ਜ਼ੀਰਕਪੁਰ ’ਚ ਕ੍ਰਿਕਟ ਸੱਟੇਬਾਜ਼ੀ ਰਾਹੀਂ ਧੋਖਾਧੜੀ ਦਾ ਪਰਦਾਫ਼ਾਸ਼

ਜ਼ੀਰਕਪੁਰ ’ਚ ਕ੍ਰਿਕਟ ਸੱਟੇਬਾਜ਼ੀ ਰਾਹੀਂ ਧੋਖਾਧੜੀ ਦਾ ਪਰਦਾਫ਼ਾਸ਼

ਜ਼ੀਰਕਪੁਰ ਪੁਲਸ ਨੇ ਕ੍ਰਿਕਟ ਮੈਚਾਂ ਵਿੱਚ ਵੱਧ ਮੁਨਾਫੇ ਦਾ ਲਾਲਚ ਦੇ ਕੇ ਆਮ ਲੋਕਾਂ ਨਾਲ ਧੋਖਾਧੜੀ ਕਰਨ ਦੇ ਦੋਸ਼ ਹੇਠ ਤਿੰਨ ਵਿਅਕਤੀਆਂ ਖ਼ਿਲਾਫ ਕਾਨੂੰਨੀ ਕਾਰਵਾਈ ਕਰਦਿਆਂ ਕੇਸ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਜਾਂਚ ਅਧਿਕਾਰੀ ਗੁਰਨਾਮ ਸਿੰਘ ਆਪਣੀ ਪੁਲਸ ਪਾਰਟੀ ਨਾਲ ਪਟਿਆਲਾ ਚੌਂਕ ਇਲਾਕੇ ਵਿੱਚ ਗਸ਼ਤ ਅਤੇ ਸ਼ੱਕੀ ਵਿਅਕਤੀਆਂ ਦੀ ਭਾਲ ਲਈ ਮੌਜੂਦ ਸਨ। ਇਸ ਦੌਰਾਨ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਫਲੈਟ ਨੰਬਰ 441, ਬਲਾਕ ਡੀ-3, ਪੈਂਟਾ ਹੋਮਜ ਜ਼ੀਰਕਪੁਰ ਵਿੱਚ ਰਹਿੰਦੇ ਤਿੰਨ ਵਿਅਕਤੀ ਕ੍ਰਿਕਟ ਮੈਚਾਂ ਦੇ ਨਾਂ ‘ਤੇ ਲੋਕਾਂ ਨੂੰ ਵੱਧ ਕਮਾਈ ਦਾ ਲਾਲਚ ਦੇ ਕੇ ਰਕਮ ਆਪਣੇ ਬੈਂਕ ਖਾਤਿਆਂ ਵਿੱਚ ਮੰਗਵਾ ਰਹੇ ਹਨ ਅਤੇ ਬਾਅਦ ਵਿੱਚ ਰਕਮ ਹੜਪ ਕਰ ਲੈਂਦੇ ਹਨ। ਪੁਲਸ ਨੇ ਮੌਕੇ ਤੇ ਛਾਪਾ ਮਾਰ ਕੇ ਮੁਹੰਮਦ ਸਾਹ ਆਲਮ, ਮੁਹੰਮਦ ਸਾਹ ਨਵਾਜ ਸਮਸੀ ਅਤੇ ਕਰਨ ਗੌਰਵ ਨੂੰ ਕਾਬੂ ਕਰਕੇ ਉਨ੍ਹਾਂ ਦੇ ਖ਼ਿਲਾਫ ਜੂਆ ਕਾਨੂੰਨ ਦੀਆਂ ਧਾਰਾਵਾਂ 3 ਅਤੇ 4 ਅਤੇ ਭਾਰਤੀ ਨਿਆਂ ਸੰਹਿਤਾ ਦੀ ਧਾਰਾ 318(4) ਹੇਠ ਕੇਸ ਦਰਜ ਕੀਤਾ ਹੈ। ਪੁਲਿਸ ਅਨੁਸਾਰ ਮੌਕੇ ਤੇ ਭਾਰੀ ਮਾਤਰਾ ਵਿੱਚ ਮੋਬਾਇਲ ਫੋਨ ਏਟੀਐਮ ਕਾਰਡ ਅਤੇ ਚੈੱਕ ਬੁੱਕ ਵੀ ਬਰਾਮਦ ਕੀਤੇ ਗਏ ਹਨ।