ਬਹੁਮਤ ਤੋਂ ਦੂਰ ਟੀਵੀਕੇ, ਹੋਰ ਵਿਧਾਇਕਾਂ ਦੇ ਸਮਰਥਨ ਲਈ ਜਾਰੀ ਕੋਸ਼ਿਸ਼ਾਂ

ਬਹੁਮਤ ਤੋਂ ਦੂਰ ਟੀਵੀਕੇ, ਹੋਰ ਵਿਧਾਇਕਾਂ ਦੇ ਸਮਰਥਨ ਲਈ ਜਾਰੀ ਕੋਸ਼ਿਸ਼ਾਂ

ਤਾਮਿਲਨਾਡੂ ਵਿੱਚ ਸਰਕਾਰ ਗਠਨ ਨੂੰ ਲੈ ਕੇ ਸਿਆਸੀ ਸਥਿਤੀ ਹੋਰ ਗੁੰਝਲਦਾਰ ਹੋ ਗਈ ਹੈ। ਰਾਜਪਾਲ ਰਾਜੇਂਦਰ ਵਿਸ਼ਵਨਾਥ ਅਰਲੇਕਰ ਨੇ ਇੱਕ ਵਾਰ ਫਿਰ ਟੀਵੀਕੇ ਮੁਖੀ ਵਿਜੇ ਦੇ ਸਰਕਾਰ ਬਣਾਉਣ ਦੇ ਦਾਅਵੇ ਨੂੰ ਮਨਜ਼ੂਰੀ ਨਹੀਂ ਦਿੱਤੀ। ਰਾਜਪਾਲ ਨੇ ਸਪੱਸ਼ਟ ਕੀਤਾ ਹੈ ਕਿ ਸਰਕਾਰ ਬਣਾਉਣ ਲਈ ਲੋੜੀਂਦੇ 118 ਵਿਧਾਇਕਾਂ ਦੇ ਸਮਰਥਨ ਪੱਤਰ ਪੇਸ਼ ਕਰਨ ਤੋਂ ਬਾਅਦ ਹੀ ਉਨ੍ਹਾਂ ਦੇ ਦਾਅਵੇ ’ਤੇ ਵਿਚਾਰ ਕੀਤਾ ਜਾਵੇਗਾ। ਜਾਣਕਾਰੀ ਅਨੁਸਾਰ, 234 ਮੈਂਬਰੀ ਤਾਮਿਲਨਾਡੂ ਵਿਧਾਨ ਸਭਾ ਵਿੱਚ ਤਾਮਿਲਨਾਡੂ ਵੈਟਰੀ ਕਜ਼ਾਗਮ (ਟੀਵੀਕੇ) 108 ਸੀਟਾਂ ਨਾਲ ਸਭ ਤੋਂ ਵੱਡੀ ਪਾਰਟੀ ਵਜੋਂ ਸਾਹਮਣੇ ਆਈ ਹੈ। ਹਾਲਾਂਕਿ, ਸਰਕਾਰ ਬਣਾਉਣ ਲਈ ਲੋੜੀਂਦੇ ਬਹੁਮਤ ਦੇ ਅੰਕੜੇ ਤੋਂ ਪਾਰਟੀ ਅਜੇ ਵੀ 10 ਸੀਟਾਂ ਘੱਟ ਹੈ। ਪੰਜ ਕਾਂਗਰਸੀ ਵਿਧਾਇਕਾਂ ਦਾ ਸਮਰਥਨ ਮਿਲਣ ਤੋਂ ਬਾਅਦ ਵੀ ਟੀਵੀਕੇ ਨੂੰ ਹੋਰ ਛੇ ਵਿਧਾਇਕਾਂ ਦੀ ਲੋੜ ਬਣੀ ਹੋਈ ਹੈ। ਬਹੁਮਤ ਹਾਸਲ ਕਰਨ ਲਈ ਟੀਵੀਕੇ ਵੱਲੋਂ ਖੱਬੇ ਪੱਖੀ ਪਾਰਟੀਆਂ, ਵੀਸੀਕੇ ਅਤੇ ਆਈਯੂਐਮਐਲ ਨਾਲ ਸੰਪਰਕ ਕੀਤਾ ਗਿਆ ਹੈ। ਪਾਰਟੀ ਨੂੰ ਉਮੀਦ ਹੈ ਕਿ ਇਹ ਸਿਆਸੀ ਧਿਰਾਂ ਅਗਲੇ ਦੋ ਦਿਨਾਂ ਵਿੱਚ ਆਪਣੇ ਰੁਖ਼ ਬਾਰੇ ਸਪੱਸ਼ਟਤਾ ਦੇਣਗੀਆਂ। ਇਸ ਦੌਰਾਨ ਟੀਵੀਕੇ ਨੇ ਸਮਰਥਨ ਇਕੱਠਾ ਕਰਨ ਲਈ ਆਪਣੀਆਂ ਸਿਆਸੀ ਕੋਸ਼ਿਸ਼ਾਂ ਹੋਰ ਤੇਜ਼ ਕਰ ਦਿੱਤੀਆਂ ਹਨ। ਦੂਜੇ ਪਾਸੇ, ਡੀਐਮਕੇ ਨੇ ਆਪਣੇ ਸਾਰੇ ਵਿਧਾਇਕਾਂ ਨੂੰ 10 ਮਈ ਤੱਕ ਚੇਨਈ ਵਿੱਚ ਰਹਿਣ ਦੇ ਨਿਰਦੇਸ਼ ਜਾਰੀ ਕੀਤੇ ਹਨ। ਸਿਆਸੀ ਵਿਸ਼ਲੇਸ਼ਕ ਇਸ ਨੂੰ ਆਉਣ ਵਾਲੇ ਸੰਭਾਵੀ ਘਟਨਾਕ੍ਰਮ ਦੇ ਮੱਦੇਨਜ਼ਰ ਇਕ ਮਹੱਤਵਪੂਰਨ ਕਦਮ ਵਜੋਂ ਦੇਖ ਰਹੇ ਹਨ। ਰਾਜਪਾਲ ਰਾਜੇਂਦਰ ਅਰਲੇਕਰ ਨੇ ਵਿਜੇ ਨੂੰ ਇਹ ਭਰੋਸਾ ਵੀ ਦਿੱਤਾ ਹੈ ਕਿ ਇਸ ਸਮੇਂ ਕਿਸੇ ਹੋਰ ਪਾਰਟੀ ਨੂੰ ਸਰਕਾਰ ਬਣਾਉਣ ਲਈ ਸੱਦਾ ਨਹੀਂ ਦਿੱਤਾ ਜਾਵੇਗਾ। ਇਸੇ ਦੌਰਾਨ, ਕੁਮਾਰ ਨੇ ਕਿਹਾ ਕਿ ਸੰਵਿਧਾਨਕ ਪਰੰਪਰਾ ਮੁਤਾਬਕ ਸਭ ਤੋਂ ਵੱਡੀ ਪਾਰਟੀ ਨੂੰ ਸਰਕਾਰ ਬਣਾਉਣ ਦਾ ਮੌਕਾ ਮਿਲਣਾ ਚਾਹੀਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਮੌਜੂਦਾ ਸਥਿਤੀ ਟੀਵੀਕੇ ਦੇ ਹੱਕ ਵਿੱਚ ਹੈ ਅਤੇ ਵਿਜੇ ਨੂੰ ਮੁੱਖ ਮੰਤਰੀ ਬਣਨ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ।