ਪਤਨੀ ਨਾਲ ਵਿਦੇਸ਼ ਗਿਆ ਲਖਬੀਰ ਸਿੰਘ ਲਾਪਤਾ, ਨੂੰਹ ‘ਤੇ ਸਾਜ਼ਿਸ਼ ਦੇ ਇਲਜ਼ਾਮ
- ਪੰਜਾਬ
- (Asia/Kolkata)
ਅੰਮ੍ਰਿਤਸਰ ਜ਼ਿਲ੍ਹੇ ਨਾਲ ਸੰਬੰਧਤ ਇੱਕ 28 ਸਾਲਾ ਨੌਜਵਾਨ ਦੇ ਦੁਬਈ ਵਿੱਚ ਰਹੱਸਮਈ ਢੰਗ ਨਾਲ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ 2024 ਵਿੱਚ ਆਪਣੀ ਪਤਨੀ ਨਾਲ ਵਿਦੇਸ਼ ਗਿਆ ਸੀ, ਪਰ ਕੁਝ ਹੀ ਸਮੇਂ ਬਾਅਦ ਉਸਦਾ ਕੋਈ ਪਤਾ ਨਹੀਂ ਲੱਗਿਆ। ਇਸ ਘਟਨਾ ਤੋਂ ਬਾਅਦ ਪਰਿਵਾਰ ਵੱਲੋਂ ਗੰਭੀਰ ਦੋਸ਼ ਲਗਾਏ ਗਏ ਹਨ ਅਤੇ ਸਰਕਾਰੀ ਜਾਂਚ ਦੀ ਮੰਗ ਕੀਤੀ ਗਈ ਹੈ। ਲਖਬੀਰ ਸਿੰਘ ਦੇ ਪਿਤਾ ਦੇਸ਼ਾ ਸਿੰਘ, ਜੋ ਕਿ ਪਿੰਡ ਜਗਦੇਵ ਕਲਾਂ ਦੇ ਵਸਨੀਕ ਹਨ, ਨੇ ਦੱਸਿਆ ਕਿ ਉਨ੍ਹਾਂ ਨੇ ਅਪ੍ਰੈਲ 2024 ਵਿੱਚ ਆਪਣੇ ਪੁੱਤਰ ਅਤੇ ਨੂੰਹ ਕਵਲਦੀਪ ਕੌਰ ਨੂੰ ਦੁਬਈ ਭੇਜਿਆ ਸੀ। ਉਨ੍ਹਾਂ ਦੀ ਯੋਜਨਾ ਦੋਵਾਂ ਨੂੰ ਕੰਮ ਲਈ ਇਟਲੀ ਭੇਜਣ ਦੀ ਸੀ, ਜਿਸ ਲਈ ਉਨ੍ਹਾਂ ਨੇ ਆਪਣੀ ਜ਼ਮੀਨ ਵੇਚ ਕੇ ਲਗਭਗ 18 ਲੱਖ ਰੁਪਏ ਇੱਕ ਏਜੰਟ ਨੂੰ ਦਿੱਤੇ। ਹਾਲਾਂਕਿ, ਉਨ੍ਹਾਂ ਦੇ ਮੁਤਾਬਕ ਏਜੰਟ ਪੈਸੇ ਲੈ ਕੇ ਫਰਾਰ ਹੋ ਗਿਆ। ਪਿਤਾ ਨੇ ਅੱਗੇ ਦੱਸਿਆ ਕਿ ਸਤੰਬਰ 2024 ਵਿੱਚ ਉਨ੍ਹਾਂ ਨੇ ਆਪਣੇ ਪੁੱਤਰ ਨੂੰ ਭਾਰਤ ਵਾਪਸ ਆਉਣ ਲਈ ਕਿਹਾ ਸੀ। ਵਾਪਸੀ ਤੋਂ ਇੱਕ ਦਿਨ ਪਹਿਲਾਂ, ਲਖਬੀਰ ਦੇ ਨਾਲ ਰਹਿ ਰਹੇ ਇੱਕ ਦੋਸਤ ਨੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਕਿ ਉਸਦੀ ਨੂੰਹ ਲਖਬੀਰ ਨੂੰ ਜ਼ਬਰਦਸਤੀ ਕਿਤੇ ਲੈ ਕੇ ਗਈ ਸੀ। ਦੋਸ਼ ਹੈ ਕਿ ਉਸੇ ਰਾਤ ਨੂੰਹ ਇਕੱਲੀ ਵਾਪਸ ਆਈ ਅਤੇ ਦੱਸਿਆ ਕਿ ਲਖਬੀਰ ਗਾਇਬ ਹੋ ਗਿਆ ਹੈ। ਇਸ ਘਟਨਾ ਤੋਂ ਬਾਅਦ, ਨੂੰਹ ਭਾਰਤ ਵਾਪਸ ਆ ਗਈ, ਪਰ ਸਹੁਰੇ ਘਰ ਆਉਣ ਦੀ ਬਜਾਏ ਆਪਣੇ ਮਾਪਿਆਂ ਦੇ ਘਰ ਚਲੀ ਗਈ ਅਤੇ ਬਾਅਦ ਵਿੱਚ ਤਲਾਕ ਦਾ ਕੇਸ ਵੀ ਦਰਜ ਕਰ ਦਿੱਤਾ। ਪਰਿਵਾਰ ਦੇ ਅਨੁਸਾਰ, ਹਾਲ ਹੀ ਵਿੱਚ ਨੂੰਹ ਵੱਲੋਂ ਪਿੰਡ ਦੇ ਸਰਪੰਚ ਰਾਹੀਂ ਮੌਤ ਦਾ ਸਰਟੀਫਿਕੇਟ ਭੇਜਿਆ ਗਿਆ, ਜਿਸਨੂੰ ਪਰਿਵਾਰ ਨੇ ਇੱਕ ਸਾਜ਼ਿਸ਼ ਕਰਾਰ ਦਿੱਤਾ ਹੈ। ਦੇਸ਼ਾ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਅਜੇ ਤੱਕ ਇਹ ਨਹੀਂ ਪਤਾ ਕਿ ਉਨ੍ਹਾਂ ਦਾ ਪੁੱਤਰ ਜ਼ਿੰਦਾ ਹੈ ਜਾਂ ਨਹੀਂ। ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਹੈ ਕਿ ਨੂੰਹ ਨੇ ਦੁਬਾਰਾ ਵਿਆਹ ਕਰਵਾ ਲਿਆ ਹੈ। ਲਖਬੀਰ ਸਿੰਘ ਦਾ ਵਿਆਹ ਅਕਤੂਬਰ 2023 ਵਿੱਚ ਹੋਇਆ ਸੀ। ਉਹ ਇੱਕ ਰਾਸ਼ਟਰੀ ਪੱਧਰ ਦਾ ਵਾਲੀਬਾਲ ਖਿਡਾਰੀ ਸੀ ਅਤੇ ਪਰਿਵਾਰ ਵਿੱਚ ਉਸਦੇ ਦੋ ਭਰਾ ਅਤੇ ਇੱਕ ਭੈਣ ਹਨ। ਇੱਕ ਭਰਾ ਇਟਲੀ ਵਿੱਚ ਰਹਿੰਦਾ ਹੈ, ਜਦਕਿ ਦੂਜਾ ਪਿਤਾ ਨਾਲ ਖੇਤੀਬਾੜੀ ਕਰਦਾ ਹੈ। ਪਰਿਵਾਰ ਨੇ ਇਸ ਮਾਮਲੇ ਦੀ ਪੂਰੀ ਤਰ੍ਹਾਂ ਜਾਂਚ ਕਰਵਾਉਣ ਅਤੇ ਸੱਚ ਸਾਹਮਣੇ ਲਿਆਉਣ ਦੀ ਮੰਗ ਕੀਤੀ ਹੈ।
Leave a Reply