ਪੂਰਵ OSD ਦੇ ਘਰ ED ਦੀ ਛਾਪੇਮਾਰੀ ਤੋਂ ਬਾਅਦ ਹਰੀਸ਼ ਰਾਵਤ ਦਾ ਵੱਡਾ ਫ਼ੈਸਲਾ, ਕਾਂਗਰਸ ਦੇ ਦੋ ਅਹੁਦਿਆਂ ਤੋਂ ਦਿੱਤਾ ਅਸਤੀਫ਼ਾ

ਪੂਰਵ OSD ਦੇ ਘਰ ED ਦੀ ਛਾਪੇਮਾਰੀ ਤੋਂ ਬਾਅਦ ਹਰੀਸ਼ ਰਾਵਤ ਦਾ ਵੱਡਾ ਫ਼ੈਸਲਾ, ਕਾਂਗਰਸ ਦੇ ਦੋ ਅਹੁਦਿਆਂ ਤੋਂ ਦਿੱਤਾ ਅਸਤੀਫ਼ਾ

ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਹਰੀਸ਼ ਰਾਵਤ ਨੇ ਸ਼ੁੱਕਰਵਾਰ ਨੂੰ ਆਪਣੇ ਸਾਬਕਾ ਨਿੱਜੀ ਸਕੱਤਰ (ਓ.ਐੱਸ.ਡੀ.) ਚੰਦਨ ਸਿੰਘ ਜੀਨਾ ਦੇ ਘਰੋਂ ਵੱਡੀ ਮਾਤਰਾ ਵਿੱਚ ਨਕਦੀ, ਗਹਿਣੇ ਅਤੇ ਹੋਰ ਕੀਮਤੀ ਸਮਾਨ ਬਰਾਮਦ ਹੋਣ ਤੋਂ ਬਾਅਦ ਆਪਣੇ ਦੋ ਪ੍ਰਮੁੱਖ ਪਾਰਟੀ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਹੈ। ਰਾਵਤ ਨੇ ਸਪੱਸ਼ਟ ਕੀਤਾ ਕਿ ਇਸ ਮਾਮਲੇ ਦੇ ਸਾਰੇ ਤੱਥ ਆਉਣ ਵਾਲੇ ਸਮੇਂ ਵਿੱਚ ਪੂਰੀ ਤਰ੍ਹਾਂ ਸਾਫ਼ ਹੋ ਜਾਣਗੇ। ਜ਼ਿਕਰਯੋਗ ਹੈ ਕਿ ਸਾਬਕਾ ਮੁੱਖ ਮੰਤਰੀ ਉਤਰਾਖੰਡ ਪ੍ਰਦੇਸ਼ ਕਾਂਗਰਸ ਕਮੇਟੀ (ਪੀ.ਸੀ.ਸੀ.) ਦੀ ਕਾਰਜਕਾਰਨੀ ਦੇ ਮੈਂਬਰ ਹੋਣ ਦੇ ਨਾਲ-ਨਾਲ ਰਾਸ਼ਟਰੀ ਪੱਧਰ 'ਤੇ ਕਾਂਗਰਸ ਵਰਕਿੰਗ ਕਮੇਟੀ (ਸੀ.ਡਬਲਿਊ.ਸੀ.) ਦੇ ਸਥਾਈ ਸੱਦੇ ਮੈਂਬਰ ਵਜੋਂ ਜ਼ਿੰਮੇਵਾਰੀ ਨਿਭਾ ਰਹੇ ਸਨ। ਆਪਣੇ ਫ਼ੈਸਲੇ ਬਾਰੇ ਦੱਸਦਿਆਂ ਰਾਵਤ ਨੇ ਕਿਹਾ ਕਿ ਉਹ ਨਹੀਂ ਚਾਹੁੰਦੇ ਕਿ ਉਨ੍ਹਾਂ ਦਾ ਕੋਈ ਵੀ ਕਾਰਜ ਜਾਂ ਆਚਰਨ ਪਾਰਟੀ ਦੇ ਚੱਲ ਰਹੇ ਸਿਆਸੀ ਸੰਘਰਸ਼ ਨੂੰ ਕਮਜ਼ੋਰ ਕਰੇ। ਉਨ੍ਹਾਂ ਕਿਹਾ, "ਆਪਣੇ ਇਸ਼ਟ ਦੇਵਤਾ ਨੂੰ ਯਾਦ ਕਰਨ ਤੋਂ ਬਾਅਦ ਮੈਂ ਇਹ ਵੱਡਾ ਫ਼ੈਸਲਾ ਲਿਆ ਹੈ। ਮੈਂ ਕਿਸੇ ਸਰਕਾਰੀ ਅਹੁਦੇ 'ਤੇ ਨਹੀਂ ਹਾਂ, ਇਸ ਲਈ ਉੱਥੋਂ ਅਸਤੀਫ਼ਾ ਦੇਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਪਰ ਮੈਂ ਉਤਰਾਖੰਡ ਪ੍ਰਦੇਸ਼ ਕਾਂਗਰਸ ਕਮੇਟੀ ਕਾਰਜਕਾਰਨੀ ਦੇ ਮੈਂਬਰ ਅਤੇ ਰਾਸ਼ਟਰੀ ਪੱਧਰ 'ਤੇ ਸੀ.ਡਬਲਿਊ.ਸੀ. ਦੇ ਸਥਾਈ ਸੱਦੇ ਮੈਂਬਰ ਦੇ ਅਹੁਦੇ ਤੋਂ ਆਦਰਪੂਰਵਕ ਅਸਤੀਫ਼ਾ ਦੇ ਰਿਹਾ ਹਾਂ, ਤਾਂ ਜੋ ਮੇਰੇ ਕਾਰਨ ਪਾਰਟੀ ਦੀ ਲੜਾਈ ਪ੍ਰਭਾਵਿਤ ਨਾ ਹੋਵੇ।" ਇਸ ਤੋਂ ਪਹਿਲਾਂ ਐਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਉਸ ਨੇ ਸਾਲ 2016 ਦੀ ਉਤਰਾਖੰਡ ਸਬਾਰਡੀਨੇਟ ਸਰਵਿਸ ਸਿਲੈਕਸ਼ਨ ਕਮਿਸ਼ਨ (ਯੂ.ਕੇ.ਐੱਸ.ਐੱਸ.ਐੱਸ.ਸੀ.) ਗ੍ਰਾਮ ਪੰਚਾਇਤ ਵਿਕਾਸ ਅਧਿਕਾਰੀ (ਵੀ.ਪੀ.ਡੀ.ਓ.) ਪ੍ਰੀਖਿਆ ਵਿੱਚ ਹੋਈਆਂ ਵੱਡੇ ਪੱਧਰ 'ਤੇ ਗੜਬੜੀਆਂ ਦੇ ਸਬੰਧ ਵਿੱਚ ਦੇਹਰਾਦੂਨ ਵਿੱਚ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ। ਇਸ ਕਾਰਵਾਈ ਦੌਰਾਨ ਰਾਵਤ ਦੇ ਓ.ਐੱਸ.ਡੀ. ਰਹੇ ਚੰਦਨ ਸਿੰਘ ਜੀਨਾ ਦੇ ਨਿਵਾਸ ਤੋਂ 32 ਲੱਖ ਰੁਪਏ ਦੀ ਬੇਹਿਸਾਬ ਨਕਦੀ, ਸੋਨਾ ਅਤੇ ਲਗਜ਼ਰੀ ਘੜੀਆਂ ਜ਼ਬਤ ਕੀਤੀਆਂ ਗਈਆਂ। ਹਰੀਸ਼ ਰਾਵਤ ਨੇ ਮੰਨਿਆ ਕਿ ਜੀਨਾ ਨੇ 2014 ਤੋਂ 2017 ਤੱਕ ਮੁੱਖ ਮੰਤਰੀ ਵਜੋਂ ਉਨ੍ਹਾਂ ਦੇ ਕਾਰਜਕਾਲ ਦੌਰਾਨ ਓ.ਐੱਸ.ਡੀ. ਵਜੋਂ ਸੇਵਾ ਨਿਭਾਈ ਸੀ। ਜੀਨਾ ਨੂੰ ਇੱਕ "ਨੇਕ, ਨਿਮਰ ਅਤੇ ਮਿਹਨਤੀ ਵਿਅਕਤੀ" ਦੱਸਦਿਆਂ ਰਾਵਤ ਨੇ ਕਿਹਾ ਕਿ ਜੇਕਰ ਭਰਤੀ ਦੌਰਾਨ ਓ.ਐੱਮ.