ਮਾਰਕੰਡਾ ਨੈਸ਼ਨਲ ਕਾਲਜ ਵਿੱਚ ਸੁਰੱਖਿਅਤ ਪਰਵਾਸ ‘ਤੇ ਜਾਗਰੂਕਤਾ ਸੈਮੀਨਾਰ ਆਯੋਜਿਤ

ਮਾਰਕੰਡਾ ਨੈਸ਼ਨਲ ਕਾਲਜ ਵਿੱਚ ਸੁਰੱਖਿਅਤ ਪਰਵਾਸ ‘ਤੇ ਜਾਗਰੂਕਤਾ ਸੈਮੀਨਾਰ ਆਯੋਜਿਤ

ਸ਼ਾਹਬਾਦ ਮਾਰਕੰਡਾ ਵਿਖੇ ਮਾਰਕੰਡਾ ਨੈਸ਼ਨਲ ਕਾਲਜ ਵਿੱਚ ‘ਸੁਰੱਖਿਅਤ ਤੇ ਸੂਚਿਤ ਪ੍ਰਵਾਸ’ ਵਿਸ਼ੇ ‘ਤੇ ਇਕ ਜਾਗਰੂਕਤਾ ਸੈਮੀਨਾਰ ਆਯੋਜਿਤ ਕੀਤਾ ਗਿਆ। ਇਹ ਪ੍ਰੋਗਰਾਮ ਕਾਲਜ ਦੇ ਕਰੀਅਰ ਡਿਵੈਲਪਮੈਂਟ ਅਤੇ ਪਲੈਸਮੈਂਟ ਸੈੱਲ ਅਤੇ ਐਮਐਨਸੀ ਲਾਇਬਰੇਰੀ ਵੱਲੋਂ ਰਾਸ਼ਟਰੀ ਸੇਵਾ ਯੋਜਨਾ ਦੇ ਸਹਿਯੋਗ ਨਾਲ ਕਰਵਾਇਆ ਗਿਆ। ਸਮਾਗਮ ਦੌਰਾਨ ਕਾਲਜ ਦੇ ਪ੍ਰਿੰਸੀਪਲ ਡਾ. ਅਸ਼ੋਕ ਕੁਮਾਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮੌਜੂਦਾ ਸਮੇਂ ਵਿੱਚ ਨੌਜਵਾਨਾਂ ਲਈ ਸੁਰੱਖਿਅਤ ਪਰਵਾਸ ਬਾਰੇ ਜਾਗਰੂਕਤਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਵਿਦਿਆਰਥੀਆਂ ਨੂੰ ਸਹੀ ਦਿਸ਼ਾ ਦਿੰਦੇ ਹਨ ਅਤੇ ਉਨ੍ਹਾਂ ਨੂੰ ਧੋਖਾਧੜੀ ਤੇ ਸ਼ੋਸ਼ਣ ਤੋਂ ਬਚਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਪ੍ਰੋਗਰਾਮ ਦੇ ਕੋਆਰਡੀਨੇਟਰ ਡਾ. ਅਜੇ ਕੁਮਾਰ ਨੇ ਦੱਸਿਆ ਕਿ ਸੈਮੀਨਾਰ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਸੁਰੱਖਿਅਤ, ਕਾਨੂੰਨੀ ਅਤੇ ਸੂਚਿਤ ਪ੍ਰਵਾਸ ਦੇ ਵੱਖ-ਵੱਖ ਪੱਖਾਂ ਬਾਰੇ ਜਾਣਕਾਰੀ ਦੇਣਾ ਸੀ, ਤਾਂ ਜੋ ਉਹ ਸਹੀ ਫੈਸਲੇ ਲੈ ਸਕਣ। ਸੈਮੀਨਾਰ ਦੌਰਾਨ ਰਿਸੋਰਸ ਪਰਸਨ ਸੌਰਭ ਦੁੱਗਲ ਨੇ ਗੈਰਕਾਨੂੰਨੀ ਪਰਵਾਸ ਨਾਲ ਜੁੜੇ ਖਤਰਿਆਂ, ਖ਼ਾਸ ਕਰਕੇ ਡੰਕੀ ਰੂਟ ਦੇ ਭਿਆਨਕ ਨਤੀਜਿਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਉਦਾਹਰਨਾਂ ਰਾਹੀਂ ਸਮਝਾਇਆ ਕਿ ਇਸ ਤਰ੍ਹਾਂ ਦੇ ਗੈਰਕਾਨੂੰਨੀ ਤਰੀਕੇ ਵਿਦਿਆਰਥੀਆਂ ਦੀ ਜ਼ਿੰਦਗੀ ਲਈ ਗੰਭੀਰ ਖਤਰਾ ਬਣ ਸਕਦੇ ਹਨ। ਉਨ੍ਹਾਂ ਨੇ ਜਾਲੀ ਵੀਜ਼ਾ ਅਤੇ ਧੋਖੇਬਾਜ਼ ਏਜੰਟਾਂ ਤੋਂ ਸਾਵਧਾਨ ਰਹਿਣ ਦੀ ਸਲਾਹ ਵੀ ਦਿੱਤੀ। ਉਨ੍ਹਾਂ ਵਿਦਿਆਰਥੀਆਂ ਨੂੰ ਕਾਨੂੰਨੀ ਪ੍ਰਵਾਸ ਦੇ ਸਾਧਨਾਂ ਜਿਵੇਂ ਵਰਕ ਪਰਮਿਟ, ਉੱਚ ਸਿੱਖਿਆ ਅਤੇ ਵੀਜ਼ਾ ਪ੍ਰਕਿਰਿਆ ਬਾਰੇ ਵੀ ਜਾਣਕਾਰੀ ਦਿੱਤੀ। ਨਾਲ ਹੀ ਇਹ ਵੀ ਜ਼ੋਰ ਦਿੱਤਾ ਕਿ ਸਿਰਫ ਅਧਿਕਾਰਤ ਸਰੋਤਾਂ ‘ਤੇ ਹੀ ਭਰੋਸਾ ਕੀਤਾ ਜਾਵੇ ਅਤੇ ਕਿਸੇ ਵੀ ਨਗਦ ਲੈਣ-ਦੇਣ ਤੋਂ ਬਚਿਆ ਜਾਵੇ। ਸੌਰਭ ਦੁੱਗਲ ਨੇ ਦੱਸਿਆ ਕਿ ਕਰਨਾਲ ਵਿੱਚ ਪ੍ਰਵਾਸੀ ਸੂਚਨਾ ਤੇ ਜਾਗਰੂਕਤਾ ਕੇਂਦਰ ਸਥਾਪਿਤ ਹੈ, ਜਿੱਥੋਂ ਵਿਦਿਆਰਥੀ ਸਹੀ ਮਾਰਗਦਰਸ਼ਨ ਪ੍ਰਾਪਤ ਕਰ ਸਕਦੇ ਹਨ। ਇਸ ਸੈਮੀਨਾਰ ਵਿੱਚ 100 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੌਕੇ ਪ੍ਰੋ. ਸੁਰਿੰਦਰ ਕਾਜਲ, ਡਾ. ਸੰਦੀਪ ਸ਼ਿਉਰਾਨ, ਡਾ. ਦੇਵ ਰਾਜ ਸ਼ਰਮਾ, ਪ੍ਰੋ. ਸਿਧਾਂਤ, ਪ੍ਰੋ. ਨੇਹਾ, ਪ੍ਰੋ. ਗਗਨਦੀਪ ਕੌਰ ਸਮੇਤ ਹੋਰ ਸਟਾਫ ਮੈਂਬਰ ਵੀ ਮੌਜੂਦ ਸਨ।