਡਨ ਦੀ ਨਾਗਰਿਕਤਾ ਵੀ ਮੌਜੂਦ ਹੈ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਫੈਜ਼ਾਨ ਅਲੀ 2021 ਵਿੱਚ ਇੱਕ ਮੋਟਰਸਾਈਕਲ ਸਵਾਰ ਦੀ ਮੌਤ ਨਾਲ ਜੁੜੇ ਮਾਮਲੇ ਵਿੱਚ ਵੀ ਲੋੜੀਂਦਾ ਸੀ। ਤਿੰਨਾਂ ਮੁਲਜ਼ਮਾਂ ’ਤੇ ਹਥਿਆਰਾਂ ਦੀ ਸਮਗਲਿੰਗ, ਬਿਨਾਂ ਲਾਇਸੈਂਸ ਹਥਿਆਰਾਂ ਦਾ ਕਾਰੋਬਾਰ ਕਰਨ, ਚੋਰੀਸ਼ੁਦਾ ਹਥਿਆਰ ਲਿਜਾਣ ਅਤੇ ਗੈਰਕਾਨੂੰਨੀ ਤੌਰ ’ਤੇ ਹਥਿਆਰ ਰੱਖਣ ਸਮੇਤ ਕਈ ਗੰਭੀਰ ਦੋਸ਼ ਲਗਾਏ ਗਏ ਹਨ। ਜੇਕਰ ਦੋਸ਼ ਸਾਬਤ ਹੋ ਜਾਂਦੇ ਹਨ ਤਾਂ ਉਨ੍ਹਾਂ ਨੂੰ ਕਈ ਸਾਲਾਂ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ।