ਭਾਰਗਵ ਕੈਂਪ ਘਟਨਾ: ਔਰਤ ਨੂੰ ਵਾਲਾਂ ਤੋਂ ਖਿੱਚਣ ਦੇ ਦੋਸ਼ਾਂ ’ਤੇ ਪੁਲਿਸ ਖ਼ਿਲਾਫ਼ ਕਾਰਵਾਈ
- ਪੰਜਾਬ
- (Asia/Kolkata)
ਜਲੰਧਰ ਦੇ ਭਾਰਗਵ ਕੈਂਪ ਇਲਾਕੇ ਵਿੱਚ ਇੱਕ ਔਰਤ ਨਾਲ ਕਥਿਤ ਦੁਰਵਿਵਹਾਰ ਦੇ ਮਾਮਲੇ ਵਿੱਚ ਪੁਲਿਸ ਕਮਿਸ਼ਨਰ ਵੱਲੋਂ ਇੱਕ ਏਐਸਆਈ ਸਮੇਤ ਤਿੰਨ ਪੁਲਿਸ ਮੁਲਾਜ਼ਮਾਂ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ। ਇਹ ਕਾਰਵਾਈ ਉਸ ਘਟਨਾ ਤੋਂ ਬਾਅਦ ਕੀਤੀ ਗਈ ਹੈ, ਜਿਸ ਵਿੱਚ ਔਰਤ ਨੂੰ ਵਾਲਾਂ ਤੋਂ ਫੜ ਕੇ ਖਿੱਚਣ ਦੇ ਦੋਸ਼ ਲੱਗੇ ਹਨ। ਮਿਲੀ ਜਾਣਕਾਰੀ ਮੁਤਾਬਕ ਪੁਲਿਸ ਟੀਮ ਘਰੇਲੂ ਝਗੜੇ ਦੇ ਮਾਮਲੇ ਵਿੱਚ ਔਰਤ ਦੇ ਪੁੱਤਰ ਨੂੰ ਗ੍ਰਿਫ਼ਤਾਰ ਕਰਨ ਲਈ ਉਸ ਦੇ ਘਰ ਪਹੁੰਚੀ ਸੀ। ਦੱਸਿਆ ਜਾਂਦਾ ਹੈ ਕਿ ਨੌਜਵਾਨ ਨੂੰ ਉਸ ਦੇ ਘਰ ਵਿੱਚ ਸੌਂਦੇ ਹੋਏ ਕਾਬੂ ਕੀਤਾ ਗਿਆ। ਜਦੋਂ ਪੁਲਿਸ ਉਸ ਨੂੰ ਘਸੀਟ ਕੇ ਲਿਜਾਣ ਲੱਗੀ ਤਾਂ ਔਰਤ ਨੇ ਦਖ਼ਲ ਦਿੱਤਾ। ਇਸ ਦੌਰਾਨ ਪੁਲਿਸ ਵੱਲੋਂ ਉਸ ਨੂੰ ਵਾਲਾਂ ਤੋਂ ਫੜ ਕੇ ਜ਼ਬਰਦਸਤੀ ਵਾਹਨ ਵਿੱਚ ਬਿਠਾਉਣ ਦੀ ਕੋਸ਼ਿਸ਼ ਕੀਤੀ ਗਈ। ਇਸ ਘਟਨਾ ਦੌਰਾਨ ਔਰਤ ਦੇ ਪੁੱਤਰ ਵੱਲੋਂ ਵੀ ਪੁਲਿਸ ‘ਤੇ ਹਮਲਾ ਕਰਨ ਦੀ ਗੱਲ ਸਾਹਮਣੇ ਆਈ ਹੈ। ਪੂਰੀ ਘਟਨਾ ਨੇੜਲੇ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ, ਜਿਸ ਦੀ ਫੁਟੇਜ ਸਾਹਮਣੇ ਆਉਣ ਤੋਂ ਬਾਅਦ ਮਾਮਲਾ ਚਰਚਾ ਵਿੱਚ ਆ ਗਿਆ। ਇਸ ਸਬੰਧੀ ਭਾਰਗਵ ਕੈਂਪ ਥਾਣੇ ਦੇ ਇੰਚਾਰਜ ਰਾਜਿੰਦਰ ਕੁਮਾਰ ਨੇ ਕਿਹਾ ਕਿ ਉਹ ਘਟਨਾ ਵੇਲੇ ਡਿਊਟੀ ’ਤੇ ਮੌਜੂਦ ਨਹੀਂ ਸਨ, ਪਰ ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਗਈ ਸੀ। ਉਨ੍ਹਾਂ ਦੱਸਿਆ ਕਿ ਏਐਸਆਈ ਪ੍ਰਵੀਨ ਕੁਮਾਰ ਟੀਮ ਸਮੇਤ ਮੌਕੇ ’ਤੇ ਪਹੁੰਚੇ ਸਨ ਅਤੇ ਮਾਮਲੇ ਦੀ ਜਾਂਚ ਜਾਰੀ ਹੈ। ਇਸ ਦੇ ਨਾਲ ਹੀ, Punjab State Women Commission ਨੇ ਮਾਮਲੇ ਦਾ ਨੋਟਿਸ ਲੈਂਦਿਆਂ ਜਲੰਧਰ ਦੀ ਪੁਲਿਸ ਕਮਿਸ਼ਨਰ Dhanpreet Kaur ਨੂੰ ਪੱਤਰ ਲਿਖ ਕੇ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ। ਕਮਿਸ਼ਨ ਨੇ ਪੰਜਾਬ ਰਾਜ ਮਹਿਲਾ ਕਮਿਸ਼ਨ ਐਕਟ 2001 ਦੇ ਤਹਿਤ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਪੁਲਿਸ ਪ੍ਰਸ਼ਾਸਨ ਨੂੰ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਕਮਿਸ਼ਨ ਵੱਲੋਂ ਸੰਬੰਧਤ ਪੁਲਿਸ ਅਧਿਕਾਰੀਆਂ ਨੂੰ 24 ਮਾਰਚ 2026 ਨੂੰ ਸਵੇਰੇ 11 ਵਜੇ ਚੰਡੀਗੜ੍ਹ ਸਥਿਤ ਦਫ਼ਤਰ ਵਿੱਚ ਹਾਜ਼ਰ ਹੋ ਕੇ ਮਾਮਲੇ ਨਾਲ ਜੁੜੇ ਸਾਰੇ ਦਸਤਾਵੇਜ਼ ਅਤੇ ਤੱਥ ਪੇਸ਼ ਕਰਨ ਲਈ ਕਿਹਾ ਗਿਆ ਹੈ।
Leave a Reply