ਆਰ. ਸ਼ੀਟਾਂ ਨਾਲ ਛੇੜਛਾੜ ਸਾਬਤ ਹੁੰਦੀ ਹੈ, ਤਾਂ ਉਹ ਅਜਿਹੇ ਕਾਰੇ 'ਤੇ ਸ਼ਰਮਿੰਦਾ ਹੋਣਗੇ, ਹਾਲਾਂਕਿ ਉਹ ਅਜਿਹੇ ਦੋਸ਼ਾਂ ਨੂੰ ਸਵੀਕਾਰ ਨਹੀਂ ਕਰਦੇ। ਚੋਣ ਮਾਹੌਲ ਬਾਰੇ ਗੱਲ ਕਰਦਿਆਂ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਰਾਜ ਵਿੱਚ ਸਿਆਸੀ ਦਾਅ ਬਹੁਤ ਉੱਚੇ ਹਨ। ਉਨ੍ਹਾਂ ਕਿਹਾ ਕਿ ਉਹ ਅਕਸਰ ਮਜ਼ਾਕ ਵਿੱਚ ਕਹਿੰਦੇ ਸਨ ਕਿ ਚੋਣਾਂ ਉਦੋਂ ਹੋਣਗੀਆਂ ਜਦੋਂ ਸੀ.ਬੀ.ਆਈ. ਉਨ੍ਹਾਂ ਦੇ ਦਰਵਾਜ਼ੇ 'ਤੇ ਆਵੇਗੀ, ਪਰ ਇਸ ਵਾਰ ਸਿੱਧਾ ਉਨ੍ਹਾਂ ਕੋਲ ਆਉਣ ਦੀ ਥਾਂ ਉਨ੍ਹਾਂ ਦੇ ਸਹਿਯੋਗੀ 'ਤੇ ਕਾਰਵਾਈ ਕਰਕੇ ਇੱਕ ਵੱਖਰਾ ਬਿਰਤਾਂਤ ਸਿਰਜਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਭ੍ਰਿਸ਼ਟਾਚਾਰ ਵਿਰੁੱਧ ਇੱਕਜੁੱਟ ਹੈ ਅਤੇ ਰਾਹੁਲ ਗਾਂਧੀ ਵੀ ‘ਸਟੂਡੈਂਟਸ ਕੀ ਗੂੰਜ’ ਪ੍ਰੋਗਰਾਮ ਰਾਹੀਂ ਸਿੱਖਿਆ ਪ੍ਰਣਾਲੀ ਦੇ ਭ੍ਰਿਸ਼ਟਾਚਾਰ ਵਿਰੁੱਧ ਆਵਾਜ਼ ਉਠਾ ਰਹੇ ਹਨ। ਯੂ.ਕੇ.ਐੱਸ.ਐੱਸ.ਐੱਸ.ਸੀ. ਦੇ ਚੇਅਰਮੈਨ ਬਾਰੇ ਰਾਵਤ ਨੇ ਕਿਹਾ ਕਿ ਉਸ ਦੀ ਨਿਯੁਕਤੀ ਪੁਰਾਣੇ ਰਿਕਾਰਡ ਦੇ ਆਧਾਰ 'ਤੇ ਹੋਈ ਸੀ ਅਤੇ ਸ਼ਿਕਾਇਤਾਂ ਆਉਣ ਤੋਂ ਬਾਅਦ ਉਨ੍ਹਾਂ ਨੇ ਆਪ ਹੀ ਉਸ ਨੂੰ ਪਦ ਤੋਂ ਹਟਾ ਦਿੱਤਾ ਸੀ। ਈ.ਡੀ. ਅਨੁਸਾਰ ਇਹ ਛਾਪੇਮਾਰੀ 10 ਸਤੰਬਰ ਨੂੰ ਮਨੀ ਲਾਂਡਰਿੰਗ ਰੋਕਥਾਮ ਐਕਟ (PMLA), 2002 ਤਹਿਤ ਕੀਤੀ ਗਈ ਸੀ। ਜਾਂਚ ਏਜੰਸੀ ਨੇ ਯੂ.ਕੇ.ਐੱਸ.ਐੱਸ.ਐੱਸ.ਸੀ. ਦੇ ਤਤਕਾਲੀ ਚੇਅਰਮੈਨ, ਸਕੱਤਰ, ਪ੍ਰੀਖਿਆ ਕੰਟਰੋਲਰ, ਓ.ਐੱਮ.ਆਰ. ਪ੍ਰੋਸੈਸਿੰਗ ਏਜੰਸੀ ਦੇ ਮਾਲਕ ਅਤੇ ਵਿਚੋਲਿਆਂ ਦੇ ਟਿਕਾਣਿਆਂ ਦੇ ਨਾਲ-ਨਾਲ ਚੰਦਨ ਸਿੰਘ ਜੀਨਾ ਦੇ ਘਰ ਦੀ ਵੀ ਤਲਾਸ਼ੀ ਲਈ ਸੀ।