Daily Suraj

ਪੰਜਾਬੀ

ਝੋਨੇ ਦੇ MSP ਵਿੱਚ 72 ਰੁਪਏ ਵਾਧਾ ਕਿਸਾਨਾਂ ਨਾਲ ਮਜ਼ਾਕ: ਹਰਿੰਦਰ ਸਿੰਘ ਲੱਖੋਵਾਲ

14 May, 2026 08:39 AM

Harinder Singh Lakhowal ਨੇ ਕੇਂਦਰ ਸਰਕਾਰ ਵੱਲੋਂ ਝੋਨੇ ਦੀ ਘੱਟੋ-ਘੱਟ ਸਮਰਥਨ ਕੀਮਤ (MSP) ਵਿੱਚ 72 ਰੁਪਏ ਪ੍ਰਤੀ ਕੁਇੰਟਲ ਦੇ ਕੀਤੇ ਵਾਧੇ ਨੂੰ ਕਿਸਾਨਾਂ ਨਾਲ “ਕੋਝਾ ਮਜ਼ਾਕ” ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਖੇਤੀ ਨਾਲ ਜੁੜੀਆਂ ਲਾਗਤਾਂ ਵਿੱਚ ਭਾਰੀ ਵਾਧਾ ਹੋਇਆ ਹੈ, ਪਰ MSP ਵਿੱਚ ਕੀਤਾ ਗਿਆ ਇਹ ਵਾਧਾ ਕਿਸਾਨਾਂ ਲਈ ਨਾਕਾਫੀ ਹੈ। ਲੱਖੋਵਾਲ ਨੇ ਕਿਹਾ ਕਿ ਲੇਬਰ ਦੀ ਦਿਹਾੜੀ, ਡੀਜ਼ਲ ਦੇ ਰੇਟ ਅਤੇ ਖੇਤੀਬਾੜੀ ਲਈ ਵਰਤੀਆਂ ਜਾਣ ਵਾਲੀਆਂ ਸਪਰੇਆਂ ਦੇ ਭਾਅ ਲਗਾਤਾਰ ਵਧ ਰਹੇ ਹਨ। ਅਜਿਹੇ ਹਾਲਾਤਾਂ ਵਿੱਚ ਝੋਨੇ ਦੀ ਫਸਲ ’ਤੇ ਕੇਵਲ 72 ਰੁਪਏ ਪ੍ਰਤੀ ਕੁਇੰਟਲ ਵਾਧਾ ਕਰਕੇ ਸਰਕਾਰ ਨੇ ਕਿਸਾਨਾਂ ਦਾ ਭਰੋਸਾ ਤੋੜਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਸਰਕਾਰ ਵੱਲੋਂ ਕਈ ਹੋਰ ਫਸਲਾਂ ਲਈ ਵੀ MSP ਵਿੱਚ ਵਾਧੇ ਦੇ ਐਲਾਨ ਕੀਤੇ ਜਾਂਦੇ ਹਨ, ਪਰ ਇਹ ਵਾਧਾ ਜ਼ਮੀਨੀ ਪੱਧਰ ’ਤੇ ਕਿਸਾਨਾਂ ਨੂੰ ਨਹੀਂ ਮਿਲਦਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਵੱਲੋਂ ਉਗਾਈ ਜਾਣ ਵਾਲੀਆਂ ਕਪਾਹ, ਨਰਮਾ ਅਤੇ ਦਾਲਾਂ ਵਰਗੀਆਂ ਫਸਲਾਂ ਦੀ ਸਰਕਾਰੀ ਖਰੀਦ MSP ’ਤੇ ਨਹੀਂ ਹੁੰਦੀ, ਜਿਸ ਕਾਰਨ ਵਪਾਰੀ ਵਰਗ ਕਿਸਾਨਾਂ ਦੀ ਖੁੱਲ੍ਹੀ ਲੁੱਟ ਕਰਦਾ ਹੈ। ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸੂਬਾ ਪ੍ਰਧਾਨ ਨੇ ਕੇਂਦਰ ਸਰਕਾਰ ਵੱਲੋਂ ਝੋਨੇ ਅਤੇ ਹੋਰ 12 ਤੋਂ 13 ਫਸਲਾਂ ਲਈ ਐਲਾਨੇ MSP ਵਾਧੇ ਨੂੰ ਪੂਰੀ ਤਰ੍ਹਾਂ ਰੱਦ ਕਰਨ ਦੀ ਗੱਲ ਕਹੀ। ਉਨ੍ਹਾਂ ਮੰਗ ਕੀਤੀ ਕਿ ਝੋਨੇ ਦੀ MSP ਵਿੱਚ ਘੱਟੋ-ਘੱਟ 1000 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਜਾਵੇ। ਲੱਖੋਵਾਲ ਨੇ ਇਹ ਵੀ ਮੰਗ ਕੀਤੀ ਕਿ ਜਿਨ੍ਹਾਂ ਫਸਲਾਂ ਲਈ ਸਰਕਾਰ MSP ਦਾ ਐਲਾਨ ਕਰਦੀ ਹੈ, ਉਨ੍ਹਾਂ ਦੀ ਖਰੀਦ ਨੂੰ ਯਕੀਨੀ ਬਣਾਉਣ ਲਈ ਸਰਕਾਰੀ ਖਰੀਦ ਏਜੰਸੀਆਂ ਨੂੰ ਸਖ਼ਤ ਹੁਕਮ ਜਾਰੀ ਕੀਤੇ ਜਾਣ। ਉਨ੍ਹਾਂ ਕਿਹਾ ਕਿ ਜੇਕਰ ਕਿਸਾਨਾਂ ਨੂੰ ਉਨ੍ਹਾਂ ਦੀ ਫਸਲ ਦਾ ਸਹੀ ਮੁੱਲ ਮਿਲੇ ਤਾਂ ਉਹ ਆਰਥਿਕ ਤੌਰ ’ਤੇ ਮਜ਼ਬੂਤ ਹੋ ਸਕਦੇ ਹਨ ਅਤੇ ਆਪਣੇ ਪਰਿਵਾਰਾਂ ਨੂੰ ਬਿਹਤਰ ਜੀਵਨ ਦੇ ਸਕਦੇ ਹਨ।

Posted By: Daily Suraj Bureau

Latest News