ਮਾਲਦੀਵ ਵਿੱਚ ਵੱਡਾ ਗੋਤਾਖੋਰੀ ਹਾਦਸਾ, ਬਚਾਅ ਕਾਰਜਾਂ ਵਿੱਚ ਖਰਾਬ ਮੌਸਮ ਬਣਿਆ ਰੁਕਾਵਟ

ਮਾਲਦੀਵ ਵਿੱਚ ਵੱਡਾ ਗੋਤਾਖੋਰੀ ਹਾਦਸਾ, ਬਚਾਅ ਕਾਰਜਾਂ ਵਿੱਚ ਖਰਾਬ ਮੌਸਮ ਬਣਿਆ ਰੁਕਾਵਟ

ਮਾਲਦੀਵ ਦੇ ਵਾਵੂ ਐਟੋਲ ਖੇਤਰ ਵਿੱਚ ਇਟਲੀ ਦੇ ਪੰਜ ਗੋਤਾਖੋਰਾਂ ਦੀ ਮੌਤ ਹੋਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਇਹ ਗੋਤਾਖੋਰ ਸਮੁੰਦਰ ਦੇ ਅੰਦਰ ਲਗਭਗ 50 ਮੀਟਰ ਡੂੰਘੀਆਂ ਗੁਫਾਵਾਂ ਦੀ ਖੋਜ ਲਈ ਗਏ ਸਨ, ਪਰ ਇਸ ਤੋਂ ਬਾਅਦ ਉਹ ਵਾਪਸ ਨਹੀਂ ਆਏ। ਅਧਿਕਾਰੀਆਂ ਨੇ ਦੱਸਿਆ ਕਿ ਹੁਣ ਤੱਕ ਸਿਰਫ਼ ਇੱਕ ਗੋਤਾਖੋਰ ਦੀ ਲਾਸ਼ ਹੀ ਬਰਾਮਦ ਕੀਤੀ ਜਾ ਸਕੀ ਹੈ, ਜਦਕਿ ਬਾਕੀ ਚਾਰ ਦੇ ਗੁਫਾ ਅੰਦਰ ਹੀ ਫਸੇ ਹੋਣ ਦਾ ਖਦਸ਼ਾ ਹੈ। ਖਰਾਬ ਮੌਸਮ ਅਤੇ ਸਮੁੰਦਰ ਦੀਆਂ ਮੁਸ਼ਕਲ ਹਾਲਾਤਾਂ ਕਾਰਨ ਬਚਾਅ ਅਤੇ ਖੋਜ ਕਾਰਜ ਪ੍ਰਭਾਵਿਤ ਹੋ ਰਹੇ ਹਨ। ਖੋਜ ਮੁਹਿੰਮ ਨੂੰ ਸ਼ਨੀਵਾਰ ਨੂੰ ਮੁੜ ਸ਼ੁਰੂ ਕੀਤਾ ਜਾਣਾ ਹੈ। ਮਾਲਦੀਵ ਸਰਕਾਰ ਵੱਲੋਂ ਮ੍ਰਿਤਕਾਂ ਦੀ ਪਛਾਣ ਮੋਨਿਕਾ ਮੋਂਟੇਫਾਲਕੋਨ, ਜਾਰਜੀਆ ਸੋਮਾਕਾਲਾ, ਫੈਡਰਿਕੋ ਗੁਆਲਟੀਅਰੀ, ਮੂਰੀਅਲ ਓਡੇਨੀਨੋ ਅਤੇ ਗਿਆਨਲੂਕਾ ਬੇਨੇਡੇਟੀ ਵਜੋਂ ਕੀਤੀ ਗਈ ਹੈ। ਇਹ ਟੀਮ “ਡਿਊਕ ਆਫ਼ ਯੌਰਕ” ਨਾਮਕ ਕਿਸ਼ਤੀ ਰਾਹੀਂ ਯਾਤਰਾ ‘ਤੇ ਨਿਕਲੀ ਸੀ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕਾਂ ਵਿੱਚੋਂ ਚਾਰ ਗੋਤਾਖੋਰ ਇਟਲੀ ਦੀ ਜੇਨੋਆ ਯੂਨੀਵਰਸਿਟੀ ਨਾਲ ਸੰਬੰਧਤ ਸਨ। ਸਥਾਨਕ ਅਧਿਕਾਰੀਆਂ ਨੇ ਇਸ ਹਾਦਸੇ ਨੂੰ ਮਾਲਦੀਵ ਦੇ ਇਤਿਹਾਸ ਦੀਆਂ ਸਭ ਤੋਂ ਭਿਆਨਕ ਗੋਤਾਖੋਰੀ ਘਟਨਾਵਾਂ ਵਿੱਚੋਂ ਇੱਕ ਕਰਾਰ ਦਿੱਤਾ ਹੈ।